ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ

12:42 PM Dec 31, 2022 IST

ਬੀਤੇ ਸਾਲ ਭਾਰਤ ਭਰ ਵਿਚ ਸੜਕ ਹਾਦਸਿਆਂ ‘ਚ ਮਾਰੇ ਗਏ ਹਰ 10 ਕਾਰ ਸਵਾਰਾਂ ਵਿਚੋਂ ਘੱਟੋ-ਘੱਟ 8 ਨੇ ਸੀਟ ਬੈਲਟਾਂ ਨਹੀਂ ਸੀ ਲਾਈਆਂ ਹੋਈਆਂ। ਸੜਕ ਹਾਦਸਿਆਂ ਦੌਰਾਨ ਜਿਹੜੇ ਦੋਪਹੀਆ ਵਾਹਨ ਸਵਾਰਾਂ ਦੀਆਂ ਮੌਤਾਂ ਹੋਈਆਂ ਉਨ੍ਹਾਂ ਵਿਚੋਂ ਹਰੇਕ ਤਿੰਨ ‘ਚੋਂ ਦੋ ਨੇ ਹੈਲਮਟ ਨਹੀਂ ਪਹਿਨੇ ਹੋਏ ਸਨ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੀ ਰਿਪੋਰਟ ਸੀਟ ਬੈਲਟਾਂ ਤੇ ਹੈਲਮਟਾਂ ਨੂੰ ਇਨਸਾਨੀ ਜਾਨਾਂ ਦੇ ਰਾਖੇ ਕਰਾਰ ਦਿੰਦੀ ਹੈ। ਵਿਸ਼ਵ ਸਿਹਤ ਸੰਸਥਾ (World Health Organisation-ਡਬਲਿਊਐੱਚਓ) ਮੁਤਾਬਿਕ ਸੀਟ ਬੈਲਟਾਂ ਨਾਲ ਸੜਕ ਹਾਦਸਿਆਂ ਦੀ ਸੂਰਤ ਵਿਚ ਗੰਭੀਰ ਸੱਟਾਂ ਤੇ ਮੌਤਾਂ ਦਾ ਖ਼ਦਸ਼ਾ ਅੱਧਾ ਘਟਾਇਆ ਜਾ ਸਕਦਾ ਹੈ; ਸਹੀ ਢੰਗ ਨਾਲ ਬੰਨ੍ਹੇ ਹੋਏ ਤੇ ਪੂਰੇ ਚਿਹਰੇ ਨੂੰ ਢਕਣ ਵਾਲੇ ਹੈਲਮਟਾਂ ਰਾਹੀਂ ਹਾਦਸਿਆਂ ਵਿਚ ਜਾਨਲੇਵਾ ਸੱਟਾਂ ਨੂੰ 64 ਫ਼ੀਸਦੀ ਤੱਕ ਤੇ ਸਿਰ ਦੀਆਂ ਸੱਟਾਂ ਨੂੰ 74 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ। ਇਹ ਅਜਿਹੇ ਅੰਕੜੇ ਨਹੀਂ ਜਿਹੜੇ ਅਚਾਨਕ ਉੱਭਰ ਆਏ ਹਨ; ਇਹ ਪਿਛਲੇ ਕਈ ਸਾਲਾਂ ਦੀ ਖੋਜ ਤੇ ਸਰਵੇਖਣਾਂ ਵਿਚੋਂ ਮਿਲੇ ਹਨ ਅਤੇ ਬੀਤੇ ਕਈ ਸਾਲਾਂ ਦੌਰਾਨ ਵੱਡੇ ਪੱਧਰ ‘ਤੇ ਪ੍ਰਚਾਰੇ ਤੇ ਪ੍ਰਸਾਰੇ ਗਏ ਹਨ ਪਰ ਇਸ ਦੇ ਬਾਵਜੂਦ ਸੀਟ ਬੈਲਟਾਂ ਤੇ ਹੈਲਮਟ ਪਹਿਨਣ ਪ੍ਰਤੀ ਬੇਮੁਖੀ ਤੇ ਝਿਜਕ ਹੈਰਾਨ ਕਰਨ ਵਾਲੀ ਹੈ। ਸਨਅਤਕਾਰ ਸਾਈਰਸ ਮਿਸਤਰੀ ਦੀ ਹੋਈ ਮੌਤ ਤੋਂ ਬਾਅਦ ਕਈ ਸੂਬਿਆਂ ਨੇ ਕਾਰ ਦੀ ਪਿਛਲੇ ਸੀਟ ਦੇ ਸਵਾਰਾਂ ਨੂੰ ਵੀ ਸੀਟ ਬੈਲਟਾਂ ਨਾ ਲਾਉਣ ‘ਤੇ ਜੁਰਮਾਨੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਾਰ ਨਿਰਮਾਤਾਵਾਂ ਵੱਲੋਂ ਸਾਰੀਆਂ ਸੀਟਾਂ ਦੇ ਸਵਾਰਾਂ ਲਈ ਬੈਲਟ ਅਲਾਰਮ ਲਾਏ ਜਾਣੇ ਚਾਹੀਦੇ ਹਨ।

Advertisement

ਭਾਰਤ ਨੇ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਪੰਜ ਸਾਲਾਂ ਵਿਚ ਅੱਧੀ ਘਟਾਉਣ ਦੇ ਟੀਚੇ ਨਾਲ 2015 ਵਿਚ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਜ਼ੀਲੀਆ ਵਿਚ ਸੜਕਾਂ ‘ਤੇ ਸੁਰੱਖਿਆ ਬਾਰੇ ਹੋਏ ‘ਬ੍ਰਜ਼ੀਲੀਆ ਐਲਾਨਨਾਮੇ’ ਉੱਤੇ ਸਹੀ ਪਾਈ ਸੀ। ਇਸ ਦੇ ਬਾਵਜੂਦ 2019 ਤੱਕ ਇਹ ਗਿਣਤੀ 3 ਫ਼ੀਸਦੀ ਵਧ ਗਈ। ਮੁਲਕ ਭਰ ਵਿਚ 2021 ਦੌਰਾਨ 4.12 ਲੱਖ ਸੜਕ ਹਾਦਸੇ ਦਰਜ ਹੋਏ ਜਿਨ੍ਹਾਂ ਵਿਚ 1.53 ਲੱਖ ਜਾਨਾਂ ਜਾਂਦੀਆਂ ਰਹੀਆਂ ਜੋ ਬਹੁਤ ਚਿੰਤਤ ਕਰਨ ਵਾਲਾ ਅੰਕੜਾ ਹੈ। 2019 ਦੇ ਮੁਕਾਬਲੇ ਹਾਦਸਿਆਂ ਦੀ ਗਿਣਤੀ 8.1 ਫ਼ੀਸਦੀ ਤੇ ਜ਼ਖ਼ਮੀਆਂ ਦੀ ਗਿਣਤੀ 14.8 ਫ਼ੀਸਦੀ ਘਟ ਗਈ ਪਰ ਮੌਤਾਂ ਦੀ ਦਰ ਵਿਚ 1.9 ਫ਼ੀਸਦੀ ਵਾਧਾ ਹੋਇਆ। ਕਰੋਨਾ ਦੀ ਆਲਮੀ ਮਹਾਮਾਰੀ ਦੌਰਾਨ ਲੱਗੀਆਂ ਬੰਦਿਸ਼ਾਂ ਦੇ ਸਿੱਟੇ ਵਜੋਂ 2020 ਦੌਰਾਨ ਸੜਕ ਹਾਦਸਿਆਂ, ਜ਼ਖ਼ਮੀਆਂ ਤੇ ਮੌਤਾਂ ਦੀ ਦਰ ਵਿਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ। ਪੰਜਾਬ ਪੁਲੀਸ ਦੁਆਰਾ ਜਾਰੀ ਕੀ਼ਤੀ ਗਈ ਰਿਪੋਰਟ ‘ਪੰਜਾਬ ਸੜਕ ਹਾਦਸੇ ਅਤੇ ਟਰੈਫ਼ਿਕ-2021’ ਅਨੁਸਾਰ 2021 ਵਿਚ ਪੰਜਾਬ ਵਿਚ 4589 ਵਿਅਕਤੀਆਂ ਭਾਵ ਰੋਜ਼ਾਨਾ 13 ਵਿਅਕਤੀਆਂ ਦੀ ਮੌਤ ਹੋਈ। ਉਨ੍ਹਾਂ ਵਿਚੋਂ 70 ਫ਼ੀਸਦੀ 18-45 ਵਰ੍ਹਿਆਂ ਦੇ ਸਨ। ਲਗਭਗ 21 ਫ਼ੀਸਦੀ ਹਾਦਸੇ ਸ਼ਾਮ ਦੇ 6 ਵਜੇ ਤੋਂ 9 ਵਜੇ ਦੇ ਵਿਚਕਾਰ ਹੋਏ। ਇਸ ਤਰ੍ਹਾਂ 2021 ਵਿਚ ਉਸ ਤੋਂ ਪਿਛਲੇ ਸਾਲ (2020) ਦੇ ਮੁਕਾਬਲੇ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ 17.7 ਫ਼ੀਸਦੀ ਦਾ ਵਾਧਾ ਹੋਇਆ।

ਬੀਤੇ ਸਾਲ ਪੈਦਲ ਚੱਲਣ ਵਾਲਿਆਂ ਦੀਆਂ ਹੋਈਆਂ 29124 ਮੌਤਾਂ ਦਾ ਅੰਕੜਾ ਵੀ ਓਨਾ ਹੀ ਗੰਭੀਰ ਹੈ; ਇਨ੍ਹਾਂ ਵਿਚੋਂ 9462 ਮੌਤਾਂ ਕੌਮੀ ਸ਼ਾਹ ਰਾਹਾਂ ਉੱਤੇ ਹੋਈਆਂ। ਸਾਈਕਲ ਸਵਾਰਾਂ ਦੀਆਂ 4702 ਮੌਤਾਂ ਵਿਚੋਂ ਵੀ 1667 ਕੌਮੀ ਸ਼ਾਹਰਾਹਾਂ ਉੱਤੇ ਹੋਈਆਂ। ਸ਼ਹਿਰਾਂ ਨੂੰ ਇਸ ਸਬੰਧ ਵਿਚ ਲੋਕ-ਕੇਂਦਰਿਤ ਹੱਲਾਂ ਜਿਵੇਂ ਫੁੱਟਪਾਥਾਂ, ਪੈਦਲ ਲਾਂਘਿਆਂ ਤੇ ਸਾਈਕਲ ਟਰੈਕਾਂ ਦੀ ਉਸਾਰੀ ਉੱਤੇ ਫੰਡ ਖ਼ਰਚਣੇ ਚਾਹੀਦੇ ਹਨ। ਪੈਦਲ ਚੱਲ ਕੇ ਸੜਕ ਪਾਰ ਕਰਨ ਵਾਲੇ ਪੁਲ ਵਿਹਾਰਕ ਇੰਜਨੀਅਰਿੰਗ ਅਨੁਸਾਰ ਉਸਾਰੇ ਜਾਣੇ ਚਾਹੀਦੇ ਹਨ, ਨਾ ਕਿ ਦੋ-ਦੋ ਮੰਜ਼ਲਾ ਉੱਚੇ ਜਿਨ੍ਹਾਂ ਨੂੰ ਵਰਤਣ ਤੋਂ ਬਹੁਤੇ ਲੋਕ ਗੁਰੇਜ਼ ਕਰਦੇ ਹਨ। ਸੜਕ ਹਾਦਸਿਆਂ ‘ਚ ਹੋ ਰਹੀਆਂ ਮੌਤਾਂ ਨੂੰ ਘਟਾਉਣ ਲਈ ਨਾ ਸਿਰਫ਼ ਕਾਰਾਂ ਚਲਾਉਣ ਵਾਲਿਆਂ ਨੂੰ ਸਗੋਂ ਕਾਰ ਵਿਚ ਬੈਠੇ ਸਾਰੇ ਯਾਤਰੀਆਂ ਨੂੰ ਸੀਟ ਬੈਲਟਾਂ ਪਹਿਨਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਮੋਟਰ ਸਾਈਕਲਾਂ ਤੇ ਸਕੂਟਰਾਂ ‘ਤੇ ਸਫ਼ਰ ਕਰਦੇ ਸਮੇਂ ਹੈਲਮਟ ਪਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਨਾਲ ਸਰਕਾਰਾਂ ਨੂੰ ਸੜਕਾਂ ਦੀ ਬਣਤਰ ਤੇ ਰੱਖ-ਰਖਾਓ, ਜ਼ਰੂਰੀ ਸੂਚਨਾਵਾਂ ਦੇਣ ਦੇ ਪ੍ਰਬੰਧਾਂ ਅਤੇ ਸ਼ਾਹਰਾਹਾਂ ‘ਤੇ ਐਂਬੂਲੈਂਸਾਂ ਮੁਹੱਈਆ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।

Advertisement

Advertisement
Advertisement