Recovery of cash: ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਜਸਟਿਸ ਯਸ਼ਵੰਤ ਵਰਮਾ ਨੂੰ ਅਲਾਹਾਬਾਦ ਹਾਈ ਕੋਰਟ ਤਬਦੀਲ ਕਰਨ ਦੀ ਸਿਫਾਰਸ਼
ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਨੂੰ ਦਿੱਲੀ ਹਾਈ ਕੋਰਟ ਤੋਂ ਅਲਾਹਾਬਾਦ ਹਾਈ ਕੋਰਟ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਹੈ। ਕੌਲਿਜੀਅਮ ਨੇ ਤਬਾਦਲੇ ਦੀ ਸਿਫਾਰਸ਼ ਸਬੰਧੀ ਮਤਾ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤਾ ਹੈ। ਕਾਬਿਲੇਗੌਰ ਹੈ ਕਿ ਜਸਟਿਸ ਯਸ਼ਵੰਤ ਵਰਮਾ ਦਿੱਲੀ ਵਿਚਲੀ ਆਪਣੀ ਰਿਹਾਇਸ਼ ਤੋਂ ਮਿਲੀ ਨਗ਼ਦੀ ਮਾਮਲੇ ਵਿਚ ਅੰਦਰੂਨੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਤੇ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਪਿਛਲੇ ਦਿਨੀਂ ਉਨ੍ਹਾਂ ਤੋਂ ਨਿਆਂਇਕ ਕੰਮ ਵੀ ਵਾਪਸ ਲੈ ਲਿਆ ਗਿਆ ਸੀ। ਮਤੇ ਵਿਚ ਕਿਹਾ ਗਿਆ, ‘‘ਸੁਪਰੀਮ ਕੋਰਟ ਨੇ 20 ਤੇ 24 ਮਾਰਚ 2025 ਨੂੰ ਕੀਤੀਆਂ ਆਪਣੀਆਂ ਬੈਠਕਾਂ ਵਿਚ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਨੂੰ ਵਾਪਸ ਅਲਾਹਾਬਾਦ ਹਾਈ ਕੋਰਟ ਭੇਜਣ ਦੀ ਸਿਫਾਰਸ਼ ਕੀਤੀ ਹੈ।’’
ਕਾਬਿਲੇਗੌਰ ਹੈ ਕਿ ਵਰਮਾ ਦੀ ਲੁਟਿਅਨਜ਼ ਦਿੱਲੀ ਵਿਚਲੀ ਰਿਹਾਇਸ਼ ’ਤੇ 14 ਮਾਰਚ ਨੂੰ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਅੱਗ ਲੱਗ ਗਈ ਸੀ। ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਅਮਲੇ ਨੂੰ ਅੱਗ ਬੁਝਾਉਣ ਮੌਕੇ ਉਥੋਂ 500 ਰੁਪਏ ਦੀ ਕਰੰਸੀ ਵਾਲੇ ਨੋਟਾਂ ਦੇ ਸੜੇ ਹੋਏ ਬੰਡਲ ਮਿਲੇ ਸਨ। ਇਸ ਮਗਰੋਂ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਅੰਦਰੂਨੀ ਕਮੇਟੀ ਬਣਾਉਂਦਿਆਂ ਜਸਟਿਸ ਵਰਮਾ ਤੋਂ ਨਿਆਂਇਕ ਕੰਮ ਵਾਪਸ ਲੈਣ ਦੇ ਹੁਕਮ ਦਿੱਤੇ ਸਨ।
ਸੁਪਰੀਮ ਕੋਰਟ ਨੇ 22 ਮਾਰਚ ਨੂੰ ਇਕ ਅਸਾਧਾਰਨ ਪੇਸ਼ਕਦਮੀ ਤਹਿਤ ਅੰਦਰੂਨੀ ਕਮੇਟੀ ਦੀ ਜਾਂਚ ਰਿਪੋਰਟ, ਜਿਸ ਵਿਚ ਤਸਵੀਰਾਂ ਤੇ ਵੀਡੀਓਜ਼ ਵੀ ਸ਼ਾਮਲ ਸਨ, ਆਪਣੇ ਵੈੱਬਸਾਈਟ ’ਤੇ ਅਪਲੋਡ ਕੀਤੀ ਸੀ। ਰਿਪੋਰਟ ਵਿਚ ਜਸਟਿਸ ਵਰਮਾ ਦੇ ਘਰ ਦੇ ਸਟੋਰ ਰੂਮ ਵਿਚੋਂ ਬਰਾਮਦ ਨਗ਼ਦੀ ਦੀਆਂ ਤਸਵੀਰਾਂ ਤੇ ਵੀਡੀਓਜ਼ ਹਨ। ਜਸਟਿਸ ਵਰਮਾ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਟੋਰਰੂਮ ਵਿਚੋਂ ਮਿਲੀ ਨਗ਼ਦੀ ਨਾ ਉਨ੍ਹਾਂ ਤੇ ਨਾ ਹੀ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਉਥੇ ਰੱਖੀ ਹੈ। ਜਸਟਿਸ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।
ਅਲਾਹਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਮੰਗਲਵਾਰ ਤੋਂ ਅਣਮਿੱਥੀ ਹੜਤਾਲ ’ਤੇ ਜਾਣ ਦਾ ਐਲਾਨ
ਲਖਨਊ/ਪ੍ਰਯਾਗਰਾਜ: ਅਲਾਹਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਜਸਟਿਸ ਯਸ਼ਵੰਤ ਵਰਮਾ ਦੇ ਅਲਾਹਾਬਾਦ ਹਾਈ ਕੋਰਟ ਵਿਚ ਤਜਵੀਜ਼ਤ ਤਬਾਦਲੇ ਖਿਲਾਫ਼ 25 ਮਾਰਚ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਤਿਵਾੜੀ ਨੇ ਕਿਹਾ, ‘‘ਜਸਟਿਸ ਯਸ਼ਵੰਤ ਵਰਮਾ ਦੇ ਅਲਾਹਬਾਦ ਹਾਈ ਕੋਰਟ ਵਿਚ ਤਬਾਦਲੇ ਮਗਰੋਂ ਹਾਈ ਕੋਰਟ ਬਾਰ ਐਸੋਸੀਏਸ਼ਨ, ਅਲਾਹਾਬਾਦ ਦੇ ਵਕੀਲ ਮੰਗਲਵਾਰ ਤੋਂ ਅਣਮਿੱਥੀ ਹੜਤਾਲ ’ਤੇ ਜਾਣਗੇ।’’ ਤਿਵਾੜੀ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਲਖਨਊ ਵਿਚ ਬਾਰ ਐਸੋਸੀਏਸ਼ਨਾਂ ਨੂੰ ਇਕ ਅਪੀਲ ਭੇਜ ਰਹੇ ਹਨ। -ਪੀਟੀਆਈ