ਪੰਜਾਬ ਰਤਨ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ 93ਵਾਂ ਜਨਮ ਦਿਨ ਮਨਾਇਆ
ਪਰਸ਼ੋਤਮ ਬੱਲੀ
ਬਰਨਾਲਾ, 10 ਅਪਰੈਲ
ਪੰਜਾਬੀ ਸਾਹਿਤ ਰਤਨ ਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ 93ਵਾਂ ਜਨਮ ਦਿਨ ਸਮੂਹ ਸਾਹਿਤਕ ਸ਼ਖ਼ਸੀਅਤਾਂ ਤੇ ਪਰਿਵਾਰਕ ਮੈਂਬਰਾਂ ਉਨ੍ਹਾਂ ਦੇ ਸਥਾਨਕ 'ਗਾਸੋ ਨਿਵਾਸ' ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ਤੇ ਉਨ੍ਹਾਂ ਦੀ ਸਿਹਤਮੰਦੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ।
ਸਮਾਗਮ ਦੇ ਆਰੰਭ ਮੌਕੇ ਸ਼੍ਰੀ ਗਾਸੋ ਦੇ ਹਰਿਆਣਾ ਸਰਕਾਰ ਵੱਲੋਂ ਰਾਜ ਪੱਧਰੀ ਪੁਰਸਕਾਰ ਤੇ ਸਨਮਾਨ ਹਾਸਲ ਬੇਟੇ ਡਾ. ਸੁਦਰਸ਼ਨ ਗਾਸੋ ਨੇ ਜੀਵਨ ਸੰਘਰਸ਼, ਵਿਭਿੰਨ ਪਹਿਲੂਆਂ ਤੇ ਪ੍ਰਾਪਤੀਆਂ ਬਾਰੇ ਬਾਖੂਬੀ ਚਾਨਣਾ ਪਾਇਆ। ਸਾਹਿਤਕ ਬੁਲਾਰਿਆਂ ਨੇ ਗਾਸੋ ਦੀ ਸਮੁੱਚੀ ਸਿਰਜਣਾ 'ਚ ਅਨੇਕਾਂ ਸੂਰਜਾਂ ਦਾ ਜਲੌਅ ਵਿਦਮਾਨ ਦੱਸਿਆ।
ਕਹਾਣੀਕਾਰ ਪਵਨ ਪਰਿੰਦਾ, ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ, ਭੋਲਾ ਸਿੰਘ ਸੰਘੇੜਾ ਅਤੇ ਕਵੀ ਤਰਸੇਮ ਨੇ ਉਨ੍ਹਾਂ ਨੂੰ ਅਮੁੱਕ ਪ੍ਰੇਰਨਾ ਸਰੋਤ ਕਿਹਾ ਅਤੇ ਉਨ੍ਹਾਂ ਦੀ ਸਿਹਤਮੰਦ ਲੰਮੀ ਉਮਰ ਦੀ ਕਾਮਨਾ ਕੀਤੀ। ਇਨ੍ਹਾਂ ਤੋਂ ਇਲਾਵਾ ਕਮਲ ਸ਼ਰਮਾ, ਮਾ. ਕ੍ਰਾਂਤੀ ਸਰੂਪ , ਐਡਵੋਕੇਟ ਸੋਮ ਦੱਤ ਸ਼ਰਮਾ, ਸੰਗੀਤ ਸ਼ਰਮਾ, ਮਾਲਵਿੰਦਰ ਸ਼ਾਇਰ, ਰਮੇਸ਼ ਗਾਸੋ, ਸੁਮਨ ਗਾਸੋ, ਸ਼ਸ਼ੀ ਗਾਸੋ, ਚੰਚਲ ਕੌਸ਼ਲ , ਗਮਦੂਰ ਰੰਗੀਲਾ, ਸੰਤੋਸ਼ ਵਸ਼ਿਸ਼ਟ, ਹਰਭਗਵਾਨ ਸ਼ਰਮਾ, ਮਨਜੀਤ ਸਾਗਰ, ਬਲਜੀਤ ਸਿੰਘ ਮੌਜੀਆ, ਹਾਕਮ ਸਿੰਘ ਰੂੜੇਕੇ, ਰਾਜਵਿੰਦਰ ਸਿੰਘ ਮੱਲ੍ਹੀ, ਮੱਖਣ ਸਿੰਘ ਧਨੇਰ, ਸੁਦਰਸ਼ਨ ਗੁੱਡੂ, ਬ੍ਰਿਜ ਲਾਲ ਧਨੌਲਾ ਤੇ ਹੇਮ ਰਾਜ ਸ਼ਰਮਾ ਆਦਿ ਨੇ ਵੀ ਵਿਚਾਰ ਰੱਖੇ। ਡਾ.ਸੰਪੂਰਨ ਸਿੰਘ ਟੱਲੇਵਾਲੀਆ ਨੇ ਕਵੀਸ਼ਰੀ ਨਾਲ ਰੰਗ ਬੰਨ੍ਹਿਆ।
ਇਸ ਮੌਕੇ ਓਮ ਪ੍ਰਕਾਸ਼ ਗਾਸੋ ਦੀਆਂ ਦੋ ਨਵੀਆਂ ਪੁਸਤਕਾਂ 'ਇਹ ਇੱਕ ਆਵਾਜ਼ ਹੈ' ਤੇ 'ਪਿੰਗਲਵਾੜਾ ਅਮ੍ਰਿਤਸਰ ਦਾ ਅਦੁੱਤੀ ਯੋਗਦਾਨ' ਲੋਕ ਅਰਪਣ ਕੀਤੀਆਂ ਗਈਆਂ। ਬਾਪੂ ਗਾਸੋ ਨੇ ਉਨ੍ਹਾਂ ਦੇ ਜਨਮ ਦਿਨ ਨੂੰ ਇਕ ਉਤਸਵ ਤਰ੍ਹਾਂ ਮਨਾਉਣ ਤੇ ਲਈ ਸਨੇਹੀਆਂ ਤੇ ਸਾਹਿਤਕ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਡਾ.ਸੁਦਰਸ਼ਨ, ਤਰਸੇਮ ਤੇ ਭੋਲਾ ਸੰਘੇੜਾ ਨੇ ਮੰਚ ਸੰਚਾਲਨ ਸਾਂਝੇ ਤੌਰ 'ਤੇ ਕੀਤਾ।