Punjab News: ਮੋਗਾ ਪੁਲੀਸ ਵੱਲੋਂ 1,200 ਲੀਟਰ ਲਾਹਣ ਸਮੇਤ 3 ਗ੍ਰਿਫ਼ਤਾਰ
ਬਲਵੰਤ ਗਰਗ
ਮੋਗਾ, 15 ਮਈ
ਅੰਮ੍ਰਿਤਸਰ ਵਿਚ ਵਾਪਰੇ ਹੂਚ ਦੁਖਾਂਤ ਦੇ ਮੱਦੇਨਜ਼ਰ ਮੋਗਾ ਪੁਲੀਸ ਨੇ ਨਾਜਾਇਜ਼ ਸ਼ਰਾਬ ਕੱਢਣ ਅਤੇ ਵਿਕਰੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਕ ਸਫਲ ਛਾਪੇਮਾਰੀ ਕਰਦਿਆਂ ਪੁਲੀਸ ਅਧਿਕਾਰੀਆਂ ਨੇ 1,200 ਲੀਟਰ ਲਾਹਣ ਜ਼ਬਤ ਕੀਤਾ ਹੈ। ਇਹ ਕਾਰਵਾਈ ਫਤਿਹਗੜ੍ਹ ਪੰਜਤੂਰ ਪੁਲੀਸ ਸਟੇਸ਼ਨ ਦੀ ਇਕ ਟੀਮ ਵੱਲੋਂ ਇੱਕ ਮੁਖਬਰ ਦੀ ਸੂਚਨਾ ਤੋਂ ਬਾਅਦ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਕੰਢੇ ਨੇੜੇ ਪਿੰਡ ਸੰਘਿਆ ਅਤੇ ਬੋਘੇਵਾਲਾ ਦੇ ਕਈ ਵਿਅਕਤੀ ਨਾਜਾਇਜ਼ ਸ਼ਰਾਬ ਕੱਢਣ ਅਤੇ ਵਿਕਰੀ ਵਿੱਚ ਸ਼ਾਮਲ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਦਰਿਆ ਦੇ ਕੰਢੇ ਛੁਪਾਏ ਗਏ ਕਈ ਪਲਾਸਟਿਕ ਡਰੰਮ ਲੱਭੇ ਜਿਨ੍ਹਾਂ ਵਿਚ ਲਗਭਗ 1,200 ਲੀਟਰ ਲਾਹਣ ਸੀ। ਇਸ ਮੌਕੇ ਤਿੰਨ ਵਿਅਕਤੀਆਂ ਸੁਖਵਿੰਦਰ ਸਿੰਘ ਉਰਫ਼ ਬਿੱਲੂ, ਗੁਰਦਿਆਲ ਸਿੰਘ ਅਤੇ ਗੁਲਾਬ ਸਿੰਘ ਗ੍ਰਿਫ਼ਤਾਰ ਕਰਦਿਆਂ ਆਬਕਾਰੀ ਐਕਟ ਬੀਐੱਨਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਪੁਲੀਸ ਨੇ ਦਾਅਵਾ ਕੀਤਾ ਕਿ ਸ਼ੱਕੀ ਟਿਕਾਣਿਆਂ ’ਤੇ ਛਾਪਮਾਰੀ ਕੀਤੀ ਜਾ ਰਹੀ ਹੈ।