Punjab News: ਸ਼ੱਕੀ ਹਾਲਾਤ ’ਚ ਔਰਤ ਦੀ ਮੌਤ ਨੂੰ ਪੇਕਿਆਂ ਨੇ ਹੱਤਿਆ ਕਰਾਰ ਦਿੱਤਾ
ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਕੀਤੀ ਸਹੁਰਾ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ
ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਅਪਰੈਲ
ਸ਼ਹਿਰ ਵਿਚ 2 ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਇਸ ਨੂੰ ਹੱਤਿਆ ਕਰਾਰ ਦਿੱਤਾ ਅਤੇ ਇਨਸਾਫ਼ ਲਈ ਰਿਸ਼ਤੇਦਾਰਾਂ ਸਮੇਤ ਡੀਐਸਪੀ ਦਫ਼ਤਰ ਪੁੱਜੇ। ਪਰਿਵਾਰਕ ਮੈਬਰਾਂ ਨੇ ‘ਪ੍ਰੀਤੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰੋ’ ਲਿਖੇ ਬੈਨਰ ਫੜੇ ਹੋਏ ਸਨ।
ਮ੍ਰਿਤਕਾ ਦੇ ਭਰਾ ਗੁਰਪ੍ਰੀਤ ਸਿੰਘ ਨੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੂੰ ਦੱਸਿਆ ਕਿ ਉਸਦੀ ਵੱਡੀ ਭੈਣ ਪ੍ਰੀਤੀ ਦਾ ਵਿਆਹ ਲਗਭਗ 10 ਸਾਲ ਪਹਿਲਾਂ ਖੰਨਾ ਦੇ ਗੁਰੂ ਨਾਨਕ ਮੁਹੱਲਾ ਦੇ ਵਾਸੀ ਹੀਰਾ ਸਿੰਘ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਵੀ ਹਨ। ਉਸਦੇ ਜੀਜਾ ਹੀਰਾ ਸਿੰਘ ਦੀ ਕਰੀਬ 2 ਮਹੀਨੇ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਉਸਦੀ ਭੈਣ ਸਹੁਰੇ ਪਰਿਵਾਰ ਨਾਲ ਰਹਿੰਦੀ ਸੀ।
ਉਨ੍ਹਾਂ ਕਿਹਾ ਕਿ 16 ਅਪਰੈਲ ਨੂੰ ਪ੍ਰੀਤੀ ਦੇ ਸਹੁਰੇ ਭੁਪਿੰਦਰ ਸਿੰਘ ਦਾ ਫੋਨ ਆਇਆ ਕਿ ਉਸ ਦੀ ਭੈਣ ਦੀ ਮੌਤ ਹੋ ਗਈ ਹੈ। ਸਹੁਰੇ ਪਰਿਵਾਰ ਨੇ ਅੰਤਿਮ ਸੰਸਕਾਰ ਤੋਂ ਪਹਿਲਾਂ ਨਹਾਉਣ ਦੀ ਰਸਮ ਮੌਕੇ ਪਰਿਵਾਰਕ ਮੈਬਰਾਂ ਨੂੰ ਨੇੜੇ ਆਉਣ ਤੋਂ ਰੋਕਿਆ। ਜਦੋਂ ਉਨ੍ਹਾਂ ਪ੍ਰੀਤੀ ਦੀ ਗਰਦਨ ’ਤੇ ਨਿਸ਼ਾਨ ਦੇਖੇ ਤਾਂ ਉੱਥੇ ਹੰਗਾਮਾ ਹੋ ਗਿਆ ਜਿਸ ’ਤੇ ਪ੍ਰੀਤੀ ਦਾ ਸਹੁਰਾ ਪਰਿਵਾਰ ਭੱਜ ਗਿਆ।
ਬਾਅਦ ਵਿਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੇ ਗਲ ਫ਼ਾਹਾ ਲੈ ਕੇ ਆਤਮ ਹੱਤਿਆ ਕੀਤੀ ਸੀ। ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਉਸਦੀ ਭੈਣ ਦੀ ਹੱਤਿਆ ਕਰਕੇ ਉਸ ਨੂੰ ਆਤਮ ਹੱਤਿਆ ਦਾ ਨਾਂਅ ਦਿੱਤਾ ਗਿਆ ਹੈ।
ਪੋਸਟਮਾਰਟਮ ਰਿਪੋਰਟ ਆਉਣ ਪਿੱਛੋਂ ਤੱਥਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ: ਡੀਐਸਪੀ
ਡੀਐਸਪੀ ਭਾਟੀ ਨੇ ਦੱਸਿਆ ਕਿ ਮੌਤ 16 ਅਪਰੈਲ ਨੂੰ ਹੋਈ ਸੀ ਤੇ ਇਸ ਮਾਮਲੇ ਵਿਚ ਪਰਿਵਾਰਕ ਮੈਬਰਾਂ ਦੇ ਬਿਆਨ ’ਤੇ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਸੀ ਜਿਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਹੁਣ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਜਿਸ ਸਬੰਧੀ ਅਗਲੀ ਕਾਰਵਾਈ ਪੋਸਟ ਮਾਰਟਮ ਰਿਪੋਰਟ ਆਉਣ ਉਪਰੰਤ ਤੱਥਾਂ ਮੁਤਾਬਕ ਕੀਤੀ ਜਾਵੇਗੀ।