Punjab News: ਬਠਿੰਡਾ ਛਾਉਣੀ ਵਿਚ ਸ਼ੱਕੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਦਰਜ਼ੀ ਗ੍ਰਿਫਤਾਰ
ਪੱਤਰ ਪ੍ਰੇਰਕ,
ਬਠਿੰਡਾ, 14 ਮਈ
Punjab News: ਬਠਿੰਡਾ ਛਾਉਣੀ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਇਕ ਦਰਜ਼ੀ ਸ਼ੱਕੀ ਹਾਲਾਤਾਂ ’ਚ ਪੁਲੀਸ ਦੇ ਹੱਥੇ ਚੜ੍ਹਿਆ ਹੈ। ਫੌਜ ਨੂੰ ਉਸ ਦੀਆਂ ਗਤੀਵਿਧੀਆਂ ’ਤੇ ਸ਼ੱਕ ਸੀ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦਰਜ਼ੀ ਦੀਆਂ ਗਤੀਵਿਧੀਆਂ ਦੇ ਚਲਦਿਆਂ ਆਰਮੀ ਨੇ ਪਹਿਲਾਂ ਇਸ ਨੂੰ ਆਪਣੀ ਹਿਰਾਸਤ ਵਿਚ ਲਿਆ ਸੀ ਅਤੇ ਬਾਅਦ ਵਿਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਉਤਰਾਖੰਡ ਦਾ ਰਹਿਣ ਵਾਲਾ ਹੈ ਅਤੇ ਛਾਉਣੀ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਥਾਣਾ ਕੈਂਟ ’ਚ ਪੁਲੀਸ ਨੇ ਮਾਮਲ ਦਰਜ ਕਰਦਿਆਂ ਉਸ (ਦਰਜ਼ੀ) ਦੇ ਮੋਬਾਇਲ ਫੋਨਾਂ ਨੂੰ ਕਬਜ਼ੇ ’ਚ ਲੈ ਲਿਆ ਹੈ। ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਐੱਸਪੀ ਨੇ ਕਿਹਾ ਕਿ ਜੇ ਮੋਬਾਇਲਾਂ ਤੋਂ ਮਿਲੀ ਜਾਣਕਾਰੀ ਸ਼ੱਕ ਪੱਕਾ ਕਰਦੀ ਹੈ ਤਾਂ ਹੋਰ ਗੰਭੀਰ ਧਾਰਾਵਾਂ ਲਗਾ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਯਾਦ ਰਹੇ ਕਿ ਇਸ ਤੋਂ ਦੋ ਹਫ਼ਤੇ ਪਹਿਲਾਂ ਬਠਿੰਡਾ ਕੈਂਟ ’ਚੋਂ ਇੱਕ ਮੋਚੀ ਨੂੰ ਵੀ ਜਾਸੂਸੀ ਦੇ ਸ਼ੱਕ ’ਚ ਗ੍ਰਿਫਤਾਰ ਕੀਤਾ ਗਿਆ ਸੀ।