Punjab news: ਪੰਜਾਬ ਸਰਕਾਰ ਨੇ Doorstep delivery service Fees 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ
ਆਤਿਸ਼ ਗੁਪਤਾ
ਚੰਡੀਗੜ੍ਹ, 5 ਅਪਰੈਲ
ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ਸ਼ੁਰੂ ਕੀਤੀ ਡੋਰਸਟੈੱਪ ਡਿਲੀਵਰੀ ਸਰਵਿਸ ਦੀ ਫ਼ੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੀ ਹੈ। ਇਹ ਐਲਾਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ 406 ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਨੂੰ ਲੋਕ ਹੈਲਪਲਾਈਨ ਨੰਬਰ 1076 ’ਤੇ ਫੋਨ ਕਰਕੇ ਘਰ ਬੈਠੇ ਬੁੱਕ ਕਰਵਾ ਸਕਦਾ ਹਨ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਲੋਕਾਂ ਨੂੰ ਸਰਪੰਚ, ਨੰਬਰਦਾਰ ਤੇ ਕੌਂਸਲਰਾਂ ਤੋਂ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਨਲਾਈਨ ਤਸਦੀਕ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਵਿੱਚ ਅਗਲੇ ਮਹੀਨੇ ਤੋਂ ਸਰਪੰਚ, ਨੰਬਰਦਾਰ ਤੇ ਕੌਂਸਲਰ ਆਨਲਾਈਨ ਹੀ ਲੋਕਾਂ ਦੇ ਦਸਤਾਵੇਜ਼ ਤਸਦੀਕ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਅਪਰੈਲ ਮਹੀਨੇ ਦੇ ਆਖਰ ਤੱਕ ਸਾਰੇ ਲਗਪਗ 43,000 ਸਰਪੰਚਾਂ, ਨੰਬਰਦਾਰਾਂ ਤੇ ਕੌਂਸਲਰਾਂ ਦੀਆਂ ਆਨਲਾਈਨ ਆਈਡੀਜ਼ ਤਿਆਰ ਕਰ ਦਿੱਤੀਆਂ ਜਾਣ ਤਾਂ ਜੋ ਸਰਪੰਚ, ਨੰਬਰਦਾਰ ਤੇ ਕੌਂਸਲਰ ਆਨਲਾਈਨ ਹੀ ਲੋਕਾਂ ਦੇ ਦਸਤਾਵੇਜ਼ ਤਸਦੀਕ ਕਰ ਸਕਣ। ਇਸ ਨਾਲ ਲੋਕਾਂ ਨੂੰ ਸਰਪੰਚ, ਨੰਬਰਦਾਰ ਤੇ ਕੌਂਸਲਰਾਂ ਦੇ ਪਿੱਛੇ ਭਟਕਣਾ ਨਹੀਂ ਪਵੇਗਾ।