Punjab News: ਡਰੋਨ ਹਮਲੇ ’ਚ ਮਰੀ ਔਰਤ ਦੇ ਪਰਿਵਾਰ ਵੱਲੋਂ ਮੁਆਵਜ਼ੇ ਲਈ ਧਰਨਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਮਈ
ਪਾਕਿਸਤਾਨੀ ਡਰੋਨ ਹਮਲੇ ਵਿੱਚ ਜ਼ਖ਼ਮੀ ਹੋਈ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਜਿਸ ਦੇ ਪਰਿਵਾਰ ਵੱਲੋਂ ਅੱਜ ਉਸ ਦੇ ਸਸਕਾਰ ਤੋਂ ਪਹਿਲਾਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿੰਡ ਦੇ ਬਾਹਰ ਮੁੱਖ ਮਾਰਗ ’ਤੇ ਧਰਨਾ ਲਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਨੇ ਮ੍ਰਿਤਕ ਸੁਖਵਿੰਦਰ ਕੌਰ ਦੇ ਅੰਤਿਮ ਸੰਸਕਾਰ ਦਾ ਸਮਾਂ ਸ਼ਾਮ ਸਾਢੇ ਚਾਰ ਵਜੇ ਨਿਰਧਾਰਤ ਕੀਤਾ ਸੀ। ਨਿਰਧਾਰਤ ਸਮੇਂ 'ਤੇ ਸਾਰੇ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਪਹੁੰਚ ਗਏ ਸਨ, ਪਰ ਇਸ ਦੌਰਾਨ ਅਚਾਨਕ ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਦੀ ਬਜਾਏ ਪਿੰਡ ਦੇ ਬਾਹਰ ਮੁੱਖ ਸੜਕ 'ਤੇ ਧਰਨਾ ਸ਼ੁਰੂ ਕਰ ਦਿੱਤਾ।
ਪਰਿਵਾਰਕ ਮੈਂਬਰ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਪਰ ਪਰਿਵਾਰ ਵਾਲੇ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ।