Punjab news ਬੀਐੱਸਐੱਫ ਵੱਲੋਂ ਸਰਹੱਦੀ ਪਿੰਡ ’ਚੋਂ ਤਿੰਨ ਕਿਲੋ ਤੋਂ ਵੱਧ ਹੈਰੋਇਨ, ਦੋ ਪਿਸਤੌਲ ਤੇ ਦੋ ਮੋਬਾਈਲ ਫੋਨ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਮਾਰਚ
Punjab news ਬੀਐੱਸਐੱਫ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚੋਂ ਨਸ਼ੀਲਾ ਪਦਾਰਥ ਹੈਰੋਇਨ ਅਤੇ ਪਿਸਤੌਲ ਬਰਾਮਦ ਕੀਤੇ ਹਨ। ਬੀਐੱਸਐੱਫ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐੱਸਐੱਫ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸਰਹੱਦ ਪਾਰੋਂ ਡਰੋਨ ਰਾਹੀਂ ਤਸਕਰੀ ਹੋਈ ਹੈ।
ਬੀਐੱਸਐੱਫ ਨੇ ਸ਼ੱਕੀ ਖੇਤਰ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਉਥੋਂ ਛੇ ਪੈਕੇਟ ਹੈਰੋਇਨ ਅਤੇ 30 ਬੋਰ ਦੇ ਦੋ ਪਿਸਤੌਲ, ਦੋ ਸਮਾਰਟ ਫੋਨ ਤੇ ਏਅਰ ਫੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਵੱਲੋਂ ਇਸ ਮਾਮਲੇ ਵਿੱਚ ਬੀਤੀ ਦੇਰ ਸ਼ਾਮ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਅੱਜ ਅੰਮ੍ਰਿਤਸਰ ਸਰਹੱਦੀ ਖੇਤਰ ਦੇ ਪਿੰਡ ਹਰਦੋ ਰਤਨ ਦੇ ਸਰਹੱਦ ਨਾਲ ਲੱਗਦੇ ਖੇਤਾਂ ’ਚੋਂ ਇਹ ਸਾਰਾ ਸਮਾਨ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਛੇ ਪੈਕੇਟਾਂ ਵਿੱਚ ਲਗਪਗ ਤਿੰਨ ਕਿਲੋ 319 ਗ੍ਰਾਮ ਹੈਰੋਇਨ ਹੈ। ਇਸ ਤੋਂ ਇਲਾਵਾ ਦੋ ਪਿਸਤੌਲ ਅਤੇ ਦੋ ਸਮਾਰਟਫੋਨ ਤੇ ਇੱਕ ਏਅਰਫੋਨ ਖੇਤਾਂ ਵਿੱਚੋਂ ਬਰਾਮਦ ਹੋਇਆ ਹੈ। ਇਹ ਸਾਰਾ ਕੁਝ ਇੱਕ ਵੱਡੇ ਪੈਕੇਟ ਵਿੱਚ ਬੰਦ ਸੀ, ਜਿਸ ਨੂੰ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ ਇਸ ਨਾਲ ਇਕ ਤਾਰ ਵੀ ਸੀ ਜਿਸ ਨਾਲ ਇਹ ਲਟਕਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਚੌਕਸ ਜਵਾਨਾਂ ਅਤੇ ਮਿਲੀ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੇ ਜਾਣ ਕਾਰਨ ਬੀਐੱਸਐੱਫ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਤਸਕਰੀ ਦੇ ਇਸ ਯਤਨ ਨੂੰ ਅਸਫਲ ਬਣਾ ਦਿੱਤਾ ਹੈ।