ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਥਾਣੇ ਅੱਗੇ ਪ੍ਰਦਰਸ਼ਨ ਤੋਂ ਪਹਿਲਾਂ ਜਥੇਬੰਦੀ ਦਾ ਨੇਤਾ ਸੇਵੇਵਾਲਾ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 19 ਅਗਸਤ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੂੰ ਅੱਜ ਪੁਲੀਸ ਨੇ ਇਥੋਂ ਦੀਆਂ ਜ਼ਿਲ੍ਹਾ ਕਚਿਹਰੀਆਂ ’ਚੋਂ ਬਾਹਰ ਨਿਕਲਦਿਆਂ ਗ੍ਰਿਫ਼ਤਾਰ ਕਰ ਲਿਆ। ਦੱਸਣ ਅਨੁਸਾਰ ਮਜ਼ਦੂਰ ਆਗੂ ਨੂੰ ਕਿਸੇ ਪੁਰਾਣੇ ਕੇਸ ਵਿਚ ਰੇਲਵੇ ਪੁਲੀਸ ਵੱਲੋਂ ਹਿਰਾਸਤ ’ਚ ਲਿਆ ਗਿਆ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਿਰਾਸਤ ਬਾਰੇ ਸ੍ਰੀ ਸੇਵੇਵਾਲਾ ਦੇ ਪਰਿਵਾਰ ਨੂੰ ਅਜੇ ਵੀ ਪੁਲੀਸ ਨੇ ਸੂਚਿਤ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਬਰ-ਜਨਾਹ ਪੀੜਤ ਨਾਬਾਲਗ ਲੜਕੀ ਨੂੰ ਇਨਸਾਫ਼ ਦੁਆਉਣ ਲਈ ਲੰਬੀ ਥਾਣੇ ਅੱਗੇ 20 ਅਗਸਤ ਨੂੰ ਜਥੇਬੰਦੀ ਵੱਲੋਂ ਧਰਨੇ ਦਾ ਪ੍ਰੋਗਰਾਮ ਹੈ। ਉਸੇ ਮਾਮਲੇ ’ਚ ਕਾਨੂੰਨੀ ਜਾਣਕਾਰੀ ਲੈਣ ਲਈ ਸ੍ਰੀ ਸੇਵੇਵਾਲਾ ਬਠਿੰਡਾ ਦੀਆਂ ਕਚਹਿਰੀਆਂ ’ਚ ਆਏ ਸਨ। ਉਨ੍ਹਾਂ ਫੌਰੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਕਿਸੇ ਝੂਠੇ ਕੇਸ ਵਿਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।
ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਭਰਾਤਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਬਿਆਨ ’ਚ ਇਸ ਗ੍ਰਿਫ਼ਤਾਰੀ ਨੂੰ ਸ਼ਾਂਤਮਈ ਘੋਲਾਂ ਨੂੰ ਕੁਚਲਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਸ੍ਰੀ ਸੇਵੇਵਾਲਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ।