ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਬਜਟ: ਕੋਈ ਨਵਾਂ ਟੈਕਸ ਨਹੀਂ, 10 ਲੱਖ ਤੱਕ ਮੁਫ਼ਤ ਸਿਹਤ ਬੀਮਾ

07:43 AM Mar 27, 2025 IST
featuredImage featuredImage
ਬਜਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। -ਫੋਟੋ: ਰਵੀ ਕੁਮਾਰ

ਚਰਨਜੀਤ ਭੁੱਲਰ
ਚੰਡੀਗੜ੍ਹ, 26 ਮਾਰਚ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ’ਚ ਅੱਜ ‘ਆਪ’ ਸਰਕਾਰ ਦਾ ਵਿੱਤੀ ਵਰ੍ਹੇ 2025-26 ਦਾ 2.36 ਲੱਖ ਕਰੋੜ ਰੁਪਏ ਦਾ ਚੌਥਾ ਬਜਟ ਪੇਸ਼ ਕੀਤਾ ਜਿਸ ’ਚ ਨਾ ਕੋਈ ਨਵਾਂ ਟੈਕਸ ਲਾਇਆ ਗਿਆ ਹੈ ਅਤੇ ਨਾ ਹੀ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦਾ ਮਾਣ ਭੱਤਾ ਦੇਣ ਦਾ ਕੋਈ ਐਲਾਨ ਕੀਤਾ ਗਿਆ ਹੈ। ਇਹ ਬਜਟ ਪਿਛਲੇ ਵਰ੍ਹੇ ਦੇ ਬਜਟ ਨਾਲੋਂ ਕਰੀਬ 15 ਫ਼ੀਸਦੀ ਜ਼ਿਆਦਾ ਹੈ। ਬੇਸ਼ੱਕ ਅਸੈਂਬਲੀ ਚੋਣਾਂ ’ਚ ਹਾਲੇ ਦੋ ਵਰ੍ਹੇ ਬਾਕੀ ਹਨ ਪ੍ਰੰਤੂ ਬਜਟ ’ਤੇ ਚੋਣਾਂ ਦਾ ਅਗਾਊਂ ਪਰਛਾਵਾਂ ਦੇਖਣ ਨੂੰ ਮਿਲਿਆ।

Advertisement

ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। -ਫੋਟੋ: ਰਵੀ ਕੁਮਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ’ਚ ਵਿੱਤ ਮੰਤਰੀ ਚੀਮਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਉਹ ‘ਵੱਸਦਾ ਪੰਜਾਬ’ ਤੇ ‘ਮਜ਼ਬੂਤ ਪੰਜਾਬ’ ਬਣਾਉਣ ਲਈ ਅੱਗੇ ਵਧ ਰਹੇ ਹਨ। ਬਜਟ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ਅਮਨ ਕਾਨੂੰਨ ਦੀ ਵਿਵਸਥਾ ’ਚ ਸੁਧਾਰ ਹਿੱਤ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ’ਤੇ ਕੇਂਦਰਿਤ ਹੈ। ਵਿੱਤ ਮੰਤਰੀ ਵੱਲੋਂ ਪੇਸ਼ ਬਜਟ ’ਚ ਸੰਜਮੀ ਝਲਕ ਮਿਲੀ ਹੈ ਅਤੇ ਕਿਸੇ ਵਰਗ ਨੂੰ ਖ਼ੁਸ਼ ਕਰਨ ਦੀ ਥਾਂ ਸਮੁੱਚੇ ਪੰਜਾਬ ਦੀਆਂ ਅਲਾਮਤਾਂ ਨਾਲ ਨਜਿੱਠਣ ਨੂੰ ਤਰਜੀਹ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ‘ਬਦਲਦਾ ਪੰਜਾਬ’ ਥੀਮ ਹੇਠ ਪੇਸ਼ ਬਜਟ ਨੂੰ ਵਿੱਤੀ ਮਜ਼ਬੂਤੀ ਵਾਲਾ ਦੱਸਦਿਆਂ ਕਿਹਾ ਕਿ ਮਾਲੀਆ ਅਤੇ ਵਿੱਤੀ ਘਾਟਾ ਦੋਵੇਂ ਕਾਬੂ ਹੇਠ ਹਨ। ਬਜਟ ਸੂਬੇ ਦਾ ਜਨਤਕ ਕਰਜ਼ਾ ਤੇਜ਼ੀ ਨਾਲ ਵਧਣ ਦੀ ਗੱਲ ਕਰ ਰਿਹਾ ਹੈ ਜੋ ਅਗਲੇ ਸਾਲ ਤੱਕ 4.17 ਲੱਖ ਕਰੋੜ ਨੂੰ ਛੂਹ ਜਾਵੇਗਾ। ਕੁੱਲ ਮਾਲੀਆ ਘਾਟਾ 23,957.28 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਕੁੱਲ ਰਾਜ ਘਰੇਲੂ ਉਤਪਾਦ ਦਾ 2.51 ਫ਼ੀਸਦੀ ਹੈ। ਸੂਬਾ ਸਰਕਾਰ ਨੂੰ ਜੀਐੱਸਟੀ, ਵੈਟ ਅਤੇ ਆਬਕਾਰੀ ਡਿਊਟੀਆਂ ਤੋਂ 111740.32 ਕਰੋੜ ਦਾ ਮਾਲੀਆ ਇਕੱਠਾ ਹੋਣ ਦੀ ਆਸ ਹੈ। ਕੇਂਦਰੀ ਟੈਕਸਾਂ ’ਚੋਂ 25703 ਕਰੋੜ ਅਤੇ ਕੇਂਦਰ ਤੋਂ ਗਰਾਂਟਾਂ ਦੇ ਰੂਪ ਵਿੱਚ 10576 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। ਵਰ੍ਹਾ 2025-26 ’ਚ ਸੂਬੇ ਦੀ ਬਿਜਲੀ ਸਬਸਿਡੀ ਦਾ ਬਿੱਲ 20,500 ਕਰੋੜ ਰੁਪਏ ਹੋਵੇਗਾ। ਪਾਵਰਕੌਮ ਦੀ ਪੈਂਡਿੰਗ 1804 ਕਰੋੜ ਰੁਪਏ ਦੀ ਸਬਸਿਡੀ ਤਾਰਨ ਲਈ ਬਜਟ ’ਚ ਕੋਈ ਤਜਵੀਜ਼ ਨਹੀਂ ਕੀਤੀ ਗਈ।
ਬਜਟ ਅਨੁਮਾਨ ਅਨੁਸਾਰ ਤਨਖ਼ਾਹਾਂ ਦੀ ਅਦਾਇਗੀ ’ਤੇ 36427.90 ਕਰੋੜ, ਪੈਨਸ਼ਨਾਂ ਅਤੇ ਹੋਰ ਸੇਵਾ ਨਵਿਰਤੀ ਲਾਭਾਂ ਦੀ ਅਦਾਇਗੀ ’ਤੇ 20750.11 ਕਰੋੜ ਅਤੇ ਕਰਜ਼ਿਆਂ ’ਤੇ ਵਿਆਜ ਦੀ ਅਦਾਇਗੀ ’ਤੇ 24,995.49 ਕਰੋੜ ਰੁਪਏ ਚਲੇ ਜਾਣਗੇ। ਸੂਬਾ ਸਰਕਾਰ ਅਗਲੇ ਵਿੱਤੀ ਵਰ੍ਹੇ ’ਚ 49,900 ਕਰੋੜ ਦਾ ਕਰਜ਼ਾ ਚੁੱਕੇਗੀ। ਬਜਟ ਪ੍ਰਸਤਾਵ ’ਚ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਤਰਜੀਹ ਦਿੰਦਿਆਂ ਡਰੱਗ ਸੈਂਸਜ਼ ਲਈ 150 ਕਰੋੜ ਰੁਪਏ ਰੱਖੇ ਗਏ ਹਨ। ਇਸ ਰਾਸ਼ੀ ਨਾਲ ਪੰਜਾਬ ’ਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਕਰਵਾਈ ਜਾਵੇਗੀ। ਮੁਹਾਲੀ ’ਚ ‘ਡਾਇਲ 112’ ਦੇ ਮੁੱਖ ਦਫ਼ਤਰ ਲਈ 53 ਕਰੋੜ ਅਤੇ ਐਂਟੀ ਡਰੋਨ ਪ੍ਰਣਾਲੀ ਲਈ 50 ਕਰੋੜ ਰੁਪਏ ਰੱਖੇ ਗਏ ਹਨ। ਹਥਿਆਰ ਤੇ ਨਸ਼ੇ ਸਰਹੱਦ ਪਾਰ ਤੋਂ ਆਉਣ ਤੋਂ ਰੋਕਣ ਲਈ ਬੀਐੱਸਐੱਫ ਦੇ ਨਾਲ ਨਾਲ ਸੁਰੱਖਿਆ ਦੀ ਦੂਜੀ ਲਾਈਨ ਵਜੋਂ ਤਾਇਨਾਤੀ ਲਈ ਪੰਜ ਹਜ਼ਾਰ ਹੋਮ ਗਾਰਡ ਭਰਤੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। 125 ਕਰੋੜ ਦੀ ਲਾਗਤ ਨਾਲ ਨਵੇਂ ਐਮਰਜੈਂਸੀ ਵਾਹਨਾਂ ਦੀ ਖ਼ਰੀਦ ਕੀਤੀ ਜਾਵੇਗੀ। ਨਸ਼ਿਆਂ ਤੋਂ ਜਵਾਨੀ ਬਚਾਉਣ ਲਈ ਖੇਡ ਬਜਟ 272 ਕਰੋੜ ਤੋਂ ਵਧਾ ਕੇ 979 ਕਰੋੜ ਕੀਤਾ ਗਿਆ ਹੈ ਜਿਸ ਨਾਲ ਹਰ ਪਿੰਡ ’ਚ ਖੇਡ ਮੈਦਾਨ, ਤਿੰਨ ਹਜ਼ਾਰ ਪਿੰਡਾਂ ’ਚ ਇਨਡੋਰ ਜਿਮ ਅਤੇ 13 ਐਕਸੀਲੈਂਸ ਸੈਂਟਰ ਬਣਾਏ ਜਾਣਗੇ।

ਵਿੱਤੀ ਵਰ੍ਹੇ 2025-26 ਲਈ ਪੰਜਾਬ ਦਾ ਬਜਟ ਪੇਸ਼ ਕਰਨ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ। -ਫੋਟੋ: ਰਵੀ ਕੁਮਾਰ

ਬਜਟ ਪ੍ਰਸਤਾਵਾਂ ’ਚ ਰਾਜ ਦੀ ਸਿਹਤ ਬੀਮਾ ਯੋਜਨਾ ਦਾ ਘੇਰਾ ਮੋਕਲਾ ਕਰਕੇ ਸਮੁੱਚੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਬੀਮਾ ਕਵਰ ਵਧਾ ਕੇ ਹੁਣ 10 ਲੱਖ ਸਾਲਾਨਾ ਕਰ ਦਿੱਤਾ ਗਿਆ ਹੈ। ਇਸ ਵਾਸਤੇ 778 ਕਰੋੜ ਰੁਪਏ ਰੱਖੇ ਗਏ ਹਨ। ਬਜਟ ’ਚ ਵਿਧਾਇਕਾਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ‘ਰੰਗਲਾ ਪੰਜਾਬ ਵਿਕਾਸ ਸਕੀਮ’ ਸ਼ੁਰੂ ਕਰ ਕੇ ਹਰ ਹਲਕੇ ਨੂੰ ਪੰਜ ਕਰੋੜ ਦੇ ਫ਼ੰਡ ਦੇਣ ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਡੋਰ ਸਟੈੱਪ ਡਲਿਵਰੀ ਦੀਆਂ ਸੇਵਾਵਾਂ ਦੀ ਸਰਵਿਸ ਫ਼ੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ ਗਈ ਹੈ। ਔਰਤਾਂ ਲਈ ਮੁਫ਼ਤ ਬੱਸ ਸਹੂਲਤ, ਜਿਸ ਲਈ ਅਮਲੀ ਤੌਰ ’ਤੇ 750 ਕਰੋੜ ਤੋਂ ਵੱਧ ਦਾ ਖ਼ਰਚਾ ਹੈ, ਵਾਸਤੇ ਬਜਟ ਵਿੱਚ 450 ਕਰੋੜ ਰੁਪਏ ਰੱਖੇ ਗਏ ਹਨ। ਖੇਤੀ ਤੇ ਸਹਿਯੋਗੀ ਖੇਤਰਾਂ ਲਈ 14524 ਕਰੋੜ ਰੁਪਏ ਰੱਖੇ ਗਏ ਹਨ ਪ੍ਰੰਤੂ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ 115 ਕਰੋੜ ਹੀ ਰੱਖੇ ਗਏ ਹਨ। ਖੇਤੀ ਵਾਸਤੇ ਬਿਜਲੀ ਸਬਸਿਡੀ ਲਈ 9992 ਕਰੋੜ ਅਤੇ ਪਰਾਲੀ ਪ੍ਰਬੰਧਨ ਲਈ 500 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਬਜਟ ’ਚ ਸਿਹਤ ਅਤੇ ਸਿੱਖਿਆ ’ਤੇ ਫੋਕਸ ਕੀਤਾ ਗਿਆ ਹੈ। ਆਮ ਆਦਮੀ ਕਲੀਨਿਕਾਂ ਲਈ 268 ਕਰੋੜ ਰੁਪਏ ਰੱਖੇ ਗਏ ਹਨ। ਕੌਮੀ ਦਿਹਾਤੀ ਸਿਹਤ ਮਿਸ਼ਨ ਲਈ 1058 ਕਰੋੜ ਦਾ ਉਪਬੰਧ ਕੀਤਾ ਗਿਆ ਹੈ। ਸਿੱਖਿਆ ਲਈ 17,975 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਕੂਲ ਆਫ਼ ਐਮੀਨੈਂਸ ਲਈ 100 ਕਰੋੜ ਰੱਖੇ ਗਏ ਹਨ ਅਤੇ ਨਵੀਆਂ ਆਈਟੀਆਈਜ਼ ਖੋਲ੍ਹਣ ਲਈ 33 ਕਰੋੜ ਦਾ ਬਜਟ ਰਾਖਵਾਂ ਕੀਤਾ ਗਿਆ ਹੈ।
ਬਜਟ ਅਨੁਸੂਚਿਤ ਜਾਤੀਆਂ ਦੇ 32 ਫ਼ੀਸਦੀ ਵੋਟਰਾਂ ’ਤੇ ਕੇਂਦਰਿਤ ਹੈ ਜਿਸ ਲਈ ਰਾਜ ਦੇ ਕੁੱਲ ਵਿਕਾਸ ਬਜਟ ਦਾ 34 ਫ਼ੀਸਦੀ ਭਾਵ 13,987 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਨਿਗਮ ਦੇ 31 ਮਾਰਚ, 2020 ਤੱਕ ਦੇ ਡਿਫਾਲਟਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬਜਟ ਵਿੱਚ ਯੂਨੀਵਰਸਿਟੀਆਂ ਅਤੇ ਕਾਂਸਟੀਚੁਐਂਟ ਕਾਲਜਾਂ ਲਈ 1650 ਕਰੋੜ ਰੁਪਏ ਰੱਖੇ ਹਨ। ਨਵਾਂਸ਼ਹਿਰ ਦੇ ਨਵੇਂ ਮੈਡੀਕਲ ਕਾਲਜ ਲਈ ਵੀ ਬਜਟ ਤਜਵੀਜ਼ ਕੀਤੀ ਗਈ ਹੈ। ਸਮਾਜਿਕ ਸੁਰੱਖਿਆ ਸਹਾਇਤਾ ਤਹਿਤ ਪੈਨਸ਼ਨਾਂ ਲਈ 6175 ਕਰੋੜ ਦਾ ਫ਼ੰਡ ਰੱਖਿਆ ਗਿਆ ਹੈ। ਸੇਮ ਵਾਲੇ ਖੇਤਰ ਵਿੱਚ ‘ਆਧੁਨਿਕ ਝੀਂਗਾ ਪ੍ਰੋਸੈਸਿੰਗ ਯੂਨਿਟ’ ਲਗਾਏ ਜਾਣ ਦੀ ਤਜਵੀਜ਼ ਹੈ ਅਤੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਲਈ 704 ਕਰੋੜ ਰੁਪਏ ਦੀ ਤਜਵੀਜ਼ ਹੈ। ‘ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ’ ਵੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸਕੀਮ ਤਹਿਤ ਸੂਬੇ ਵਿੱਚ ਢਾਈ ਲੱਖ ਸਟਰੀਟ ਲਾਈਟਾਂ ਲਾਉਣ ਦੀ ਤਜਵੀਜ਼ ਹੈ। ਇਸ ਯੋਜਨਾ ਵਾਸਤੇ 115 ਕਰੋੜ ਰੁਪਏ ਰੱਖੇ ਗਏ ਹਨ। ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਰਾਜ ਪੱਧਰ ’ਤੇ ਕਰਵਾਏ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ।
ਨਵੇਂ ਐਲਾਨੇ ਪ੍ਰੋਜੈਕਟਾਂ ’ਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੁਹਾਲੀ ਵਿੱਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਤੇ ਗਲੀਆਂ ਦਾ ਨਿਰਮਾਣ ਕਰਨ ਦੀ ਤਜਵੀਜ਼ ਸ਼ਾਮਲ ਹੈ। ਨੰਗਲ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਅੰਮ੍ਰਿਤਸਰ ਵਿੱਚ ਯੂਨਿਟ ਮਾਲ ਬਣੇਗਾ ਅਤੇ ਡੇਰਾਬੱਸੀ, ਖੰਨਾ ਤੇ ਪਾਤੜਾਂ ਵਿੱਚ ਅਦਾਲਤੀ ਕੰਪਲੈਕਸਾਂ ਦੀ ਉਸਾਰੀ ਕੀਤੀ ਜਾਵੇਗੀ। ਉਦਯੋਗਿਕ ਖੇਤਰ ’ਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਮੋਗਾ, ਪਟਿਆਲਾ ਤੇ ਮੁਹਾਲੀ ਵਿੱਚ ਤਕਨਾਲੋਜੀ ਵਿਸਥਾਰ ਕੇਂਦਰ ਬਣਾਏ ਜਾਣਗੇ। ਉਦਯੋਗਿਕ ਬਿਜਲੀ ਸਬਸਿਡੀ ਲਈ 2893 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਵੀਂ ਉਦਯੋਗਿਕ ਨੀਤੀ ਵੀ ਲਿਆਂਦੀ ਜਾ ਰਹੀ ਹੈ।
ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਲਈ 7614 ਕਰੋੜ ਦਾ ਬਜਟ ਰੱਖਿਆ ਗਿਆ ਹੈ। ਸ਼ਹਿਰੀ ਸਥਾਨਕ ਖੇਤਰਾਂ ਦੇ ਵਿਕਾਸ ਲਈ 5983 ਕਰੋੜ ਤਜਵੀਜ਼ ਕੀਤੇ ਹਨ ਅਤੇ ਇਸ ਖੇਤਰ ਵਿੱਚ 347 ਈ-ਬੱਸਾਂ ਦੀ ਖ਼ਰੀਦ ਵੀ ਕੀਤੀ ਜਾਵੇਗੀ।

Advertisement

‘ਆਪ’ ਵੱਲੋਂ ਪੰਜਾਬੀਆਂ ਤੋਂ ਬਦਲਾ ਲੈਣ ਦੀ ਕੋਸ਼ਿਸ਼: ਵੜਿੰਗ

ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਾ ਤਾਂ ਯੋਜਨਾਬੱਧ ਹੈ ਅਤੇ ਨਾ ਹੀ ਇਸ ਦਾ ਕੋਈ ਦ੍ਰਿਸ਼ਟੀਕੋਣ ਹੈ। ਇਹ ਪੰਜਾਬੀਆਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਜਾਪਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਤਿੰਨ ਸਾਲ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਲਗਪਗ ਤਿੰਨ ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦਕਿ ਬਜਟ ਸਿਰਫ਼ 2.36 ਲੱਖ ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਅਲਾਟ ਕੀਤੇ ਗਏ ਜ਼ਿਆਦਾਤਰ ਫੰਡ ਮੁੱਖ ਤੌਰ ’ਤੇ ਤਨਖਾਹਾਂ ਵਿੱਚ ਜਾਣਗੇ। ਸੂਬਾ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿੱਚ ਵੀ ਨਾਕਾਮ ਰਹੀ ਹੈ।

ਬਜਟ ਰਾਹੀਂ ‘ਰੰਗਲਾ ਤੇ ਖੁਸ਼ਹਾਲ’ ਪੰਜਾਬ ਵੱਲ ਵਧਾਏ ਕਦਮ: ਮਾਨ

ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ 2.36 ਲੱਖ ਕਰੋੜ ਰੁਪਏ ਦੇ ਬਜਟ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਰਾਹੀਂ ਪੰਜਾਬ ਨੇ ‘ਰੰਗਲਾ ਤੇ ਖੁਸ਼ਹਾਲ’ ਪੰਜਾਬ ਵੱਲ ਤੇਜ਼ੀ ਨਾਲ ਕਦਮ ਵਧਾਏ ਹਨ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ’ਤੇ ਕਦੇ ‘ਉੱਡਦਾ ਪੰਜਾਬ’, ‘ਪਰਿਵਾਰਵਾਦ ਵਾਲਾ ਪੰਜਾਬ’ ਅਤੇ ‘ਕੰਗਾਲ ਪੰਜਾਬ’ ਦਾ ਟੈਗ ਲੱਗਿਆ ਕਰਦਾ ਸੀ, ਪਰ ‘ਆਪ’ ਸਰਕਾਰ ਪੰਜਾਬ ਨੂੰ ਦੁਨੀਆ ਭਰ ਵਿੱਚ ‘ਰੰਗਲਾ ਪੰਜਾਬ’, ‘ਤੰਦਰੁਸਤ ਪੰਜਾਬ’ ਤੇ ‘ਹੱਸਦਾ-ਵੱਸਦਾ ਪੰਜਾਬ’ ਬਣਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਲਗਾਤਾਰ ਚੌਥੇ ਸਾਲ ਲੋਕਾਂ ’ਤੇ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ। ਇਸ ਤੋਂ ਇਲਾਵਾ ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨ ਅਤੇ ਉਦਯੋਗ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਵਧੇਰੇ ਵੰਡ ਰੱਖੇ ਗਏ ਹਨ। ਇਸ ਨਾਲ ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਨਜ਼ਰ ਆਵੇਗੀ।

‘ਆਪ’ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ: ਸੁਖਬੀਰ

ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਨੇ ਵਿੱਤੀ ਵਰ੍ਹੇ 2025-26 ਦੇ ਬਜਟ ਵਿਚ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕਿਸਾਨਾਂ, ਔਰਤਾਂ, ਨੌਜਵਾਨਾਂ, ਵਪਾਰੀਆਂ, ਸਰਕਾਰੀ ਮੁਲਾਜ਼ਮਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ ਗਿਆ ਹੈ। ਬਜਟ ਵਿੱਚ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਬੇਰੁਜ਼ਗਾਰੀ ਭੱਤੇ ਸਮੇਤ ਨੌਜਵਾਨਾਂ ਨੂੰ ਕੁਝ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਵਿੱਚ ਵੀ ਵਾਧਾ ਨਹੀਂ ਕੀਤਾ ਗਿਆ। ਨਾ ਹੀ ਕਿਸਾਨਾਂ ਦੀ 22 ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਵਾਸਤੇ ਕੋਈ ਵੱਖਰੇ ਤੌਰ ’ਤੇ ਫੰਡ ਰੱਖੇ ਹਨ।

ਔਰਤਾਂ ਨੂੰ ਮਾਣਭੱਤੇ ਬਾਰੇ ਅੰਤਰ-ਵਿਭਾਗੀ ਅਧਿਐਨ ਸ਼ੁਰੂ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਣ ਦੀ ਗਾਰੰਟੀ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ਬਾਰੇ ਅੰਤਰ-ਵਿਭਾਗੀ ਸਟੱਡੀ ਕਰਵਾ ਰਹੀ ਹੈ। ਇਸ ਤਹਿਤ ਵਿੱਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਸ ਸਕੀਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਹ ਇਸ ਸੁਆਲ ਤੋਂ ਟਾਲਾ ਵੱਟ ਗਏ ਕਿ ਔਰਤਾਂ ਨੂੰ ਮਾਣਭੱਤੇ ਦਾ ਪੁਰਾਣਾ ਸਾਰਾ ਬਕਾਇਆ ਮਿਲੇਗਾ ਜਾਂ ਨਹੀਂ। ਚੇਤੇ ਰਹੇ ਕਿ ‘ਆਪ’ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਚੋਣ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜ ’ਚੋਂ ਚਾਰ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ।

ਪੰਜਾਬ ਸਿਰ ਕਰਜ਼ੇ ਦੀ ਪੰਡ ਹੋਵੇਗੀ ਹੋਰ ਭਾਰੀ

ਪੰਜਾਬ ਸਿਰ ਕਰਜ਼ੇ ਦਾ ਬੋਝ 2025-26 ਦੇ ਅਖੀਰ ਤੱਕ 4.17 ਲੱਖ ਕਰੋੜ ਨੂੰ ਛੂਹ ਜਾਵੇਗਾ ਅਤੇ ਅਗਲੇ ਵਿੱਤੀ ਵਰ੍ਹੇ ਦੌਰਾਨ ਸਰਕਾਰ ਨੇ 49,900 ਕਰੋੜ ਦਾ ਹੋਰ ਕਰਜ਼ਾ ਚੁੱਕਣ ਦਾ ਉਪਬੰਧ ਕੀਤਾ ਹੈ। ਦੱਸਿਆ ਗਿਆ ਹੈ ਕਿ ‘ਆਪ’ ਸਰਕਾਰ ਨੇ ਲੰਘੇ ਤਿੰਨ ਸਾਲਾਂ ਵਿੱਚ 1.32 ਲੱਖ ਕਰੋੜ ਦਾ ਕਰਜ਼ਾ ਚੁੱਕਿਆ ਹੈ ਜਦੋਂ ਕਿ ਇਸ ਸਮੇਂ ਦੌਰਾਨ 1.05 ਲੱਖ ਕਰੋੜ ਰੁਪਏ ਕਰਜ਼ੇ ਦਾ ਮੂਲ ਅਤੇ ਵਿਆਜ ਤਾਰਨ ’ਤੇ ਖ਼ਰਚੇ ਗਏ ਹਨ। ‘ਆਪ’ ਸਰਕਾਰ ਨੂੰ ਵਿਰਾਸਤ ’ਚ 2.83 ਲੱਖ ਕਰੋੜ ਦਾ ਕਰਜ਼ਾ ਮਿਲਿਆ ਸੀ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 1952 ਵਿਚ ਸਾਂਝੇ ਪੰਜਾਬ ਸਿਰ 78.37 ਕਰੋੜ ਦਾ ਕਰਜ਼ਾ ਸੀ ਜੋ ਸਾਲ 1964 ਵਿਚ ਵਧ ਕੇ 350.60 ਕਰੋੜ ਹੋ ਗਿਆ ਸੀ।

ਜੇਲ੍ਹਾਂ ’ਚ ਲੱਗਣਗੇ ਵੀ-ਕਵਚ ਜੈਮਰ

ਸੂਬੇ ਦੀਆਂ ਦਰਜਨ ਸੰਵੇਦਨਸ਼ੀਲ ਜੇਲ੍ਹਾਂ ਵਿੱਚ ਵੀ-ਕਵਚ ਜੈਮਰ ਲਾਏ ਜਾਣ ਦੀ ਤਜਵੀਜ਼ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲਈ ‘ਬਦਲਦੇ ਪਿੰਡ, ਬਦਲਦਾ ਪੰਜਾਬ’ ਪ੍ਰੋਗਰਾਮ ਤਹਿਤ 3500 ਕਰੋੜ ਰੁਪਏ ਰੱਖੇ ਗਏ ਹਨ ਅਤੇ ਲਿੰਕ ਸੜਕਾਂ ਦੀ ਉਸਾਰੀ ਤੇ ਨਵੀਨੀਕਰਨ ਲਈ 2873 ਕਰੋੜ ਦੇ ਬਜਟ ਦੀ ਤਜਵੀਜ਼ ਹੈ।

ਬਜਟ ਚੋਂ ਗ਼ਾਇਬ ਨੁਕਤੇ

* ‘ਸਕੂਲ ਆਫ਼ ਐਮੀਨੈਂਸ’ ਅਤੇ ‘ਮੁਹੱਲਾ ਕਲੀਨਿਕਾਂ’ ਦਾ ਵਿਸਥਾਰ
* ਖੇਤੀ ਖੇਤਰ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਪ੍ਰਬੰਧ ਨਹੀਂ
* ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੋਈ ਵਿਸ਼ੇਸ਼ ਉਪਬੰਧ ਨਹੀਂ
* ਬਿਜਲੀ ਸਬਸਿਡੀ ਵਿੱਚ ਮਾਮੂਲੀ ਕਟੌਤੀ
* ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਬਜਟ ਘਟਾਇਆ
* ਤੀਰਥ ਯਾਤਰਾ ਯੋਜਨਾ ਲਈ ਕੋਈ ਫ਼ੰਡ ਨਹੀਂ

ਬਜਟ ਦੇ ਅਹਿਮ ਐਲਾਨ

* ਰੰਗਲਾ ਪੰਜਾਬ ਵਿਕਾਸ ਸਕੀਮ ਸ਼ੁਰੂ; ਹਰ ਹਲਕੇ ਨੂੰ ਮਿਲਣਗੇ ਪੰਜ ਕਰੋੜ
* ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਲਈ 115 ਕਰੋੜ ਰੁਪਏ ਰਾਖਵੇਂ
* ਮੁੱਖ ਮੰਤਰੀ ਸਿਹਤ ਬੀਮਾ ਸਕੀਮ ਤਹਿਤ ਸਮੁੱਚਾ ਪੰਜਾਬ ਕਵਰ
* ਬੀਮਾ ਸਕੀਮ ਤਹਿਤ ਇਲਾਜ ਦੀ ਰਾਸ਼ੀ 5 ਤੋਂ ਵਧਾ ਕੇ 10 ਲੱਖ ਕੀਤੀ
* ਡੋਰ ਸਟੈੱਪ ਡਲਿਵਰੀ ਦੇ ਸਰਵਿਸ ਚਾਰਜਿਜ਼ 120 ਤੋਂ ਘਟਾ ਕੇ 50 ਰੁਪਏ ਕੀਤੇ
* ਸਰਹੱਦੀ ਸੁਰੱਖਿਆ ਲਈ ਪੰਜ ਹਜ਼ਾਰ ਹੋਮਗਾਰਡ ਜਵਾਨਾਂ ਦੀ ਭਰਤੀ
* ਝੱਜਰ ਬਚੌਲੀ ਵਾਈਲਡ ਲਾਈਫ਼ ਸੈਂਕਚੁਰੀ (ਆਨੰਦਪੁਰ ਸਾਹਿਬ) ਹੋਵੇਗੀ ਈਕੋ ਟੂਰਿਜ਼ਮ ਵਜੋਂ ਵਿਕਸਤ
* ਐਂਟੀ ਡਰੋਨ ਸਿਸਟਮ ਲਈ 110 ਕਰੋੜ ਰੁਪਏ ਰਾਖਵੇਂ
* ਹਰ ਪਿੰਡ ’ਚ ਬਣਨਗੇ ਖੇਡ ਮੈਦਾਨ, ਤਿੰਨ ਹਜ਼ਾਰ ਪਿੰਡਾਂ ਲਈ ਇਨਡੋਰ ਜਿਮ
* ਮੁਹਾਲੀ ਵਿਖੇ 53 ਕਰੋੜ ਦੀ ਲਾਗਤ ਨਾਲ ਬਣੇਗਾ ‘ਡਾਇਲ 112’ ਦਾ ਮੁੱਖ ਦਫ਼ਤਰ
* ਡਰੱਗ ਜਨਗਣਨਾ ਲਈ ਰੱਖੇ 150 ਕਰੋੜ ਰੁਪਏ
* ਪੰਜਾਬ ਦੀਆਂ 12 ਸੰਵੇਦਨਸ਼ੀਲ ਜੇਲ੍ਹਾਂ ’ਚ ਲੱਗਣਗੇ ਵੀ-ਕਵਚ ਜੈਮਰ
* ਪਰਾਲੀ ਪ੍ਰਬੰਧਨ ਲਈ 500 ਕਰੋੜ ਰੁਪਏ ਰਾਖਵੇਂ
* ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲਈ 450 ਕਰੋੜ ਰੱਖੇ
* ਨਵੀਆਂ ਆਈਟੀਆਈਜ਼ ਖੋਲ੍ਹਣ ਲਈ 33 ਕਰੋੜ ਦਾ ਬਜਟ
* ਅੰਮ੍ਰਿਤਸਰ ਵਿਖੇ ਬਣੇਗਾ 80 ਕਰੋੜ ਦੀ ਲਾਗਤ ਨਾਲ ‘ਯੂਨਿਟੀ ਮਾਲ’
* ਤਕਨਾਲੋਜੀ ਵਿਸਥਾਰ ਕੇਂਦਰ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਮੋਗਾ, ਪਟਿਆਲਾ ਤੇ ਮੁਹਾਲੀ ’ਚ ਬਣਨਗੇ
* ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੁਹਾਲੀ ’ਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ/ਗਲੀਆਂ ਦਾ ਨਿਰਮਾਣ
* ਨੰਗਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨਾ
* ਡੇਰਾਬੱਸੀ, ਖੰਨਾ ਅਤੇ ਪਾਤੜਾਂ ’ਚ ਅਦਾਲਤੀ ਕੰਪਲੈਕਸਾਂ ਦੀ ਉਸਾਰੀ
* ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17,500 ਰੁਪਏ ਦੀ ਸਬਸਿਡੀ ਮਿਲੇਗੀ
* ਯੂਨੀਵਰਸਿਟੀਆਂ ਅਤੇ ਕਾਂਸਟੀਚੁਐਂਟ ਕਾਲਜਾਂ ਲਈ 1650 ਕਰੋੜ ਦਾ ਬਜਟ

 

ਸਰਕਾਰ ਨੇ ਔਰਤਾਂ ਨਾਲ ਫੇਰ ਕੀਤਾ ਧੋਖਾ: ਹਰਗੋਬਿੰਦ ਕੌਰ

ਚੰਡੀਗੜ੍ਹ (ਕੁਲਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਔਰਤਾਂ ਨਾਲ ਵੱਡਾ ਧੋਖਾ ਕੀਤਾ ਹੈ ਅਤੇ ਉਹ ਆਪਣੇ ਆਪ ਨੂੰ ਠੱਗੀਆਂ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਮੀਦ ਸੀ ਕਿ ‘ਆਪ’ ਸਰਕਾਰ ਮੌਜੂਦਾ ਬਜਟ ’ਚ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਕਰੇਗੀ ਪਰ ਬਜਟ ਵਿੱਚ ਅਜਿਹੀ ਕੋਈ ਗੱਲ ਹੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਕਾਰ ਔਰਤਾਂ ਨੂੰ ਝੂਠੇ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਹੁਣ ਤਾਂ ਮੌਜੂਦਾ ਸਰਕਾਰ ਦਾ ਇੱਕ ਹੀ ਬਜਟ ਹੋਰ ਬਾਕੀ ਬਚਿਆ ਹੈ ਅਤੇ ਔਰਤਾਂ ਨੂੰ ਇਹ ਉਮੀਦ ਖ਼ਤਮ ਕਰ ਦੇਣੀ ਚਾਹੀਦੀ ਹੈ।

 

ਬਜਟ ਪੇਸ਼ ਹੋਣ ਮਗਰੋਂ ਸਦਨ ’ਚੋਂ ਬਾਹਰ ਆਉਂਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਦੇਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਹੋਰ ਆਗੂ। -ਫੋਟੋ: ਰਵੀ ਕੁਮਾਰ
ਵਿਧਾਨ ਸਭਾ ਦੇ ਬਾਹਰ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ। -ਫੋਟੋ: ਰਵੀ ਕੁਮਾਰ

 

Advertisement