ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੰਮੀ ਹੋ ਰਹੀ ਜੰਗ

11:42 AM Dec 30, 2022 IST

ਦਸ ਮਹੀਨਿਆਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਵਿਚ ਨਵੀਂ ਤੇਜ਼ੀ ਆਈ ਹੈ। ਕੁਝ ਦਿਨਾਂ ਤੋਂ ਰੂਸ ਨੇ ਯੂਕਰੇਨ ਦੇ ਕੁਝ ਸ਼ਹਿਰਾਂ ਜਿਨ੍ਹਾਂ ਵਿਚ ਰਾਜਧਾਨੀ ਕੀਵ ਵੀ ਸ਼ਾਮਿਲ ਹੈ, ‘ਤੇ ਮਿਜ਼ਾਈਲਾਂ ਨਾਲ ਹਮਲੇ ਤੇਜ਼ ਕੀਤੇ ਹਨ। ਵੀਰਵਾਰ ਦੀ ਸਵੇਰ ਰੂਸ ਨੇ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ‘ਤੇ 100 ਤੋਂ ਜ਼ਿਆਦਾ ਮਿਜ਼ਾਈਲ ਸੁੱਟੇ। ਇਸ ਜੰਗ ਵਿਚ ਯੂਕਰੇਨ ਦੇ ਸ਼ਹਿਰਾਂ ਤੇ ਕਸਬਿਆਂ ਦੀ ਵੱਡੀ ਤਬਾਹੀ ਹੋ ਰਹੀ ਹੈ। ਯੂਕਰੇਨ ਸਰਕਾਰ ਅਨੁਸਾਰ ਰੂਸੀ ਫ਼ੌਜ ਜਨਤਕ ਥਾਵਾਂ, ਹਸਪਤਾਲਾਂ, ਘਰਾਂ ਆਦਿ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਕਰੇਨ ਨੇ ਖੇਰਸਨ ਸ਼ਹਿਰ ਰੂਸੀ ਫ਼ੌਜਾਂ ਤੋਂ ਆਜ਼ਾਦ ਕਰਵਾ ਲਿਆ ਸੀ ਪਰ ਬੀਤੇ ਦਿਨਾਂ ਵਿਚ ਰੂਸੀ ਫ਼ੌਜ ਨੇ ਮਿਜ਼ਾਈਲਾਂ ਰਾਹੀਂ ਇਸ ‘ਤੇ ਫਿਰ ਵੱਡੇ ਹਮਲੇ ਕੀਤੇ ਹਨ।

Advertisement

ਯੂਕਰੇਨ ਨੇ ਦਸ ਨੁਕਾਤੀ ਅਮਨ ਯੋਜਨਾ ਪੇਸ਼ ਕੀਤੀ ਸੀ। ਇਨ੍ਹਾਂ ਵਿਚੋਂ ਮੁੱਖ ਨੁਕਤਾ ਇਹ ਸੀ ਕਿ ਰੂਸ ਯੂਕਰੇਨ ਦੀਆਂ ਹੱਦਾਂ ਨੂੰ ਮਾਨਤਾ ਦੇਵੇ ਅਤੇ ਕਬਜ਼ੇ ਵਿਚ ਲਏ ਯੂਕਰੇਨੀ ਇਲਾਕਿਆਂ ਵਿਚੋਂ ਆਪਣੀਆਂ ਫ਼ੌਜਾਂ ਵਾਪਸ ਕਰੇ। ਇਸ ਨੁਕਤੇ ਨੂੰ ਯੋਜਨਾ ਵਿਚ ਪੰਜਵੇਂ ਨੰਬਰ ‘ਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਦੇ ਚਾਰ ਨੁਕਤੇ ਇਹ ਹਨ: ਪਰਮਾਣੂ ਊਰਜਾ ਪਲਾਂਟਾਂ ਦੀ ਸੁਰੱਖਿਆ ਨਿਸ਼ਚਿਤ ਕਰਨਾ, ਯੂਕਰੇਨ ਤੋਂ ਅਨਾਜ ਦੀ ਬਰਾਮਦ ਯਕੀਨੀ ਬਣਾਉਣਾ, ਯੂਕਰੇਨ ਦੇ ਊਰਜਾ ਖੇਤਰ ਨੂੰ ਸੁਰੱਖਿਅਤ ਕਰਨਾ (ਯੂਕਰੇਨ ਅਨੁਸਾਰ ਉਸ ਦੇ ਊਰਜਾ ਖੇਤਰ ਦਾ ਅੱਧਾ ਹਿੱਸਾ ਰੂਸ ਦੁਆਰਾ ਤਬਾਹ ਕੀਤਾ ਜਾ ਚੁੱਕਾ ਹੈ) ਅਤੇ ਸਾਰੇ ਕੈਦੀਆਂ ਨੂੰ ਰਿਹਾਅ ਕਰਨਾ। ਕੂਟਨੀਤਕ ਮਾਹਿਰਾਂ ਦਾ ਖਿਆਲ ਸੀ/ਹੈ ਕਿ ਜੇ ਪਹਿਲੇ ਚਾਰ ਮੁੱਦਿਆਂ ‘ਤੇ ਗੱਲਬਾਤ ਸ਼ੁਰੂ ਹੋ ਜਾਂਦੀ ਤਾਂ ਉਸ ਨੂੰ ਅੱਗੇ ਵਧਾਇਆ ਜਾ ਸਕਦਾ ਸੀ/ਹੈ ਪਰ ਰੂਸ ਨੇ ਯੂਕਰੇਨ ਦੀ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਰੂਸ ਅਨੁਸਾਰ ਯੂਕਰੇਨ ਨੂੰ ‘ਨਵੀਆਂ ਜ਼ਮੀਨੀ ਹਕੀਕਤਾਂ’ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਰੂਸ ਅਨੁਸਾਰ ਇਨ੍ਹਾਂ ਜ਼ਮੀਨੀ ਹਕੀਕਤਾਂ ਵਿਚੋਂ ਸਭ ਤੋਂ ਬੁਨਿਆਦੀ ਇਹ ਹੈ ਕਿ ਯੂਕਰੇਨ ਪੂਰਬ ਵਿਚ ਲੁਹਾਂਸਕ ਤੇ ਦੋਨੇਸਕ ਅਤੇ ਦੱਖਣ ਵਿਚ ਖੇਰਸਨ ਤੇ ਜਪਾਰੋਜਿਆ ਖੇਤਰਾਂ ‘ਤੇ ਰੂਸ ਦੇ ਕਬਜ਼ੇ ਨੂੰ ਸਵੀਕਾਰ ਕਰ ਲਵੇ। ਰੂਸ ਨੇ ਦੱਖਣ ਵਿਚ ਕ੍ਰਾਇਮੀਆ ਖੇਤਰ ‘ਤੇ 2014 ਵਿਚ ਕਬਜ਼ਾ ਕਰ ਲਿਆ ਸੀ। ਯੂਕਰੇਨ ਨੇ ਇਹ ਮੰਗ ਵੀ ਕੀਤੀ ਹੈ ਕੀ ਰੂਸ ਇਹ ਸਾਰੇ ਖੇਤਰ ਖਾਲੀ ਕਰਨ ਦੇ ਨਾਲ ਨਾਲ ਯੂਕਰੇਨ ਨੂੰ ਮੁਆਵਜ਼ਾ ਦੇਵੇ। ਰੂਸ ਨੇ ਯੂਕਰੇਨ ਦੀ ਇਸ ਮੰਗ ਨੂੰ ਪੱਛਮੀ ਦੇਸ਼ਾਂ ਦੀ ਹਮਾਇਤ ਨਾਲ ਬਣਾਇਆ ਗਿਆ ‘ਹਵਾਈ ਖ਼ਿਆਲ (illusion) ਦੱਸਿਆ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਸ ਹਮਲਾਵਰ ਦੇਸ਼ ਹੈ ਪਰ ਇਸ ਦੇ ਨਾਲ ਨਾਲ ਇਹ ਵੀ ਹਕੀਕਤ ਹੈ ਕਿ ਜੰਗਾਂ ਦਾ ਖ਼ਾਤਮਾ ਕਿਸੇ ਆਦਰਸ਼ ਤਰੀਕੇ ਨਾਲ ਨਹੀਂ ਹੁੰਦਾ। ਦੋਹਾਂ ਦੇਸ਼ਾਂ ਦਾ ਇਤਿਹਾਸ ਕਾਫ਼ੀ ਜਟਿਲ ਹੈ ਅਤੇ ਯੂਕਰੇਨ ਕਈ ਬਾਦਸ਼ਾਹਤਾਂ ਦਾ ਹਿੱਸਾ ਰਿਹਾ ਹੈ। ਇਹ ਜੰਗ ਦੀ ਹੋਣੀ ਇਸ ਖੇਤਰ ਦੀ ਇਤਿਹਾਸਕ ਜਟਿਲਤਾ ਨਾਲ ਜੁੜੀ ਹੋਈ ਹੈ। ਪਿਛਲੇ ਕੁਝ ਦਿਨਾਂ ਵਿਚ ਇਹ ਗੱਲ ਵੀ ਉੱਭਰੀ ਸੀ ਕਿ ਭਾਰਤ ਇਸ ਜੰਗ ਨੂੰ ਖ਼ਤਮ ਕਰਵਾਉਣ ਵਿਚ ਭੂਮਿਕਾ ਅਦਾ ਕਰ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲਿੰਸਕੀ ਨਾਲ ਟੈਲੀਫ਼ੋਨ ਰਾਹੀਂ ਗੱਲਬਾਤ ਵੀ ਹੋਈ ਹੈ। ਇਸ ਸਭ ਕੁਝ ਵਿਚ ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਅਮਰੀਕਾ ਨੇ ਯੂਕਰੇਨ ਦੀ ਵੱਡੀ ਪੱਧਰ ‘ਤੇ ਫ਼ੌਜੀ ਮਦਦ ਕਰਨ ਦਾ ਵਾਅਦਾ ਕੀਤਾ ਹੈ ਜਿਸ ਕਾਰਨ ਉਲਝਣਾਂ ਵਧਣਗੀਆਂ। ਇਸ ਜੰਗ ਨੇ ਸੰਯੁਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਪ੍ਰਭਾਵਸ਼ਾਲੀ ਹੋਣ ਦੇ ਦਾਅਵਿਆਂ ਨੂੰ ਵੀ ਨਕਾਰਿਆ ਹੈ। ਰੂਸ ਤੇ ਚੀਨ ਦੀ ਸਾਂਝ ਵਧੀ ਹੈ ਜਿਸ ਦਾ ਜ਼ਿਆਦਾ ਫ਼ਾਇਦਾ ਚੀਨ ਨੂੰ ਹੋਵੇਗਾ। ਇਹ ਸਹੀ ਹੈ ਕਿ ਨਾ ਤਾਂ ਰੂਸ ਅਤੇ ਨਾ ਹੀ ਚੀਨ ਅਮਰੀਕਾ ਜਿਹੀ ਵਿਸ਼ਵ ਸ਼ਕਤੀ ਬਣ ਸਕਦੇ ਹਨ ਪਰ ਇਸ ਜੰਗ ਨੇ ਇਹ ਜ਼ਰੂਰ ਸਿੱਧ ਕੀਤਾ ਹੈ ਕਿ ਵਿਸ਼ਵ ਸ਼ਕਤੀ ਹੋਣ ਦੇ ਬਾਵਜੂਦ ਅਮਰੀਕਾ ਆਪਣੀ ਮਰਜ਼ੀ ਰੂਸ ਤੇ ਚੀਨ ‘ਤੇ ਨਹੀਂ ਥੋਪ ਸਕਦਾ ਅਤੇ ਉਹ (ਰੂਸ ਤੇ ਚੀਨ) ਅਮਰੀਕਾ ਅਤੇ ਨਾਟੋ ਦੁਆਰਾ ਆਪਣੇ ਫ਼ੌਜੀ ਪ੍ਰਭਾਵ ਨੂੰ ਵਧਾਉਣ ਦੇ ਯਤਨਾਂ ਦਾ ਪੂਰੀ ਟਿੱਲ ਲਾ ਕੇ ਵਿਰੋਧ ਕਰਨਗੇ। ਵਿਸ਼ਵ ਭਾਈਚਾਰੇ ਨੂੰ ਚਾਹੀਦਾ ਹੈ ਕਿ ਜ਼ਮੀਨੀ ਹਕੀਕਤਾਂ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਨਿਸ਼ਾਨਾ ਜੰਗਬੰਦੀ ਕਰਵਾਉਣਾ ਹੋਣਾ ਚਾਹੀਦਾ ਹੈ ਤਾਂ ਕਿ ਯੂਕਰੇਨ ਵਿਚ ਹੋਣ ਵਾਲੀ ਤਬਾਹੀ ਨੂੰ ਰੋਕਿਆ ਜਾ ਸਕੇ।

Advertisement

Advertisement