ਸਿੱਖਸ ਫਾਰ ਜਸਟਿਸ ਲਈ ਅਕਾਲ ਤਖ਼ਤ ’ਤੇ ਅਰਦਾਸ ਕਰਨ ਵਾਲਾ ਕਾਬੂ; ਗ੍ਰਿਫ਼ਤਾਰੀ ਬਾਰੇ ਪੁਲੀਸ ਤੇ ਸ਼੍ਰੋਮਣੀ ਕਮੇਟੀ ਖ਼ਾਮੋਸ਼
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਗਸਤ
ਪੁਲੀਸ ਨੇ ਨੌਜਵਾਨ ਨੂੰ ਸਿੱਖਸ ਫਾਰ ਜਸਟਿਸ ਜਥੇਬੰਦੀ ਵਾਸਤੇ ਅਕਾਲ ਤਖ਼ਤ ’ਤੇ ਅਰਦਾਸ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਸਿੱਖਸ ਫਾਰ ਜਸਟਿਸ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਰਾਏਸ਼ੁਮਾਰੀ 2020 (ਰੈਫਰੈੰਡਮ 2020) ਲਈ ਅੱਜ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਜਾਵੇਗੀ ਅਤੇ ਅਰਦਾਸ ਕਰਨ ਵਾਲੇ ਨੂੰ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਪੁਲੀਸ ਨੇ ਇਸ ਮਾਮਲੇ ਵਿਚ ਗੁਰਮੀਤ ਸਿੰਘ ਵਜੋਂ ਹੋਈ। ਇਹ ਨੌਜਵਾਨ 25-26 ਸਾਲ ਦਾ ਪੱਟੀ ਨੇੜਲੇ ਪਿੰਡ ਦਾ ਹੈ। ਉਹ ਕਪੂਰਥਲਾ ਦੇ ਪਿੰਡ ਵਿਚ ਗ੍ਰੰਥੀ ਹੈ। ਇਸ ਨੌਜਵਾਨ ਨੇ ਅੱਜ ਸਵੇਰੇ ਪੰਜ ਵਜੇ ਅਕਾਲ ਤਖ਼ਤ ਸਾਹਮਣੇ ਅਰਦਾਸ ਕੀਤੀ। ਉਸ ਨੇ ਹੱਥ ਵਿਚ ਫੜਿਆ ਆਪਣਾ ਮੋਬਾਈਲ ਅਕਾਲ ਤਖ਼ਤ ਵੱਲ ਕੀਤਾ ਹੋਇਆ ਸੀ ਅਤੇ ਇਸ ਦੀ ਵੀਡਿਓ ਰਿਕਾਰਿਡੰਗ ਕੀਤੀ ਜਾ ਰਹੀ ਸੀ। ਅਰਦਾਸ ਕਰਦਿਆਂ ਉਸ ਨੇ ਭਾਵੇਂ ਸਿੱਖਸ ਫਾਰ ਜਸਟਿਸ ਜਥੇਬੰਦੀ ਅਤੇ ਰਾਏਸ਼ੁਮਾਰੀ 2020 ਦਾ ਨਾਂ ਨਹੀਂ ਲਿਆ ਪਰ ਉਸ ਨੇ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਸ ਨੇ ਅਰਦਾਸ ਦੌਰਾਨ ਆਖਿਆ ਕਿ ਜਿਹੜੇ ਸਿੱਖ ਖਾਲਿਸਤਾਨ ਲਈ ਲਗੇ ਹਨ , ਉਨ੍ਹਾਂ ਦੇ ਕਾਰਜ ਰਾਸ ਕਰੋ ਅਤੇ ਜ਼ਾਲਮ ਸਰਕਾਰਾਂ ਤੋਂ ਬਚਾਓ। ਅਰਦਾਸ ਮਗਰੋਂ ਉਸ ਵਲੋਂ ਦੋ ਵਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਦੂਜੇ ਪਾਸੇ ਪੁਲੀਸ ਨੇ ਇਸ ਮਾਮਲੇ ਵਿਚ ਫਿਲਹਾਲ ਚੁਪ ਧਾਰੀ ਹੋਈ ਹੈ। ਗਲਿਆਰਾ ਚੌਕੀ ਦੇ ਐੱਸਐੱਚਓ ਨੇ ਨੇ ਆਖਿਆ ਕਿ ਇਸ ਸਬੰਧੀ ਕਿਸੇ ਨੂੰ ਕਾਬੂ ਨਹੀਂ ਕੀਤਾ। ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਵੀ ਇਸ ਬਾਰੇ ਚੁੱਪ ਵੱਟੀ ਹੋਈ ਹੈ।