ਪੁਲੀਸ ਵੱਲੋਂ ਦੋ ਲੁਟੇਰੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਭੋਗਪੁਰ, 3 ਅਗਸਤ
ਥਾਣਾ ਭੋਗਪੁਰ ਦੀ ਪੁਲੀਸ ਲੁੱਟਾਂ ਖੋਹਾਂ ਕਰਨ ਵਾਲੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਕਰਕੇ ਲੁੱਟੇ ਹੋਏ ਸਮਾਨ ਸਮੇਤ ਉਹਨਾਂ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਦੋ ਨੌਜਵਾਨਾਂ ਜਿਹਨਾਂ ਚ ਅਵਤਾਰ ਸਿੰਘ ਤਾਰੀ ਵਾਸੀ ਭਟਨੂਰਾ ਕਲਾਂ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਅਤੇ ਹਰਮੇਸ਼ ਲਾਲ ਹਨੀ ਵਾਸੀ ਪੰਡੋਰੀ ਝਾਵਾਂ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਟਾਂਡਾ ਇਲਾਕੇ ਵਿੱਚ ਦੋ ਲੜਕੀਆਂ ਤੋਂ ਅਤੇ ਟਾਂਡਾ ਦੇ ਇੱਕ ਦੁਕਾਨਦਾਰ ਤੋਂ ਮੋਬਾਇਲ ਖੋਹ ਕੇ ਜਦੋਂ ਭੋਗਪੁਰ ਇਲਾਕੇ ਵਿੱਚ ਦਾਖਲ ਹੋਏ ਤਾਂ ਸ਼ਹਿਰ ਦੇ ਬਾਹਰ ਕੌਮੀ ਮਾਰਗ ‘ਤੇ ਸਥਿੱਤ ਸ਼ਰਾਬ ਦਾ ਠੇਕਾ ਲੁੱਟਣ ਤੋਂ ਬਾਅਦ ਭੁਲੱਥ ਵਾਲੀ ਦਿਸ਼ਾ ਵੱਲ ਰੱਫੂ ਚੱਕਰ ਹੋ ਗਏ।
ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ’ਤੇ ਹੋਈ ਲੁੱਟ ਦੀ ਵਾਰਦਾਤ ਦੀ ਥਾਣਾ ਭੋਗਪੁਰ ਦੀ ਪੁਲੀਸ ਨੂੰ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਇਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਕੇ ਪਿੰਡ ਟਾਂਡੀ ਵਾਲੇ ਮੋੜ ਨਜ਼ਦੀਕ ਦੋਹਾਂ ਨੂੰ ਤਿੰਨ ਮੁਬਾਇਲਾਂ, ਠੇਕੇ ਤੋਂ ਲੁੱਟੀ ਨਗਦੀ ਅਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਅਤੇ ਥਾਣਾ ਭੋਗਪੁਰ ਵਿੱਚ ਕੇਸ ਦਰਜ ਕਰ ਦਿੱਤਾ।