ਕੁੱਟਮਾਰ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ
05:14 AM Jun 16, 2025 IST
ਪੱਤਰ ਪ੍ਰੇਰਕ
ਕਪੂਰਥਲਾ, 15 ਜੂਨ
ਮਾਮੂਲੀ ਤਕਰਾਰ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਢਿੱਲਵਾਂ ਪੁਲੀਸ ਨੇ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਰਮਜੀਤ ਸਿੰਘ ਵਾਸੀ ਭੰਡਾਲ ਬੇਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਕੋਟ ਮਹਿਤਾਬ ਪਿੰਡ ਦੀ ਪੰਚਾਇਤੀ ਜ਼ਮੀਨ 18 ਕਿਲੇ ਠੇਕੇ ’ਤੇ ਲਈ ਹੋਈ ਹੈ। ਇਸ ਤੋਂ ਪਹਿਲਾਂ ਇਹ ਜ਼ਮੀਨ ਬਲਬੀਰ ਸਿੰਘ ਵਾਹੁੰਦਾ ਸੀ ਤੇ ਉਸ ਵੱਲੋਂ ਵੱਧ ਬੋਲੀ ਦੇ ਕੇ ਇਹ ਜ਼ਮੀਨ ਲੈ ਲਈ ਸੀ। ਉਹ ਹੁਣ ਮੁੜ ਇਸ ਦੀ ਬੋਲੀ ਲਈ ਬੀਡੀਪੀਓ ਦਫ਼ਤਰ ਗਏ ਸਨ ਜਿੱਥੇ ਉਨ੍ਹਾਂ ਦਾ ਮਾਮੂਲੀ ਝਗੜਾ ਹੋ ਗਿਆ। ਇਸ ਕਰ ਕੇ ਬੋਲੀ ਰੱਦ ਹੋ ਗਈ ਤੇ ਜਦੋਂ ਉਹ ਵਾਪਸ ਸ਼ਾਮ ਨੂੰ ਖੇਤਾਂ ’ਚ ਕੰਮ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਦੂਜੀ ਧਿਰ ਦੇ ਬੰਦਿਆਂ ਨੇ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਬਲਬੀਰ ਸਿੰਘ, ਸੁਖਜੀਤ ਸਿੰਘ, ਜਸਪਾਲ ਸਿੰਘ, ਪਵਨਦੀਪ ਸਿੰਘ ਤੇ ਨਵਨੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement