ਸਰਪੰਚ ’ਤੇ ਪੰਚਾਂ ਦੇ ਜਾਅਲੀ ਦਸਤਖ਼ਤ ਕਰਨ ਅਤੇ ਰਿਸ਼ਵਤ ਲੈਣ ਦੇ ਦੋਸ਼
ਪੱਤਰ ਪ੍ਰੇਰਕ
ਜਲੰਧਰ, 15 ਜੂਨ
ਪਿੰਡ ਨਾਜਕਾਂ ਦੇ ਤਿੰਨ ਪੰਚਾਂ ਤਰਸੇਮ ਸਿੰਘ, ਰਜਿੰਦਰ ਕੁਮਾਰ ਅਤੇ ਗੁਰਪ੍ਰੀਤ ਭੱਟੀ ਨੇ ਪਿਛਲੇ ਦਿਨੀਂ ਪਿੰਡ ਨਾਜਕਾ ਦੀ ਸਰਪੰਚ ਵੱਲੋਂ ਪੰਚਾਇਤ ਦੇ ਕਾਰਵਾਈ ਰਜਿਸਟਰ ਵਿੱਚ ਜਾਅਲੀ ਦਸਤਖ਼ਤ ਕਰਨ ਅਤੇ ਪਿੰਡ ਵਿੱਚ ਗ਼ਰੀਬਾਂ ਦੇ ਕੱਚੇ ਘਰ ਪੱਕੇ ਕਾਰਨ ਲਈ ਆਉਣ ਵਾਲੀ ਗਰਾਂਟ ਲਈ ਕਥਿਤ ਰਿਸ਼ਵਤ ਵਜੋਂ ਰਕਮ ਲੈਣ ਦੇ ਦੋਸ਼ ਲਾਏ ਸਨ। ਬੀਡੀਪੀਓ ਦਫ਼ਤਰ ਆਦਮਪੁਰ ਵਿੱਚ ਪੰਚਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਮੇਨ ਸੜਕ ’ਤੇ ਬਣੇ ਨਾਜਾਇਜ਼ ਛੱਪੜ ਦੀ ਸਫ਼ਾਈ ਦਾ ਕੰਮ ਬਿਨਾਂ ਪੰਚਾਂ ਦੀ ਸਹਿਮਤੀ ਤੋਂ ਸਰਪੰਚ ਊਸ਼ਾ ਰਾਣੀ ਤੇ ਉਸ ਦੇ ਪਤੀ ਵੱਲੋਂ ਰਜਿਸਟਰ ਉੱਪਰ ਉਨ੍ਹਾਂ ਦੇ ਜਾਅਲੀ ਦਸਤਖ਼ਤ ਕਰ ਕੇ ਕਰਵਾਇਆ ਗਿਆ। ਜੋਗੀ ਰਾਮ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਲਈ ਆਏ ਮਕਾਨਾਂ ਦੇ ਪੈਸੇ ਜਲਦੀ ਦਿਵਾਉਣ ਬਦਲੇ ਉਸ ਕੋਲੋਂ ਸਰਪੰਚ ਨੇ 5000 ਰੁਪਏ ਲਏ। ਇਸੇ ਤਰ੍ਹਾਂ ਗੁਰਦੀਪ ਚੰਦ, ਦੌਲਤ ਰਾਮ, ਬਲਵੰਤ ਕੌਰ ਤੇ ਕਮਲਜੀਤ ਕੌਰ ਨੇ ਵੀ ਰਿਸ਼ਵਤ ਲੈਣ ਦੇ ਦੋਸ਼ ਲਾਏ। ਪੰਚਾਂ ਨੇ ਦੋਸ਼ ਲਾਏ ਕਿ ਸਰਪੰਚ ਆਪਣੀ ਮਰਜ਼ੀ ਨਾਲ ਕੰਮ ਕਰ ਰਹੀ ਹੈ ਤੇ ਮੈਂਬਰਾਂ ਨੂੰ ਕਿਸੇ ਵੀ ਗੱਲ ਬਾਰੇ ਕੋਈ ਵੀ ਪੁੱਛਗਿੱਛ ਨਹੀਂ ਕੀਤੀ ਜਾਂਦੀ।
ਇਸ ਸਬੰਧੀ ਸਰਪੰਚ ਊਸ਼ਾ ਰਾਣੀ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਕਾਨੂੰਨ ਅਨੁਸਾਰ ਹੋਵੇਗੀ ਕਾਰਵਾਈ: ਬੀਡੀਪੀਓ
ਬੀਡੀਪੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਨਾਜਕਾ ਦੀ ਸਰਪੰਚ ਊਸ਼ਾ ਰਾਣੀ ਖ਼ਿਲਾਫ਼ ਸ਼ਿਕਾਇਤ ਮਗਰੋਂ ਉਨ੍ਹਾਂ ਪੰਚਾਇਤ ਦਾ ਸਾਰਾ ਰਿਕਾਰਡ ਜ਼ਬਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦਸਤਖ਼ਤ ਜਾਂਚ ਵਾਸਤੇ ਸਰਕਾਰੀ ਟੈਸਟ ਸੈਂਟਰ ਫਿਲੌਰ ਭੇਜੇ ਜਾਣਗੇ। ਜੇ ਇਹ ਜਾਅਲੀ ਪਾਏ ਗਏ ਤਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।