ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਉਬੀਰ ਨਕੁਸ਼ਬੰਦੀ
ਨਵੀਂ ਦਿੱਲੀ, 18 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜੋ ਨੌਂ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਧਰਤੀ ’ਤੇ ਵਾਪਸ ਆ ਰਹੀ ਹੈ। ਵਿਲੀਅਮਜ਼ ਨੂੰ ਭਾਰਤ ਦੀ ਧੀ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਜਲਦੀ ਹੀ ਉਸਦੀ ਮੇਜ਼ਬਾਨੀ ਕਰਨ ਲਈ ਉਤਸੁਕ ਹੈ। ਉਨ੍ਹਾਂ ਵਿਲੀਅਮਜ਼ ਦੇ ਪੁਰਖਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਉਸਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਭਾਰਤ ਤੋਂ ਹਨ। ਵਿਲੀਅਮਜ਼ ਦੇ ਪਰਿਵਾਰ ਦੀਆਂ ਜੜ੍ਹਾਂ ਗੁਜਰਾਤ ਦੇ ਝੂਲਾਸਨ ਪਿੰਡ ਤੋਂ ਹਨ।
ਜ਼ਿਕਰਯੋਗ ਹੈ ਕਿ ਪੁਲਾੜ ਵਿੱਚ ਫਸਣ ਤੋਂ ਬਾਅਦ ਵਿਲੀਅਮਜ਼ ਅਤੇ ਬੁੱਚ ਵਿਲਮੋਰ ਪੁਲਾੜ ਸਟੇਸ਼ਨ ਤੋਂ ਅੱਜ ਰਵਾਨਾ ਹੋਏ ਹਨ। ਦੋਵੇਂ ਜੂਨ 2024 ਵਿੱਚ ਅੱਠ ਦਿਨਾਂ ਦੇ ਮਿਸ਼ਨ ’ਤੇ ISS ਗਏ ਸਨ ਪਰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿਚ ਤਕਨੀਕੀ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਉਥੇ ਰੁਕਣਾ ਪਿਆ ਸੀ। ਹੁਣ ਇਕ ਸਪੇਸਐਕਸ ਕਰੂ ਡਰੈਗਨ ਪੁਲਾੜ ਜਹਾਜ਼ ਉਨ੍ਹਾਂ ਨੂੰ ਵਾਪਸ ਲਿਆ ਰਿਹਾ ਹੈ।
ਵਿਲੀਅਮਜ਼ ਨੂੰ ਲਿਖੇ ਇੱਕ ਪੱਤਰ ਵਿੱਚ ਮੋਦੀ ਨੇ ਕਿਹਾ, "ਮੈਂ ਤੁਹਾਨੂੰ ਭਾਰਤ ਦੇ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ 1.4 ਅਰਬ ਭਾਰਤੀਆਂ ਨੇ ਹਮੇਸ਼ਾ ਵਿਲੀਅਮਜ਼ ਦੀਆਂ ਪ੍ਰਾਪਤੀਆਂ ’ਤੇ ਬਹੁਤ ਮਾਣ ਕੀਤਾ ਹੈ। ਉਨਾਂ ਪੱਤਰ ਵਿਚ ਲਿਖਿਆ, ‘‘ਭਾਵੇਂ ਤੁਸੀਂ ਹਜ਼ਾਰਾਂ ਮੀਲ ਦੂਰ ਹੋ, ਤੁਸੀਂ ਸਾਡੇ ਦਿਲਾਂ ਦੇ ਨੇੜੇ ਰਹਿੰਦੇ ਹੋ। ਭਾਰਤ ਦੇ ਲੋਕ ਤੁਹਾਡੀ ਚੰਗੀ ਸਿਹਤ ਅਤੇ ਤੁਹਾਡੇ ਮਿਸ਼ਨ ਵਿੱਚ ਸਫਲਤਾ ਲਈ ਪ੍ਰਾਰਥਨਾ ਕਰ ਰਹੇ ਹਨ।’’
ਵਿਲੀਅਮਜ਼ ਦੇ ਮਾਪਿਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ, "ਸ਼੍ਰੀਮਤੀ ਬੋਨੀ ਪਾਂਡਿਯਾ ਤੁਹਾਡੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋਣਗੇ ਅਤੇ ਮੈਨੂੰ ਯਕੀਨ ਹੈ ਕਿ ਸਵਰਗੀ ਦੀਪਕਭਾਈ ਦਾ ਆਸ਼ੀਰਵਾਦ ਵੀ ਤੁਹਾਡੇ ਨਾਲ ਹੈ।" ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਲੀਅਮਜ਼ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।