ਬੂਟੇ ਲਗਾਉਣ ਦੀ ਮੁਹਿੰਮ
ਵਿਕਾਸ ਦੇ ਕੁਦਰਤ ਅਤੇ ਮਨੁੱਖ ਵਿਰੋਧੀ ਮਾਡਲ ਦਾ ਖਮਿਆਜ਼ਾ ਭੁਗਤ ਰਹੇ ਸਮਾਜ ਦੀ ਕੁਦਰਤ ਪ੍ਰਤੀ ਪਹੁੰਚ ਹੌਲੀ ਹੌਲੀ ਬਦਲ ਰਹੀ ਹੈ। ਜੰਗਲਾਂ ਦੀ ਅੰਧਾ-ਧੁੰਦ ਕਟਾਈ ਦੇ ਨੁਕਸਾਨ ਪਿੱਛੋਂ ਇਨ੍ਹਾਂ ਨੂੰ ਬਚਾਉਣ ਅਤੇ ਨਵੇਂ ਪੌਦੇ ਲਗਾਉਣ ਦਾ ਸੁਨੇਹਾ ਦੇਣ ਦੀ ਜਾਗਰੂਕਤਾ ਸ਼ੁਭ ਸਗਨ ਹੈ। ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਸਰਕਾਰੀ ਹੁਕਮ ਮੁਤਾਬਿਕ ਸਾਰੇ ਪਿੰਡਾਂ ਵਿਚ 550-550 ਸੌ ਬੂਟੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਨੇ ਹੁਣ ਅਗਲਾ ਸਾਲ ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕਰਦੇ ਹੋਏ ਹਰ ਪਿੰਡ ਵਿਚ 400 ਬੂਟਾ ਲਗਾਉਣ ਦੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਸੂਬੇ ਦੀ ਸਮੁੱਚੀ ਜ਼ਮੀਨ ਸਿੰਜਾਈ ਅਧੀਨ ਹੋਣ ਕਰ ਕੇ ਫ਼ਸਲੀ ਚੱਕਰ ਦਾ ਹਿੱਸਾ ਬਣਨ ਦੇ ਕਾਬਿਲ ਹੈ। ਇਸ ਲਈ ਕਿਸੇ ਖੇਤਰ ਵਿਚ 33 ਫ਼ੀਸਦੀ ਵਣ ਵਾਲੇ ਆਦਰਸ਼ਕ ਮਾਪਦੰਡ ਭਾਵੇਂ ਇੱਥੇ ਲਾਗੂ ਹੋਣੇ ਮੁਸ਼ਕਿਲ ਹਨ, ਫਿਰ ਵੀ ਵਣਾਂ ਬਾਰੇ ਜਾਂ ਕੁਦਰਤੀ ਵਸੀਲਿਆਂ ਬਾਰੇ ਪਹੁੰਚ ਦਾ ਸਵਾਲ ਵੱਡਾ ਹੈ।
ਭਾਰਤੀ ਸੰਵਿਧਾਨ ਜਿਊਣ ਨੂੰ ਬੁਨਿਆਦੀ ਅਧਿਕਾਰ ਸਵੀਕਾਰ ਕਰਦਾ ਹੈ। ਜਿਊਣ ਲਈ ਰੋਜ਼ੀ-ਰੋਟੀ ਵਾਸਤੇ ਕਿਸੇ ਨਾ ਕਿਸੇ ਰੁਜ਼ਗਾਰ ਦੀ ਲੋੜ ਹੈ। ਦੇਸ਼ ਵਿਚ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ (ਮਗਨਰੇਗਾ) ਬਣਨ ਨਾਲ ਪੇਂਡੂ ਖੇਤਰ ਵਿਚ ਸਾਲ ਅੰਦਰ 100 ਦਨਿ ਦੇ ਕੰਮ ਦਾ ਬੁਨਿਆਦੀ ਹੱਕ ਦਿੱਤਾ ਗਿਆ ਹੈ। ਇਸ ਤਹਿਤ ਪੌਦੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਦਾ ਵਿਸ਼ੇਸ਼ ਥਾਂ ਹੈ। ਇਸ ਦੀਆਂ ਸੇਧਾਂ ਅਨੁਸਾਰ 200 ਬੂਟੇ ਪਾਲਣ ਵਾਸਤੇ ਤਿੰਨ ਸਾਲਾਂ ਤੱਕ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਇਉਂ ਹਰ ਸਾਲ ਤਕਰੀਬਨ ਚਾਰ ਪਰਿਵਾਰਾਂ ਨੂੰ 90-90 ਦਨਿਾਂ ਤੋਂ ਵੱਧ ਕੰਮ ਮਿਲ ਸਕਦਾ ਹੈ। ਉਨ੍ਹਾਂ ਦੀ ਜਵਾਬਦੇਹੀ ਵੀ ਤੈਅ ਕੀਤੀ ਗਈ ਹੈ ਕਿ ਜੇ ਪੰਜ ਫ਼ੀਸਦੀ ਤੋਂ ਵੱਧ ਪੌਦੇ ਖ਼ਰਾਬ ਹੋ ਜਾਂਦੇ ਹਨ ਤਾਂ ਦਿਹਾੜੀ ਵਿਚ ਕਟੌਤੀ ਸੰਭਵ ਹੈ। ਸਰਕਾਰੀ ਯੋਜਨਾਵਾਂ ਦੀ ਹਕੀਕਤ ਇਹ ਹੈ ਕਿ ਮੌਨਸੂਨ ਦੇ ਸੀਜ਼ਨ ਵਿਚ ਹਰ ਸਾਲ ਕਰੋੜਾਂ ਪੌਦੇ ਲਗਾਏ ਜਾਂਦੇ ਹਨ। ਮੰਤਰੀਆਂ ਤੋਂ ਲੈ ਕੇ ਅਧਿਕਾਰੀ ਲਗਾਏ ਪੌਦਿਆਂ ਨਾਲ ਫ਼ੋਟੋ ਖਿਚਵਾਉਂਦੇ ਹਨ। ਉਂਝ, ਜੇ ਇਹ ਸਾਰੇ ਪੌਦੇ ਕਿਸੇ ਤਰੀਕੇ ਕਾਮਯਾਬ ਹੋ ਜਾਂਦੇ ਤਾਂ ਪੰਜਾਬ ਸੰਘਣੇ ਜੰਗਲ ਵਾਲਾ ਸੂਬਾ ਬਣ ਜਾਂਦਾ।
ਦਰਅਸਲ, ਇਨ੍ਹਾਂ ਪੌਦਿਆਂ ਦੀ ਸੰਭਾਲ ਕਿਸੇ ਯੋਜਨਾ ਦਾ ਹਿੱਸਾ ਹੀ ਨਹੀਂ ਹੁੰਦੀ। ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਲਗਾਏ ਬੂਟਿਆਂ ਦੀ ਸੰਭਾਲ ਦਾ ਹੀ ਮਾਮਲਾ ਵਿਚਾਰ ਲਓ। ਹਰ ਪਿੰਡ ਵਿਚ ਮਗਨਰੇਗਾ ਮਜ਼ਦੂਰਾਂ ਨੂੰ ਵਣ ਮਿੱਤਰ ਵਜੋਂ ਲਗਾਇਆ ਹੈ। ਬੂਟਿਆਂ ਦੀ ਸੰਭਾਲ ਲਈ 15 ਦਨਿ ਕੰਮ ਦੇ ਕੇ ਮੁੜ ਛੁੱਟੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੂੰ ਮਗਨਰੇਗਾ ਤਹਿਤ ਸੌ ਦਨਿ ਦਾ ਕੰਮ ਦੇਣ ਲਈ ਵੱਡੇ ਪੱਧਰ ਉੱਤੇ ਬੂਟੇ ਲਗਵਾਉਣ ਦੀ ਲੋੜ ਹੈ। ਮਗਨਰੇਗਾ ਤਹਿਤ ਕੰਮ ਦੀ ਸੌ ਫ਼ੀਸਦੀ ਦਿਹਾੜੀ ਕੇਂਦਰੀ ਫੰਡ ਵਿਚੋਂ ਆਉਣੀ ਹੈ। ਇਸ ਵਾਸਤੇ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।