ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਸ਼ਮੀਰੀਆਂ ਦਾ ਕਸ਼ਟ

04:10 AM Apr 25, 2025 IST
featuredImage featuredImage

ਪਹਿਲਗਾਮ ਦਹਿਸ਼ਤੀ ਹਮਲੇ ਨਾਲ ਕਸ਼ਮੀਰੀਆਂ ਨੂੰ ਸਖ਼ਤ ਦੋਹਰੇ ਝਟਕੇ ਲੱਗੇ ਹਨ। ਸੈਲਾਨੀਆਂ ਦੀ ਆਮਦ ਘਟਣ ਦੀ ਸੰਭਾਵਨਾ ਹੈ, ਜਿਸ ਕਰ ਕੇ ਵਾਦੀ ਦੇ ਲੋਕਾਂ ਨੂੰ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ। ਦੂਜੇ ਪਾਸੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬੈਠੇ ਵਿਦਿਆਰਥੀਆਂ ਤੇ ਵਪਾਰੀਆਂ ਨੂੰ ਜ਼ਲੀਲ ਕਰ ਕੇ ਧਮਕਾਇਆ ਜਾ ਰਿਹਾ ਹੈ। ਮੁੱਖ ਮੰਤਰੀ ਉਮਰ ਅਬਦੁੱਲ੍ਹਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਵਰਗੇ ਜੰਮੂ ਕਸ਼ਮੀਰ ਦੇ ਪ੍ਰਮੁੱਖ ਆਗੂਆਂ ਨੇ ਕਸ਼ਮੀਰੀਆਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਇਹ ਜ਼ਿੰਮੇਵਾਰੀ ਕੇਂਦਰ ਤੇ ਰਾਜ ਸਰਕਾਰਾਂ ਦੀ ਹੈ ਕਿ ਉਹ ਉਨ੍ਹਾਂ ਵੰਡਪਾਊ ਤੱਤਾਂ ਖ਼ਿਲਾਫ਼ ਕਾਰਵਾਈ ਕਰਨ ਜਿਹੜੇ ਕਤਲੇਆਮ ਦੇ ਬਹਾਨੇ ਕਸ਼ਮੀਰੀਆਂ ਨੂੰ ਨਿੰਦ ਕੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਪੁਖ਼ਤਾ ਇੰਤਜ਼ਾਮ ਕਰਨ ਤੇ ਕਿਸੇ ਕਿਸਮ ਦੀ ਗੁੰਜਾਇਸ਼ ਨਾ ਛੱਡੀ ਜਾਵੇ, ਜਿਸ ਨਾਲ ਫ਼ਿਰਕੂ ਜਾਂ ਸ਼ਰਾਰਤੀ ਤੱਤਾਂ ਨੂੰ ਸਿਰ ਚੁੱਕਣ ਦਾ ਮੌਕਾ ਮਿਲੇ।

Advertisement

ਕਸ਼ਮੀਰ ਆਧਾਰਿਤ ਸਿਆਸੀ ਪਾਰਟੀਆਂ, ਕਾਰੋਬਾਰੀ ਸੰਗਠਨਾਂ ਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਮ ਲੋਕਾਂ ਨਾਲ ਮਿਲ ਕੇ ਇਕਸੁਰ ’ਚ ਹੱਤਿਆਵਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਸਾਫ਼-ਸਾਫ਼ ਕਿਹਾ ਹੈ ਕਿ “ਸਾਡੇ ਨਾਂ ’ਤੇ ਇਹ ਨਾ ਕਰੋ”, ਤੇ ਪੂਰੇ ਦੇਸ਼ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਸ਼ਮੀਰ ’ਤੇ ਕਲੰਕ ਲਾਉਣ ਵਾਲੇ ਅਤਿਵਾਦੀਆਂ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੈ, ਜਿਹੜੇ ਕਸ਼ਮੀਰ ਲਈ ਜ਼ਲਾਲਤ ਦਾ ਕਾਰਨ ਬਣ ਰਹੇ ਹਨ ਤੇ ਮਾਨਵਤਾ ਵਿਰੁੱਧ ਆਪਣੇ ਅਪਰਾਧਾਂ ਨਾਲ ਇਸਲਾਮ ਨੂੰ ਵੀ ਬਦਨਾਮ ਕਰ ਰਹੇ ਹਨ। ਪੂਰੇ ਦੇਸ਼ ’ਚ ਉੱਠੀ ਗੁੱਸੇ ਦੀ ਲਹਿਰ ਦੇ ਮੱਦੇਨਜ਼ਰ, ਰਾਜਨੀਤਕ ਤੇ ਧਾਰਮਿਕ ਆਗੂਆਂ ਲਈ ਇਹ ਜ਼ਰੂਰੀ ਹੈ ਕਿ ਉਹ ਹੋਰ ਭੜਕਾਹਟ ਪੈਦਾ ਕਰਨ ਦੀ ਥਾਂ ਸ਼ਾਂਤ ਵਾਤਾਵਰਨ ਸਿਰਜਣ ਦੀ ਕੋਸ਼ਿਸ਼ ਕਰਨ।

ਭੜਕਾਹਟ ਪੈਦਾ ਕਰਨ ਵਾਲੇ ਇਹ ਸਚਾਈ ਸੌਖਿਆਂ ਹੀ ਭੁੱਲ ਰਹੇ ਹਨ ਕਿ ਉਹ ਕਸ਼ਮੀਰੀ ਪੋਨੀਵਾਲਾ ਸਈਦ ਆਦਿਲ ਹੁਸੈਨ ਸ਼ਾਹ ਹੀ ਸੀ, ਜਿਸ ਨੇ ਬੰਦੂਕਾਂ ਤਾਣ ਕੇ ਖੜ੍ਹੇ ਅਤਿਵਾਦੀਆਂ ਤੋਂ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਦੇ ਦਿੱਤੀ। ਉਹ ਹਿੰਮਤੀ ਸ਼ਖ਼ਸ ਉਦੋਂ ਅਤਿਵਾਦੀਆਂ ਦੀ ਗੋਲੀ ਨਾਲ ਮਾਰਿਆ ਗਿਆ ਜਦੋਂ ਉਸ ਨੇ ਇੱਕ ਹਮਲਾਵਰ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਦੇ ਨਿਰਸਵਾਰਥ ਹੌਸਲੇ ਤੇ ਬਹਾਦਰੀ ਨੂੰ ਵਿਆਪਕ ਮਾਨਤਾ ਮਿਲਣੀ ਚਾਹੀਦੀ ਹੈ ਤੇ ਕਸ਼ਮੀਰੀਆਂ ਬਾਰੇ ਗ਼ਲਤਫ਼ਹਿਮੀਆਂ ਦੂਰ ਕਰਨ ਲਈ ਇਸ ਨੂੰ ਮਿਸਾਲ ਦੇ ਤੌਰ ’ਤੇ ਵਡਿਆਇਆ ਜਾਣਾ ਚਾਹੀਦਾ ਹੈ। ਇਸ ਕਾਇਰਾਨਾ ਅਤਿਵਾਦੀ ਹਮਲੇ ਲਈ ਕਸ਼ਮੀਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ’ਚੋਂ ਫ਼ਿਰਕੂ ਏਜੰਡੇ ਦੀ ਬੂ ਆਉਂਦੀ ਹੈ ਜੋ ਸਾਡੀ ਧਰਮ ਨਿਰਪੱਖ ਰਚਨਾ ਨੂੰ ਲੀਰੋ-ਲੀਰ ਕਰ ਸਕਦਾ ਹੈ। ਸੰਨ 1984 ਤੇ 2002 ਦੇ ਖ਼ੂਨ-ਖਰਾਬੇ ਨੂੰ ਯਾਦ ਕਰਦਿਆਂ, ਜਦੋਂ ਘੱਟਗਿਣਤੀ ਫ਼ਿਰਕਿਆਂ ਦੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਸ ਵਾਰ ਸਿਆਣੀ ਰਾਇ ਲਗਾਤਾਰ ਪੈ ਰਹੇ ਰੌਲੇ-ਰੱਪੇ ’ਚ ਨਾ ਗੁਆਚੇ।

Advertisement

Advertisement