ਨੀਰਜ ’ਤੇ ਨਿਸ਼ਾਨਾ
ਓਲੰਪਿਕ ਚੈਂਪੀਅਨ ਨੇ ਸਾਫ਼ ਕੀਤਾ ਹੈ ਕਿ ਪਹਿਲੇ ਐੱਨਸੀ (ਨੀਰਜ ਚੋਪੜਾ) ਕਲਾਸਿਕ ਮੁਕਾਬਲੇ ਲਈ ਸੱਦੇ, ਕਸ਼ਮੀਰ ਹਮਲੇ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਭੇਜੇ ਗਏ ਸਨ; ਹਾਲਾਂਕਿ ਸੋਸ਼ਲ ਮੀਡੀਆ ’ਤੇ ਦੁਰਭਾਵਨਾ ਨਾਲ ਗ਼ਲਤ ਜਾਣਕਾਰੀ ਅਤੇ ਝੂਠਾ ਬਿਰਤਾਂਤ ਫੈਲਾਇਆ ਗਿਆ ਤੇ ਟਰੋਲਾਂ ਰਾਹੀਂ ਉਸ ਦੀ ਦੇਸ਼ਭਗਤੀ ’ਤੇ ਸਵਾਲ ਚੁੱਕੇ ਗਏ। ਨੀਰਜ ਚੋਪੜਾ ਦਾ ਅਰਸ਼ਦ ਨਦੀਮ ਨਾਲ ਮੁਕਾਬਲਾ ਹਮੇਸ਼ਾ ਖੁਸ਼ਗਵਾਰ ਰਿਹਾ ਹੈ, ਅਰਸ਼ਦ ਨਦੀਮ ਨੇ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਨੀਰਜ ਚੋਪੜਾ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ ਸੀ। ਪਰ ਉਸ ਨੇ ਸਪੱਸ਼ਟ ਕੀਤਾ ਹੈ ਕਿ ਹਾਲੀਆ ਸੱਦਾ “ਇੱਕ ਅਥਲੀਟ ਵੱਲੋਂ ਦੂਜੇ ਨੂੰ ਭੇਜਿਆ ਗਿਆ ਸੀ- ਇਸ ਤੋਂ ਵਧ ਕੇ ਕੁਝ ਨਹੀਂ”। ਇਹ ਬਹੁਤ ਮਾੜੀ ਗੱਲ ਹੈ ਕਿ ਨੀਰਜ ਨੂੰ ਉਹ ਕਹਿਣ ਲਈ ਮਜਬੂਰ ਕੀਤਾ ਗਿਆ ਜੋ ਸੁਭਾਵਿਕ ਹੈ ਕਿ ਉਸ ਦਾ ਮੁਲਕ ਅਤੇ ਇਸ ਦੇ ਹਿੱਤ ਉਸ ਲਈ ਸਭ ਤੋਂ ਪਹਿਲਾਂ ਹਨ।
ਇਸ ਤੋਂ ਬਦਤਰ ਕੀ ਹੋਵੇਗਾ ਕਿ ਇੱਕ ਮਹਾਨ ਖਿਡਾਰੀ ਦੀ ਮਾਂ ਨੂੰ ਪੈਰਿਸ ਖੇਡਾਂ ਤੋਂ ਬਾਅਦ ਦਿੱਤੇ ਉਸ ਜਜ਼ਬਾਤੀ ਬਿਆਨ ਲਈ ਨਿਸ਼ਾਨਾ ਬਣਾਇਆ ਗਿਆ ਕਿ ਅਰਸ਼ਦ ਨਦੀਮ ਵੀ ਉਸ ਦੇ ਪੁੱਤ ਵਰਗਾ ਹੈ; ਨੀਰਜ ਦੀ ਮਾਂ ਦੇ ਇਨ੍ਹਾਂ ਭਲੇ ਭਾਵਾਂ ਦਾ ਪਾਕਿਸਤਾਨੀ ਅਥਲੀਟ ਦੀ ਮਾਂ ਨੇ ਵੀ ਬਿਲਕੁਲ ਉਸੇ ਅੰਦਾਜ਼ ’ਚ ਹੁੰਗਾਰਾ ਭਰਿਆ ਸੀ, ਜਿਸ ਨੇ ਕਿਹਾ ਸੀ ਕਿ ਦੋਵੇਂ ਮੁਕਾਬਲੇਬਾਜ਼ ਭਰਾਵਾਂ ਵਾਂਗ ਹਨ। ਆਸ ਸੀ ਕਿ ਸਰਹੱਦ ਪਾਰ ਦੋਸਤੀ ਦਾ ਇਹ ਦਿਲਾਂ ਨੂੰ ਛੂਹ ਲੈਣ ਵਾਲਾ ਮੁਜ਼ਾਹਰਾ ਦੋਵਾਂ ਦੇਸ਼ਾਂ ਨੂੰ ਆਪਣੇ ਚਿਰਾਂ ਦੇ ਫ਼ਰਕ ਤਿਆਗਣ ਤੇ ਇੱਕ-ਦੂਜੇ ਦੇ ਨੇੜੇ ਆਉਣ ਲਈ ਪ੍ਰੇਰਿਤ ਕਰੇਗਾ। ਪਰ ਪਹਿਲਗਾਮ ਦੇ ਕਤਲੇਆਮ ਨੇ ਇਸ ਉਮੀਦ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ; ਹਾਲਾਂਕਿ, ਨੀਰਜ ਨੂੰ ਮੰਦਾ ਬੋਲਣਾ, ਜਿਸ ਨੇ ਕਈ ਵਾਰ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਨਿਰੀ ਨਾ-ਸ਼ੁਕਰਗੁਜ਼ਾਰੀ ਤੇ ਬੇਸ਼ਰਮੀ ਦੀ ਨਿਸ਼ਾਨੀ ਹੈ।