ਨੈਸ਼ਨਲ ਹਾਈਵੇਅ ’ਤੇ ਪਏ ਖੱਡੇ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਭਵਾਨੀਗੜ੍ਹ, 20 ਜੁਲਾਈ
ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਬਾਲਦ ਕੈਂਚੀਆਂ ਨੇੜੇ ਪਏ ਵੱਡਾ ਟੋਏ ਕਾਰਨ ਹਰ ਰੋਜ਼ ਸੜਕ ਹਾਦਸੇ ਹੋ ਰਹੇ ਹਨ। ਅਜਿਹਾ ਇਕ ਮਾਮਲਾ ਬੀਤੀ ਰਾਤ ਸੁਨਾਮ ਵਾਸੀ ਸੂਚਨਾ ਅਧਿਕਾਰ ਕਾਨੂੰਨ ਤੇ ਸਮਾਜਿਕ ਕਾਰਕੁਨ ਜਤਿੰਦਰ ਜੈਨ ਨਾਲ ਬੀਤੀ ਰਾਤ ਵਾਪਰਿਆ। ਹਾਈਵੇਅ ’ਤੇ ਸਟ੍ਰੀਟ ਲਾਈਟ ਨਾ ਹੋਣ ਕਾਰਨ ਛਾਏ ਘੁੱਪ ਹਨੇਰੇ ਵਿੱਚ ਅੱਗੇ ਜਾ ਰਹੇ ਵਾਹਨ ਨੂੰ ਓਵਰ ਟੇਕ ਕਰਦਿਆਂ ਉਨ੍ਹਾਂ ਦੀ ਕਾਰ ਹਾਈਵੇਅ ‘ਤੇ ਪਾਣੀ ਨਾਲ ਭਰੇ ਵੱਡੇ ਟੋਏ ਵਿੱਚ ਜਾ ਡਿੱਗੀ ਤੇ ਕਾਰ ਦਾ ਟਾਇਰ ਫੱਟ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪ੍ਰਸ਼ਾਸਨ ਅੱਗੇ ਚੁੱਕਣਗੇ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਧਿਆਨ ਵਿੱਚ ਵੀ ਲਿਆਉਣਗੇ। ਉਹ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਇਸ ਸਬੰਧੀ ਪੱਤਰ ਭੇਜਣਗੇ। ਜੈਨ ਨੇ ਕਿਹਾ ਕਿ ਜੇ ਜਲਦ ਹੀ ਇਸ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਉਹ ਅਦਾਲਤ ਦਾ ਰੁੱਖ ਕਰਨ ਦੇ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਟੌਲ ਪਲਾਜ਼ਾ ਕਾਲਾਝਾੜ ਵਿੱੱਚ ਅਵਾਜ਼ ਉਠਾਈ ਸੀ,ਪਰ ਦੁਬਾਰਾ ਫਿਰ ਸੜਕ ਦੀ ਹਾਲਤ ਖ਼ਰਾਬ ਹੋ ਗਈ ਹੈ।