ਸੁਸਤੀ ਨਾਲ ਓਵਰ ਸੁੱਟਣ ਲਈ ਭਾਰਤੀ ਟੀਮ ਨੂੰ ਜੁਰਮਾਨਾ
ਦੁਬਈ, 12 ਜੂਨ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਸੁਸਤੀ ਨਾਲ ਓਵਰ ਸੁੱਟਣ ਲਈ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਪੂਰੀ ਮੈਚ ਫੀਸ ਦੇ ਰੂਪ ਵਿਚ ਜੁਰਮਾਨਾ ਲਾਇਆ ਗਿਆ ਹੈ ਜਦਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਅੰਪਾਇਰ ਦੇ ਫ਼ੈਸਲੇ ਦੀ ਆਲੋਚਨਾ ਕਰਨ ਲਈ ਵਾਧੂ 15 ਫੀਸਦ ਜੁਰਮਾਨਾ ਲਾਇਆ ਗਿਆ ਹੈ। ਇਸੇ ਤਰ੍ਹਾਂ ਆਸਟਰੇਲੀਆ ਦੇ ਖਿਡਾਰੀਆਂ ਨੂੰ ਵੀ ਸੁਸਤ ਓਵਰ ਦਰ ਲਈ ਮੈਚ ਫੀਸ ਦਾ 80 ਪ੍ਰਤੀਸ਼ਤ ਜੁਰਮਾਨਾ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਲੰਡਨ ਵਿਚ ਹੋਇਆ ਮੁਕਾਬਲਾ ਆਸਟਰੇਲੀਆ ਨੇ 209 ਦੌੜਾਂ ਨਾਲ ਜਿੱਤਿਆ ਸੀ।
ਦੱਸਣਯੋਗ ਹੈ ਕਿ ਆਈਸੀਸੀ ਦੇ ਜ਼ਾਬਤੇ ਮੁਤਾਬਕ ਆਰਟੀਕਲ 2.22 ਤਹਿਤ ਅਲਾਟ ਸਮੇਂ ਵਿਚ ਓਵਰ ਸੁੱਟਣ ‘ਚ ਨਾਕਾਮ ਰਹਿਣ ‘ਤੇ ਖਿਡਾਰੀਆਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ। ਵੇਰਵਿਆਂ ਮੁਤਾਬਕ ਭਾਰਤੀ ਟੀਮ ਤੈਅ ਸਮੇਂ ਵਿਚ ਪੰਜ ਓਵਰ ਪਿੱਛੇ ਸੀ। ਜਦਕਿ ਆਸਟਰੇਲੀਆ ਦੀ ਟੀਮ ਚਾਰ ਓਵਰ ਪਿੱਛੇ ਚੱਲ ਰਹੀ ਸੀ। ਗਿੱਲ ਨੂੰ ਜ਼ਾਬਤੇ ਦੀ ਧਾਰਾ 2.7 ਤੋੜਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜੋ ਕਿ ਜਨਤਕ ਆਲੋਚਨਾ ਜਾਂ ਗੈਰਵਾਜਬ ਟਿੱਪਣੀ ਨਾਲ ਸਬੰਧਤ ਹੈ। ਗਿੱਲ ਨੂੰ ਮੈਚ ਦੀ ਦੂਜੀ ਪਾਰੀ ਦੌਰਾਨ ਟੈਲੀਵਿਜ਼ਨ ਅੰਪਾਇਰ ਰਿਚਰਡ ਕੈਟਲਬੋਰੋ ਨੇ ਕੈਚ ਆਊਟ ਐਲਾਨ ਦਿੱਤਾ ਸੀ। ਜਦਕਿ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਸ਼ੁਭਮਨ ਨੇ ਰੀਪਲੇਅ ਦਾ ਇਕ ਟੀਵੀ ਸਕਰੀਨਸ਼ਾਟ ਪੋਸਟ ਕੀਤਾ ਸੀ ਜਿਸ ਵਿਚ ਗੇਂਦ ਜ਼ਮੀਨ ਨਾਲ ਲਗਦੀ ਜਾਪ ਰਹੀ ਸੀ। -ਪੀਟੀਆਈ