ਪੰਜਾਬ ਖ਼ਿਲਾਫ਼ ਦਿੱਲੀ ਲਈ ਕਰੋ ਜਾਂ ਮਰੋ ਮੁਕਾਬਲਾ ਅੱਜ
ਧਰਮਸ਼ਾਲਾ, 7 ਮਈ
ਦਿੱਲੀ ਕੈਪੀਟਲਜ਼ ਨੂੰ ਆਈਪੀਐੱਲ ਪਲੇਅਆਫ ਦੀ ਦੌੜ ’ਚ ਬਰਕਰਾਰ ਰਹਿਣ ਲਈ ਵੀਰਵਾਰ ਨੂੰ ਲੈਅ ਵਿੱਚ ਚੱਲ ਰਹੀ ਪੰਜਾਬ ਕਿੰਗਜ਼ ਦੀ ਟੀਮ ਖ਼ਿਲਾਫ਼ ਹਰ ਕੀਮਤ ’ਤੇ ਜਿੱਤ ਹਾਸਲ ਕਰਨੀ ਪਵੇਗੀ। 11 ਮੈਚਾਂ ’ਚੋਂ 13 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਕਾਬਜ਼ ਅਕਸ਼ਰ ਪਟੇਲ ਦੀ ਅਗਵਾਈ ਹੇਠਲੀ ਦਿੱਲੀ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ’ਚ ਸਿਰਫ਼ ਇੱਕ ਹੀ ਮੈਚ ਜਿੱਤਿਆ ਹੈ। ਇਹ ਜਿੱਤ ਵੀ ਉਸ ਨੇ ਸੁਪਰ ਓਵਰ ਵਿੱਚ ਹਾਸਲ ਕੀਤੀ ਸੀ। ਦਿੱਲੀ ਲਈ 381 ਦੌੜਾਂ ਬਣਾਉਣ ਵਾਲਾ ਕੇਐਲ ਰਾਹੁਲ ਲਗਾਤਾਰ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ। ਪਹਿਲੇ ਕੁੱਝ ਮੈਚਾਂ ਵਿੱਚ ਉਸ ਨੇ ਸ਼ਾਨਦਾਰ ਖੇਡ ਦਿਖਾਈ ਪਰ ਆਖਰੀ ਕੁੱਝ ਮੈਚਾਂ ਵਿੱਚ ਉਹ ਲੈਅ ਨਾਲ ਜੂਝਦਾ ਨਜ਼ਰ ਆਇਆ ਹੈ। ਟੀਮ ਨੂੰ ਟ੍ਰਿਸਟਨ ਸਟੱਬਸ, ਵਿਪਰਾਜ ਨਿਗਮ ਅਤੇ ਆਸ਼ੂਤੋਸ਼ ਸ਼ਰਮਾ ਵਰਗੇ ਬੱਲੇਬਾਜ਼ਾਂ ਤੋਂ ਵੱਡੀਆਂ ਉਮੀਦਾਂ ਹਨ। ਉਧਰ ਪੰਜਾਬ ਕਿੰਗਜ਼ ਨੇ 11 ’ਚੋਂ ਸਿਰਫ਼ ਤਿੰਨ ਮੈਚ ਹਾਰੇ ਹਨ ਅਤੇ ਉਹ ਅੰਕ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ ਹੁਣ ਤੱਕ 437 ਦੌੜਾਂ ਬਣਾਈਆਂ ਹਨ। ਕਪਤਾਨ ਸ਼੍ਰੇਅਸ ਅਈਅਰ ਵੀ 405 ਦੌੜਾਂ ਬਣਾ ਚੁੱਕਾ ਹੈ, ਜਿਸ ਵਿੱਚ ਚਾਰ ਨੀਮ ਸੈਂਕੜੇ ਵੀ ਸ਼ਾਮਲ ਹਨ। ਉਹ ਇਸ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ (27) ਲਾਉਣ ਵਾਲਾ ਦੂਜਾ ਬੱਲੇਬਾਜ਼ ਹੈ। ਪ੍ਰਿਯਾਂਸ਼ ਆਰੀਆ ਵੀ 347 ਦੌੜਾਂ ਬਣਾ ਕੇ ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਹੈ। ਲੋੜ ਪੈਣ ’ਤੇ ਐੱਨ ਵਢੇਰਾ ਅਤੇ ਸ਼ਸ਼ਾਂਕ ਸਿੰਘ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਗੇਂਦਬਾਜ਼ੀ ਵਿੱਚ ਪੰਜਾਬ ਦਾ ਅਰਸ਼ਦੀਪ ਸਿੰਘ 16 ਵਿਕਟਾਂ ਲੈ ਚੁੱਕਾ ਹੈ। ਇਸ ਤੋਂ ਇਲਾਵਾ ਯੁਜ਼ੇਵੇਂਦਰ ਚਾਹਲ, ਮਾਰਕੋ ਜਾਨਸਨ ਅਤੇ ਅਜ਼ਮਤੁੱਲਾ ਉਮਰਜ਼ਈ ਵੀ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ। -ਪੀਟੀਆਈ