ਮੋਟਰਸਾਈਕਲ ਦੀ ਟੱਕਰ ਨਾਲ ਰਾਹਗੀਰ ਦੀ ਮੌਤ
ਲੁਧਿਆਣਾ, 13 ਮਾਰਚ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਅਣਪਛਾਤੇ ਵਿਅਕਤੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ 4 ਦੇ ਇਲਾਕੇ ਛਾਉਣੀ ਮੁਹੱਲਾ ਵਿੱਚ ਪੈਦਲ ਜਾ ਰਹੇ ਰਾਹਗੀਰ ਵਿੱਚ ਮੋਟਰਸਾਈਕਲ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਮੱਖਣ ਮਾਸਟਰ ਸਕੂਲ ਰਾਏਕੋਟ ਵਾਸੀ ਪ੍ਰਵੇਜ਼ ਖਾਨ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਅਜੂਬ ਖਾਨ (52) ਪੈਦਲ ਘਰ ਜਾ ਰਿਹਾ ਸੀ ਤਾਂ ਗੁਲਾਟੀ ਫਾਸਟ ਫੂਡ ਕੋਲ ਪਿੱਛੋਂ ਆਏ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਜਤਿਨ ਰੇਲਾ ਨੇ ਅਜੂਬ ਖਾਨ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਅਜੂਬ ਖਾਨ ਸਖ਼ਤ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਜਤਿਨ ਰੇਲਾ ਵਾਸੀ ਛਾਉਣੀ ਮੁੱਹਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇੱਕ ਹੋਰ ਹਾਦਸੇ ਵਿੱਚ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਹੋਲਦਾਰ ਤਲਵਿੰਦਰ ਸਿੰਘ ਪੀਸੀਆਰ ਗੱਡੀ ਨੰਬਰ ਰੋਮੀਓ 29 ਨੇ ਦੱਸਿਆ ਹੈ ਕਿ ਉਹ ਸਿਪਾਹੀ ਜਗਸੀਰ ਸਿੰਘ ਨਾਲ ਪੈਟਰੋਲਿੰਗ ਦੌਰਾਨ ਨਿਊ ਕੂਕਾ ਮੋਟਰ ਵਰਕਸ਼ਾਪ ਦਿੱਲੀ ਰੋਡ ਸਮਰਾਲਾ ਚੌਕ ਪੁੱਜੇ ਤਾਂ ਵਰਕਸ਼ਾਪ ਅੱਗੇ ਅਣਪਛਾਤੇ ਵਿਅਕਤੀ (40-45 ਸਾਲ) ਦੀ ਲਾਸ਼ ਪਈ ਸੀ ਜਿਸ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਫੇਟ ਮਾਰ ਕੇ ਕੁਚਲ ਦਿੱਤਾ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।