ਖ਼ਾਲਸਾਈ ਰੰਗ ਵਿੱਚ ਰੰਗੀ ਮਾਛੀਵਾੜਾ ਸਾਹਿਬ ਦੀ ਧਰਤੀ
ਮਾਛੀਵਾੜਾ, 13 ਮਾਰਚ
ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਸਬੰਧ ਵਿੱਚ ਦਰਸ਼ਨਾਂ ਨੂੰ ਜਾ ਰਹੀ ਸੰਗਤ ਰਾਹ ਵਿੱਚ ਪੈਂਦੇ ਮਾਛੀਵਾੜਾ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਰੁਕਦੀ ਹੈ। ਕੇਸਰੀ ਦਸਤਾਰਾਂ ਵਿਚ ਸਜੀ ਸੰਗਤ ਦੀ ਆਮਦ ਨਾਲ ਮਾਛੀਵਾੜਾ ਸ਼ਹਿਰ ਦੀ ਧਰਤੀ ਖਾਲਸਾਈ ਰੰਗ ਵਿੱਚ ਰੰਗੀ ਦਿਖਾਈ ਦੇ ਰਹੀ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੇ ਆਸ ਪਾਸ ਦੇ ਪ੍ਰਦੇਸ਼ ਹਰਿਆਣਾ, ਰਾਜਸਥਾਨ ਤੋਂ ਆਉਂਦੇ ਸਿੱਖ ਸ਼ਰਧਾਲੂ ਜੋ ਕਿ ਹੋਲਾ-ਮਹੱਲਾ ਮਨਾਉਣ ਲਈ ਆਨੰਦਪੁਰ ਸਾਹਿਬ ਜਾ ਰਹੇ ਹਨ ਅਤੇ ਉਹ ਰਸਤੇ ਵਿਚ ਪੈਂਦੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਮਾਛੀਵਾੜਾ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ ਤੇ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਦੇ ਦਰਸ਼ਨ ਵੀ ਕਰਦੇ ਹਨ।
ਤੜਕੇ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਇਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਦਰਸ਼ਨਾਂ ਲਈ ਆ ਰਹੇ ਹਨ ਜਿਸ ਕਾਰਨ ਮਾਛੀਵਾੜਾ ਦੀ ਧਰਤੀ ’ਤੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਸੰਗਤਾਂ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਜਿੱਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਹਨ ਉਥੇ ਨਾਲ ਹੀ ਇਤਿਹਾਸਕ ਜੰਡ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਵਿਸ਼ਰਾਮ ਕੀਤਾ ਦੇ ਦਰਸ਼ਨ ਕਰ ਅਤੇ ਇਤਿਹਾਸਕ ਖੂਹ ਦਾ ਮਿੱਠਾ ਜਲ ਪੀ ਆਪਣੀ ਆਤਮਾ ਤ੍ਰਿਪਤ ਕਰਦੀਆਂ ਹਨ।
ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਇਤਿਹਾਸਕ ਮੱਟ ਤੇ ਗੁਰੂ ਜੀ ਦੇ ਸੇਵਕ ਗਨੀ ਖਾਂ ਨਬੀ ਖਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰ ਆਪਣੇ ਆਪ ਨੂੰ ਵਡਭਾਗੀਆਂ ਸਮਝ ਰਹੀਆਂ ਹਨ। ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਰੋਜ਼ਾਨਾ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ ਅਤੇ ਸੰਗਤਾਂ ਦੇ ਆਰਾਮ ਲਈ ਕਲਗੀਧਰ ਨਿਵਾਸ ਅਤੇ ਦੀਵਾਨ ਹਾਲ ਵਿਖੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।
ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਿਤ ਤਿੰਨ ਪਿੰਡਾਂ ਦੀਆਂ ਸੰਗਤਾਂ ਵਲੋਂ ਪਿਛਲੇ 15 ਸਾਲ ਤੋਂ ਹੋਲੇ ਮਹੱਲੇ ’ਤੇ ਪੁੱਜਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਵਿਚ ਇਹ ਪਿੰਡ ਵਾਸੀ ਬੜੀ ਸ਼ਰਧਾ ਨਾਲ ਸੇਵਾ ਕਰਦੇ ਹਨ। ਇਸ ਤੋਂ ਇਲਾਵਾ ਗੁ. ਗਨੀ ਖਾਂ ਨਬੀ ਖਾਂ ਵਿਖੇ ਵੀ ਕਾਰਸੇਵਾ ਵਾਲਿਆਂ ਵੱਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਮਾਛੀਵਾੜਾ-ਕੁਹਾੜਾ ਰੋਡ, ਸਰਹਿੰਦ ਨਹਿਰ, ਸਥਾਨਕ ਦੁਸ਼ਹਿਰਾ ਮੈਦਾਨ, ਪਿੰਡ ਬਹਿਲੋਲਪੁਰ ਅਤੇ ਹੋਰ ਵੱਖ-ਵੱਖ ਥਾਂਵਾ ’ਤੇ ਸੰਗਤਾਂ ਲਈ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ।