ਦੋ ਪਿੰਡਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ’ਚ ਸ਼ਾਮਲ
ਪੱਤਰ ਪ੍ਰੇਰਕ
ਪਠਾਨਕੋਟ, 11 ਜੂਨ
ਕਾਂਗਰਸ ਪਾਰਟੀ ਨੂੰ ਅੱਜ ਭੋਆ ਵਿਧਾਨ ਸਭਾ ਹਲਕੇ ਅੰਦਰ ਉਸ ਵੇਲੇ ਝਟਕਾ ਲੱਗਿਆ ਜਦ ਪਿੰਡ ਬਨੀ ਲੋਧੀ ਅਤੇ ਐਮਾ ਮੁਗਲਾਂ ਦੀਆਂ ਪੰਚਾਇਤਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈਆਂ ਜਿਨ੍ਹਾਂ ਨੂੰ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਹੋਏ ਸਮਾਗਮ ਵਿੱਚ ਮੰਤਰੀ ਨੇ ਪਿੰਡ ਬਨੀ ਲੋਧੀ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਨਵਾਂ ਕਮਿਊਨਿਟੀ ਹਾਲ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਿੰਡ ਬਨੀ ਲੋਧੀ ਦਾ ਸਰਪੰਚ ਰਾਜਿੰਦਰ ਭਿੱਲਾ, ਪੰਚਾਇਤ ਮੈਂਬਰਜ਼ ਹਰਬੰਸ ਲਾਲ, ਬ੍ਰਹਮ ਰਤਨ, ਵਿਜੈ ਸਿੰਘ, ਸੁਰਿੰਦਰ ਕੁਮਾਰ, ਸੁਨੀਤਾ ਦੇਵੀ ਤੇ ਜਗਦੀਸ਼ ਲਾਲ ਅਤੇ ਪਿੰਡ ਐਮਾ ਮੁਗਲਾਂ ਦੀ ਪੂਰੀ ਪੰਚਾਇਤ ਪ੍ਰਮੁੱਖ ਸਨ। ਇਸ ਤੋਂ ਪਹਿਲਾਂ ਸ੍ਰੀ ਕਟਾਰੂਚੱਕ ਪਠਾਨਕੋਟ ਦੇ ਡੇਰਾ ਸੁਆਮੀ ਗੁਰਦੀਪ ਗਿਰੀ ਵਿਖੇ ਗੁਰੂ ਰਵਿਦਾਸ ਦੇ ਪ੍ਰੀਨਿਰਵਾਣ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਕੁਲਦੀਪ ਸਿੰਘ, ਖੁਸ਼ਬੀਰ ਕਾਟਲ, ਸਮਿਤੀ ਮੈਂਬਰ ਤਰਸੇਮ, ਸੋਹਣ ਲਾਲ, ਕਥਲੌਰ ਦੇ ਸਰਪੰਚ ਠਾਕੁਰ ਡਿੰਪਲ ਹਾਜ਼ਰ ਸਨ।