ਪੰਜਾਬੀ ਸਾਹਿਤ ਸਭਾ ਵੱਲੋਂ ਸ਼ਾਇਰ ਪ੍ਰਤਾਪ ਸਿੰਘ ਨਾਲ ਰੂਬਰੂ
ਪੱਤਰ ਪ੍ਰੇਰਕ
ਚੇਤਨਪੁਰਾ, 8 ਮਈ
ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਬਾਬੂ ਫ਼ਿਰੋਜ਼ਦੀਨ ਸ਼ਰਫ਼ ਯਾਦਗਾਰੀ ਟਰੱਸਟ ਤੋਲਾ ਨੰਗਲ ਦੇ ਸਹਿਯੋਗ ਨਾਲ ਅਧਿਆਤਮਿਕ ਵਿਚਾਰਾਂ ਵਾਲੇ ਸ਼ਾਇਰ ਪ੍ਰਤਾਪ ਸਿੰਘ (ਯੂ.ਐੱਸ.ਏ.) ਨਾਲ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿੱਚ ਰੂਬਰੂ ਸਮਾਗਮ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਲੇਖਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਜੀਠਾ ਦੇ ਸਰਪ੍ਰਸਤ ਨਰੰਜਣ ਸਿੰਘ ਗਿੱਲ ਅਤੇ ਲੇਖਕਾ ਹਰਜੀਤ ਕੌਰ ਔਲਖ ਨੇ ਸਾਂਝੇ ਰੂਪ ਵਿੱਚ ਕੀਤੀ। ਮੰਚ ਸੰਚਾਲਨ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਕੀਤਾ। ਉਨ੍ਹਾਂ ਸਭ ਤੋਂ ਪਹਿਲਾਂ ਪ੍ਰਤਾਪ ਸਿੰਘ ਯੂ.ਐੱਸ.ਏ. ਨੂੰ ਮੰਚ ’ਤੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ ਪਿੰਡ ਮੰਮਣਕੇ ’ਚ ਧਾਰਮਿਕ ਵਿਚਾਰਾਂ ਵਾਲੇ ਪਰਿਵਾਰ ਵਿੱਚ ਹੋਇਆ। ਘਰ ਵਿੱਚ ਧਾਰਮਿਕ ਮਾਹੌਲ ਹੋਣ ਕਰਕੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਧਾਰਮਿਕ ਪੁਸਤਕਾਂ ਪੜ੍ਹਨ ਦਾ ਸ਼ੌਕ ਸੀ। ਕਾਲਜ ਪੜ੍ਹਦੇ ਸਮੇਂ ਹੀ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਨ੍ਹਾਂ ਤੱਕ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਚਾਰ ਪੁਸਤਕਾਂ ਹੋਰ ਛਪਾਈ ਅਧੀਨ ਹਨ। ਮਗਰੋਂ ਕਰਵਾਏ ਕਵੀ ਦਰਬਾਰ ਵਿੱਚ ਜਗਰੂਪ ਸਿੰਘ ਐਮਾਂ, ਇਤਿਹਾਸਕਾਰ ਏ.ਐੱਸ. ਦਲੇਰ, ਰਾਜ ਕੁਮਾਰ ਚੌੜਾ ਬਾਜ਼ਾਰ, ਕੁਲਵੰਤ ਸਿੰਘ ਕੰਤ, ਸੁਰਿੰਦਰ ਸਿੰਘ ਚੋਹਕਾ, ਸਤਨਾਮ ਸਿੰਘ ਜੱਸੜ, ਯੁਧਬੀਰ ਸਿੰਘ ਔਲਖ, ਡਾ. ਅਮਰਜੀਤ ਸਿੰਘ ਗਿੱਲ, ਹਰਜੀਤ ਕੌਰ ਔਲਖ, ਰਾਜ ਚੋਗਾਵਾਂ, ਲਾਡੀ ਹੁੰਦਲ, ਰਾਜਪਾਲ ਸ਼ਰਮਾ ਅਤੇ ਨਰਿੰਦਰ ਸਿੰਘ ਯਾਤਰੀ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਕੇ ਮਹਿਫ਼ਿਲ ਨੂੰ ਕਾਵਿਕ ਰੰਗ ਪ੍ਰਦਾਨ ਕੀਤਾ। ਅੰਤ ਵਿੱਚ ਪੰਜਾਬੀ ਸਾਹਿਤ ਸਭਾ ਚੋਗਾਵਾਂ ਅਤੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਯਾਦਗਾਰੀ ਟਰੱਸਟ ਵੱਲੋਂ ਪ੍ਰਤਾਪ ਸਿੰਘ ਯੂ.ਐੱਸ.ਏ. ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਿੰਦਰ ਸਿੰਘ, ਖੁਸ਼ਵੰਤ ਸਿੰਘ, ਨਰਾਇਣ ਸਿੰਘ ਆਦਿ ਨੇ ਹਾਜ਼ਰੀ ਭਰੀ।