ਪੈੱਕ ਨੇ ਵੀ ਆਪਣੇ ਸਾਬਕਾ ਵਿਦਿਆਰਥੀ ਤੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਨਿੱਘੀ ਵਿਦਾਇਗੀ ਦਿੱਤੀ
ਕੁਲਦੀਪ ਸਿੰਘ
ਚੰਡੀਗੜ੍ਹ, 17 ਨਵੰਬਰ
ਯੂ.ਟੀ. ਦੇ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਧਰਮਪਾਲ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਵਿੱਚ ਕਰਵਾਏ ਗਏ ਇੱਕ ਸਮਾਰੋਹ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਬਤੌਰ ਸਲਾਹਕਾਰ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ। 1985 ਬੈਚ ਦੇ ਅਧਿਕਾਰੀ ਧਰਮਾਲ 31 ਅਕਤੂਬਰ 2023 ਨੂੰ ਸੇਵਾਮੁਕਤ ਹੋ ਚੁੱਕੇ ਹਨ। ਪੈੱਕ ਦੇ ਸੈਨੇਟ ਹਾਲ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਧਰਮਪਾਲ ਦੇ ਅਧਿਆਪਕ ਪ੍ਰੋ. ਵਾਈ.ਸੀ. ਚੋਪੜਾ, ਡਾਇਰੈਕਟਰ ਪ੍ਰੋ. ਬਲਦੇਵ ਸੇਤੀਆ, ਪੈੱਕ ਤੋਂ 1985 ਬੈਚ ਦੇ ਬੀ.ਈ. ਇਲੈਕਟ੍ਰੌਨਿਕਸ ਐਂਡ ਇਲੈਕਟ੍ਰੀਕਲ ਕਮਿਊਨਿਕੇਸ਼ਨ ਦੇ ਸਹਿਪਾਠੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿੱਗ ਸਣੇ ਬਹੁਤ ਸਾਰੇ ਸਹਿਪਾਠੀ ਹਾਜ਼ਰ ਸਨ। ਸਾਬਕਾ ਸਲਾਹਕਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਕਾਰਪੋਰੇਟ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਐਲੂਮਨੀ ਮੁਖੀ ਪ੍ਰੋ. ਰਾਜੇਸ਼ ਕਾਂਡਾ ਨੇ ਮੁੱਖ ਮਹਿਮਾਨ ਵਜੋਂ ਡਾ. ਧਰਮਪਾਲ ਦਾ ਨਿੱਘਾ ਸਵਾਗਤ ਕੀਤਾ। ਉਪਰੰਤ ਇੱਕ ਸੰਖੇਪ ਵੀਡੀਓ ਪੇਸ਼ਕਾਰੀ ਨੇ ਪੈੱਕ ਨਾਲ ਪਿਛਲੇ ਸਾਲਾਂ ਦੀ ਡੂੰਘੀ ਸਾਂਝ ਨੂੰ ਉਜਾਗਰ ਕੀਤਾ ਅਤੇ ਇੱਕ ਯਾਦਾਂ ਦੀ ਸ਼ਾਮ ਸਥਾਪਤ ਕੀਤੀ। ਡਾਇਰੈਕਟਰ ਪ੍ਰੋ. ਬਲਦੇਵ ਸੇਤੀਆ ਨੇ ਸਾਬਕਾ ਸਲਾਹਕਾਰ ਨਾਲ ਆਪਣੀ ਸਾਂਝ ਬਾਰੇ ਦੱਸਦੇ ਹੋਏ ਦਿਲੋਂ ਧੰਨਵਾਦ ਕੀਤਾ।
ਪੈੱਕ ਦਾ ਤਕਨੀਕੀ ਤੇ ਸਭਿਆਚਾਰਕ ਮੇਲਾ ‘ਪੈੱਕਫੈਸਟ’ ਸ਼ੁਰੂ
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਯੂਨੀਵਰਸਿਟੀ) ਦਾ ਤਿੰਨ ਰੋਜ਼ਾ ਤਕਨੀਕੀ ਅਤੇ ਸੱਭਿਆਚਾਰਕ ਮੇਲਾ ‘ਪੈੱਕਫੈਸਟ’ ਅੱਜ ਸ਼ੁਰੂ ਹੋ ਗਿਆ। ਇਸ ਮੌਕੇ ਪੈੱਕ ਦੇ ਡਾਇਰੈਕਟਰ ਪ੍ਰੋਫੈਸਰ ਬਲਦੇਵ ਸੇਤੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਜਿਸਟਰਾਰ ਕਰਨਲ ਆਰ.ਐੱਮ. ਜੋਸ਼ੀ (ਵੈਟਰਨ), ਵਿਦਿਆਰਥੀ ਮਾਮਲਿਆਂ ਦੇ ਡੀਨ ਪ੍ਰੋ. ਡੀ.ਆਰ. ਪ੍ਰਜਾਪਤੀ, ਵਿਦਿਆਰਥੀ ਮਾਮਲਿਆਂ ਦੇ ਐਸੋਸੀਏਟ ਡੀਨ ਡਾ. ਪੁਨੀਤ ਚਾਵਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੋ. ਡੀ.ਆਰ. ਪ੍ਰਜਾਪਤੀ ਨੇ ਸਾਰੇ ਮਹਿਮਾਨਾਂ, ਸਪਾਂਸਰਾਂ ਅਤੇ ਭਾਗ ਲੈਣ ਵਾਲੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ। ਪੈੱਕ ਦੇ ਡਾਇਰੈਕਟਰ ਪ੍ਰੋਫੈਸਰ ਬਲਦੇਵ ਸੇਤੀਆ ਨੇ ਪੈੱਕਫੈਸਟ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ।