ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਬਲੋ ਨੈਰੂਦਾ ਦੀ ਆਖ਼ਰੀ ਕਵਿਤਾ

12:32 PM Feb 02, 2023 IST

ਮਨਦੀਪ

Advertisement

ਚਿੱਲੀ ਵਿੱਚ 1970 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦੱਖਣਪੰਥੀ ਰਾਸ਼ਟਰਪਤੀ ਏਦੋਆਰਦੋ ਫਰੱਈ ਨੂੰ ਹਰਾ ਕੇ ਪਾਪੂਲਰ ਯੂਨਿਟੀ ਦੇ ਸਮਾਜਵਾਦੀ ਆਗੂ ਸਲਵਾਦੋਰ ਅਲੈਂਦੇ ਨੇ ਜਿੱਤ ਹਾਸਲ ਕੀਤੀ ਸੀ। ਉਸ ਨੇ ਜਿੱਤ ਤੋਂ ਬਾਅਦ ਨਵਉਦਾਰਵਾਦੀ ਨੀਤੀਆਂ ਦੇ ਉਲਟ ਸਿਹਤ, ਸਿੱਖਿਆ, ਖੇਤੀਬਾੜੀ ਤੇ ਉਦਯੋਗਿਕ ਖੇਤਰ ਵਿੱਚ ਕਈ ਇਨਕਲਾਬੀ ਸੁਧਾਰ ਕੀਤੇ। ਤਾਂਬੇ ਦੀਆਂ ਖਾਣਾਂ ਸਮੇਤ ਕਈ ਮਹੱਤਵਪੂਰਨ ਉਦਯੋਗਾਂ ਦਾ ਕੌਮੀਕਰਨ ਕੀਤਾ। ਅਮਰੀਕੀ ਸ਼ਹਿ ਪ੍ਰਾਪਤ ਫ਼ੌਜੀ ਜਨਰਲ ਪਿਨੋਸ਼ੇ ਨੇ ਚਿੱਲੀ ਵਿੱਚ ਭਿਆਨਕ ਕਤਲੇਆਮ ਰਚਾ ਕੇ ਨਵੀਂ ਸਮਾਜਵਾਦੀ ਸਰਕਾਰ ਦਾ ਤਖ਼ਤ ਪਲਟਾ ਦਿੱਤਾ ਸੀ। 11 ਸਤੰਬਰ 1973 ਨੂੰ ਰਾਸ਼ਟਰਪਤੀ ਸਲਵਾਦੋਰ ਅਲੈਂਦੇ ਦੀ ਰਿਹਾਇਸ਼ ਉੱਤੇ ਬੰਬਾਰੀ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਹਜ਼ਾਰਾਂ ਸਮਰਥਕਾਂ ਨੂੰ ਭੇਤਭਰੇ ਹਾਲਾਤ ਵਿੱਚ ਕਤਲ ਕੀਤਾ ਅਤੇ ਹਜ਼ਾਰਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਨਵੀਂ ਤਾਨਾਸ਼ਾਹ ਹਕੂਮਤ ਨੇ 30,000 ਲੋਕਾਂ ਨੂੰ ਕਤਲ ਕਰਵਾਇਆ, ਦੋ ਲੱਖ ਨੂੰ ਬੰਦੀ ਬਣਾਇਆ, 22 ਹਜ਼ਾਰ ਔਰਤਾਂ ਨੂੰ ਵਿਧਵਾ ਅਤੇ 66 ਹਜ਼ਾਰ ਬੱਚਿਆਂ ਨੂੰ ਯਤੀਮ ਕਰ ਦਿੱਤਾ। ਸੱਤਾ ਹਥਿਆਉਣ ਤੋਂ ਬਾਰ੍ਹਾਂ ਦਿਨਾਂ ਬਾਅਦ (23 ਸਤੰਬਰ 1973) ਪਿਨੋਸ਼ੇ ਦੇ ਗੁਰਗਿਆਂ ਨੇ ਪਾਬਲੋ ਨੈਰੂਦਾ ਨੂੰ ਸਾਜ਼ਿਸ਼ੀ ਤਹਿਤ ਜ਼ਹਿਰੀਲਾ ਟੀਕਾ ਲਾ ਕੇ ਮਾਰ ਦਿੱਤਾ। ਵਿਕਟਰ ਖਾਰਾ ਨੂੰ ਚਿੱਲੀ ਦੇ ਇੱਕ ਸਟੇਡੀਅਮ ਵਿੱਚ ਬੰਦੀ ਬਣਾਏ ਪੰਜ ਹਜ਼ਾਰ ਵਿਅਕਤੀਆਂ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਸਮੇਂ ਅਲੈਂਦੇ ਦੇ ਕਤਲ ਬਾਰੇ ਪਾਬਲੋ ਨੇਰੂਦਾ ਨੇ ਲਿਖਿਆ ਸੀ ਕਿ, ”ਸਲਵਾਦੋਰ ਅਲੈਂਦੇ (ਰਾਸ਼ਟਰਪਤੀ) ਉਨ੍ਹਾਂ (ਅਮਰੀਕਾ ਦੀ ਸ਼ਹਿ ‘ਤੇ ਬਗ਼ਾਵਤ ਕਰ ਰਹੀਆਂ ਫ਼ੌਜਾਂ) ਦਾ ਆਪਣੇ ਦਫ਼ਤਰ ਵਿੱਚ ਇੰਤਜ਼ਾਰ ਕਰ ਰਿਹਾ ਸੀ। ਉਸ ਦੇ ਵੱਡੇ ਦਿਲ ਤੋਂ ਬਿਨਾਂ ਉਸ ਦਾ ਕੋਈ ਹੋਰ ਸਾਥੀ ਨਹੀਂ ਸੀ। ਉਹ ਅੱਗ ਦੀਆਂ ਲਾਟਾਂ ਤੇ ਧੂੰਏਂ ਨਾਲ ਘਿਰਿਆ ਹੋਇਆ ਸੀ। ਉਸ (ਅਲੈਂਦੇ) ਨੂੰ ਮਸ਼ੀਨਗੰਨ ਨਾਲ ਗੋਲੀਆਂ ਮਾਰ ਕੇ ਮਾਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹਨੇ ਕਦੇ ਵੀ ਅਸਤੀਫ਼ਾ ਨਹੀਂ ਦੇਣਾ। ਉਸ ਦੀ ਮ੍ਰਿਤਕ ਦੇਹ ਨੂੰ ਲੁਕਾ ਛੁਪਾ ਕੇ ਕਿਸੇ ਅਣਦੱਸੀ ਥਾਂ ‘ਤੇ ਦਫ਼ਨ ਕਰ ਦਿੱਤਾ ਗਿਆ। ਲਾਸ਼ ਦੇ ਪਿੱਛੇ ਇੱਕ ਔਰਤ ਸੀ ਜਿਸ ਦੇ ਦਿਲ ਵਿੱਚ ਸਾਰੀ ਦੁਨੀਆ ਦਾ ਗ਼ਮ ਸੀ। ਚਿੱਲੀ ਦੇ ਫ਼ੌਜੀਆਂ ਜਿਨ੍ਹਾਂ ਆਪਣੇ ਵਤਨ ਨੂੰ ਫਿਰ ਧੋਖਾ ਦੇ ਦਿੱਤਾ ਸੀ, ਨੇ ਉਸ ਪ੍ਰਤਾਪੀ ਮ੍ਰਿਤਕ ਸਰੀਰ ਦੇ ਚੀਥੜੇ-ਚੀਥੜੇ ਕਰ ਦਿੱਤੇ ਸਨ।”

ਤਖ਼ਤ ਪਲਟੇ ਤੋਂ ਚਾਰ ਦਿਨ ਬਾਅਦ ਅਤੇ ਆਪਣੀ ਮੌਤ ਤੋਂ ਅੱਠ ਦਿਨ ਪਹਿਲਾ ਪਾਬਲੋ ਨੈਰੂਦਾ ਨੇ ਹਸਪਤਾਲ ਦੇ ਬੈੱਡ ‘ਤੇ ਪਿਆਂ ਲਿਖੀ ‘ਤਾਨਾਸ਼ਾਹ’ ਸਿਰਲੇਖ ਵਾਲੀ ਕਵਿਤਾ ਰਾਹੀਂ ਇਸ ਭਿਆਨਕ ਕਤਲੇਆਮ ਲਈ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ, ਚਿੱਲੀ ਦੇ ਸਾਬਕਾ ਦੱਖਣਪੰਥੀ ਰਾਸ਼ਟਰਪਤੀ ਏਦੋਆਰਦੋ ਫਰੱਈ ਅਤੇ ਜਨਰਲ ਅਗਸਤੋ ਪਿਨੋਸ਼ੇ ਨੂੰ ਜ਼ਿੰਮੇਵਾਰ ਠਹਿਰਾਇਆ।

Advertisement

ਇਸ ਤੋਂ ਬਿਨਾਂ ਇਸ ਕਵਿਤਾ ਵਿੱਚ ਨੈਰੂਦਾ ਨੇ ਉਰੂਗੁਏ ਦੇ ਫ਼ੌਜੀ ਤਾਨਸ਼ਾਹ ਖੁਆਨ ਮਾਰੀਆ ਬੌਦਰਾਬੇਰੀ, ਬੋਲੀਵੀਆ ਦੇ ਦੱਖਣਪੰਥੀ ਰਾਸ਼ਟਰਪਤੀ ਹਿਉਗੋ ਬੈਂਸੇਰ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਇਮੀਲੋ ਗੈਰਾਸਤਾਸੂ ਮੈਦੀਸੀ ਨੂੰ ਵੀ ਇਸ ਖ਼ੂਨੀ ਤਖ਼ਤ ਪਲਟੇ ਦਾ ਜ਼ਿੰਮੇਵਾਰ ਠਹਿਰਾਇਆ। ਚਿੱਲੀ ਵਿੱਚ ਹੋਏ ਤਖ਼ਤ ਪਲਟੇ ਦੌਰਾਨ ਉਰੂਗੁਏ, ਬ੍ਰਾਜ਼ੀਲ ਅਤੇ ਬੋਲੀਵੀਆ ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਰਡ ਨਿਕਸਨ ਪ੍ਰਸ਼ਾਸਨ ਦੇ ਹੱਥਠੋਕੇ ਫ਼ੌਜੀ ਤਾਨਾਸ਼ਾਹ ਇਨ੍ਹਾਂ ਮੁਲਕਾਂ ਦੀ ਰਾਜਗੱਦੀ ਉੱਤੇ ਬਿਰਾਜਮਾਨ ਸਨ। ਬੋਦਰਾਬੇਰੀ, ਗੈਰਾਸਤਾਸੂ ਅਤੇ ਬੈਂਸੇਰ ਤਿੰਨੇ ਫ਼ੌਜੀ ਪਿਛੋਕੜ ਵਾਲੇ ਤਾਨਾਸ਼ਾਹ ਸਨ। ਇਸੇ ਤਰ੍ਹਾਂ ਚਿੱਲੀ ਵਿੱਚ ਫ਼ੌਜੀ ਜਨਰਲ ਅਗਸਤੋ ਪਿਨੋਸ਼ੇ ਨੂੰ ਅੱਗੇ ਲਾ ਕੇ ਸਮਾਜਵਾਦੀ ਸਰਕਾਰ ਨੂੰ ਜਬਰੀ ਕੁਚਲਿਆ ਗਿਆ। ਫ਼ੌਜੀ ਪਿਛੋਕੜ ਵਾਲੇ ਇਹ ਚਾਰ ਚਿਹਰੇ ਅਮਰੀਕੀ ਸਰਕਾਰ ਦੀ ਸ਼ਹਿ ਉੱਤੇ ਕੰਮ ਕਰਦੇ ਸਨ। ਇਹ ਚਾਰੇ ਰਿਚਰਡ ਨਿਕਸਨ ਅਤੇ ਹੈਨਰੀ ਕਸਿੰਜਰ ਜੋ ਕਿ ਨਿਕਸਨ ਸਰਕਾਰ ਵੇਲੇ ਸੈਕਟਰੀ ਆਫ ਸਟੇਟ ਅਤੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ ਸੀ, ਦੇ ਇਸ਼ਾਰਿਆਂ ਉੱਤੇ ਚੱਲਦੇ ਸਨ। ਇਨ੍ਹਾਂ ਚਾਰਾਂ ਨੇ ਅਮਰੀਕੀ ਸਾਮਰਾਜੀ ਇਸ਼ਾਰਿਆਂ ਉੱਤੇ ਲਾਤੀਨੀ ਅਮਰੀਕਾ ਵਿੱਚ ਭਿਆਨਕ ਕਤਲੇਆਮ ਕਰਕੇ ਤਬਾਹੀ ਮਚਾਈ। ਬ੍ਰਾਜ਼ੀਲ ਦਾ ਰਾਸ਼ਟਰਪਤੀ ਗੈਰਾਸਤਾਸੂ 1971 ‘ਚ ਵ੍ਹਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਮਿਲਿਆ। ਨਿਕਸਨ ਵੱਲੋਂ ਉਸ ਕੋਲੋਂ ਚਿੱਲੀ ਬਾਰੇ ਰਾਇ ਪੁੱਛਣ ‘ਤੇ ਉਸ ਨੇ ਕਿਹਾ ਕਿ ਸਲਵਾਦੋਰ ਨੂੰ ਗੱਦੀ ਤੋਂ ਲਾਹ ਦਿੱਤਾ ਜਾਵੇ। ਉਸ ਨੇ ਇਸ ਕੰਮ ਲਈ ‘ਅੰਤ ਤੱਕ’ ਬ੍ਰਾਜ਼ੀਲ ਸਰਕਾਰ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ।

ਆਪਣੀ ਆਖ਼ਰੀ ਕਵਿਤਾ ਵਿੱਚ ਨੈਰੂਦਾ ਨੇ ਬੋਦਰਾਬੇਰੀ, ਗੈਰਾਸਤਾਸੂ ਅਤੇ ਬੈਂਸੇਰ ਦੇ ਨਾਵਾਂ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਉਸ ਨੇ ‘ਯੂਨਾਈਟਡ ਫਰੂਟ ਕੰਪਨੀ’ ਨਾਮਕ ਆਪਣੀ ਪ੍ਰਸਿੱਧ ਕਵਿਤਾ ਵਿੱਚ ਪੇਰੂ, ਨਿਕਾਰਾਗੁਆ, ਹਾਂਡੂਰਸ, ਅਰਜਨਟਾਈਨਾ, ਗੁਆਟੇਮਾਲਾ ਦੇਸ਼ਾਂ ਦੇ ਅਮਰੀਕੀ ਸ਼ਹਿ ਪ੍ਰਾਪਤ ਤਾਨਾਸ਼ਾਹ ਅਤੇ ਕਠਪੁਤਲੀ ਘਰਾਣਿਆਂ ਦਾ ਜ਼ਿਕਰ ਕੀਤਾ ਸੀ। ਇਸ ਤਰ੍ਹਾਂ ਉਸ ਦੀ ਕਵਿਤਾ ਲਾਤੀਨੀ ਅਮਰੀਕਾ ਨੂੰ ਤਬਾਹ ਕਰਨ ਵਾਲੇ ਹਾਕਮਾਂ ਨੂੰ ਸਿੱਧੇ ਅਤੇ ਤਿੱਖੇ ਪ੍ਰਤੀਕਰਮ ਨਾਲ ਸੰਬੋਧਿਤ ਹੁੰਦੀ ਰਹੀ। ਚਿੱਲੀ ਵਿੱਚ ਤਖ਼ਤ ਪਲਟੇ ਤੋਂ ਫੌਰੀ ਬਾਅਦ ਹਸਪਤਾਲ ਦੇ ਬਿਸਤਰ ਉੱਤੇ ਨਾਜ਼ੁਕ ਹਾਲਤ ਵਿੱਚ ਪਏ ਪਾਬਲੋ ਨੈਰੂਦਾ ਨੇ ‘ਤਾਨਾਸ਼ਾਹ’ ਨਾਮ ਦੀ ਕਵਿਤਾ ਲਿਖੀ ਜੋ ਚਿੱਲੀ ਦੇ ਅਖ਼ਬਾਰਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਕਵਿਤਾ ਅਰਜਨਟਾਈਨਾ ਦੇ ਅਖ਼ਬਾਰ ‘ਲਾ ਓਪੀਨੀਅਨ’ ‘ਚ ਪ੍ਰਕਾਸ਼ਿਤ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ 69 ਸਾਲ ਦੇ ਮਾਰਕਸਵਾਦੀ ਕਵੀ ਨੇ ਫ਼ੌਜੀ ਤਖ਼ਤ ਪਲਟੇ ਮਗਰੋਂ ‘ਚਿੱਲੀ ਵਿੱਚ ਕਿਤੇ’ ਬੈਠ ਕੇ ਇਹ ਕਵਿਤਾ ਲਿਖੀ ਸੀ। ਬਿਊਨਸ ਆਇਰਸ (ਅਰਜਨਟਾਈਨਾ ਦੀ ਰਾਜਧਾਨੀ) ਦੇ ਅਖ਼ਬਾਰ ‘ਐਲ ਮੁੰਦੋ’ (ਦੁਨੀਆ) ਵਿੱਚ ਵੀ ਇਹ ਕਵਿਤਾ ਪ੍ਰਕਾਸ਼ਿਤ ਹੋਈ। ਇਸ ਵਿੱਚ ਰਾਸ਼ਟਰਪਤੀ ਨਿਕਸਨ ਅਤੇ ਚਿੱਲੀ ਦੀ ਫ਼ੌਜੀ ਖੂਨਤਾ (Junta) ਸਰਕਾਰ ਦੇ ਮੁਖੀ ਜਨਰਲ ਅਗਸਤੋ ਪਿਨੋਸ਼ੇ ‘ਤੇ ਕਟਾਖਸ਼ ਕੀਤਾ ਗਿਆ ਸੀ। ਚਿੱਲੀ ਵਿੱਚ ਜਮਹੂਰੀਅਤ ਦੇ ਕਤਲੇਆਮ ਨੂੰ ਰਿਚਰਡ ਨਿਕਸਨ ਅਤੇ ਹੈਨਰੀ ਕਸਿੰਜਰ ਵਰਗਿਆਂ ਦੀ ਨਿਰਦੇਸ਼ਨਾ ਹੇਠ ਅੰਜਾਮ ਦਿੱਤਾ ਗਿਆ ਸੀ।

ਉਨ੍ਹਾਂ ਨੇ ਦੱਖਣੀ ਅਮਰੀਕਾ ‘ਚ ਪੁਰਾਣੇ ਲੋਕਤੰਤਰ ਦੀ ਜਗ੍ਹਾ ਫਾਸ਼ੀਵਾਦ ਦਾ ਮੁੱਢ ਬੰਨ੍ਹਿਆ, ਨਵਉਦਾਰਵਾਦ ਲਈ ਰਾਹ ਪੱਧਰਾ ਕੀਤਾ ਅਤੇ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਹਿੱਤ ਵਿੱਚ ਭੁਗਤੇ। ਚਿੱਲੀ ਵਿੱਚ ਸੀਆਈਏ ਦੇ ਗੁਪਤ ਦਖਲ ਅਤੇ ਜਨਰਲ ਪਿਨੋਸ਼ੇ ਦੇ ਸ਼ਾਸਨ ਦੇ ਦਮਨਕਾਰੀ ਚਰਿੱਤਰ ਕਾਰਨ ਇਹ ਤਖ਼ਤ ਪਲਟਾ ਲਾਤੀਨੀ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਬਦਨਾਮ ਫ਼ੌਜੀ ਕਬਜ਼ਾ ਬਣ ਗਿਆ।

1970 ਵਿੱਚ ਸਲਵਾਦੋਰ ਅਲੈਂਦੇ ਨੂੰ ਸੱਤਾ ‘ਚ ਆਉਣ ਤੋਂ ਰੋਕਣ ਲਈ ਨਿਕਸਨ ਅਤੇ ਸੀਆਈਏ ਨੇ ਅਨੇਕਾਂ ਯਤਨ ਕੀਤੇ। ਚਿੱਲੀ ਦੀ ਆਰਥਿਕਤਾ ਦਾ ਬੇੜਾ ਡੁੱਬਣ ਦਾ ਰੌਲਾ ਪਾਇਆ ਗਿਆ ਅਤੇ ਵੱਡੇ ਘੁਟਾਲਿਆਂ ਨੂੰ ਉਕਸਾਇਆ ਗਿਆ। ਬਾਅਦ ‘ਚ ਸੂਚਨਾ ਅਧਿਕਾਰ ਕਾਨੂੰਨ ਅਤੇ ਹੋਰ ਤਰੀਕਿਆਂ ਰਾਹੀਂ ਨੈਸ਼ਨਲ ਸਕਿਓਰਿਟੀ ਆਰਕਾਈਵ ਨੇ 1970 ਤੇ 1976 ਵਿਚਕਾਰ ਚਿੱਲੀ ਵਿੱਚ ਵਾਪਰੀਆਂ ਘਟਨਾਵਾਂ ‘ਤੇ ਰੌਸ਼ਨੀ ਪਾਉਣ ਵਾਲੇ ਰਿਕਾਰਡਾਂ ਦੇ ਸੰਗ੍ਰਹਿ ਨੂੰ ਸੰਕਲਿਤ ਕੀਤਾ।

ਇਨ੍ਹਾਂ ਦਸਤਾਵੇਜ਼ਾਂ ਵਿੱਚ ਅਲੈਂਦੇ ਦੀ ਚੋਣ ਤੋਂ ਬਾਅਦ ਅਮਰੀਕੀ ਰਾਜਦੂਤ ਐਡਵਰਡ ਕੋਰੀ ਵੱਲੋਂ ਲਿਖੀਆਂ ਗਈਆਂ ਚਿੱਠੀਆਂ, ਰਾਸ਼ਟਰਪਤੀ ਏਦੂੁਆਰਦੋ ਫਰੱਈ ਨਾਲ ਗੱਲਬਾਤ ਦਾ ਵੇਰਵਾ ਦਿੰਦੀਆਂ ਹਨ ਕਿ ਰਾਸ਼ਟਰਪਤੀ ਚੋਣ ਵਾਲੇ ਦਿਨ ਉਦਘਾਟਨ ਨੂੰ ਕਿਵੇਂ ਰੋਕਿਆ ਜਾਵੇ। ਤਾਰਾਂ ਵਿੱਚ ਚਿੱਲੀ ਦੀਆਂ ਵੱਖ-ਵੱਖ ਰਾਜਨੀਤਿਕ ਤਾਕਤਾਂ ਬਾਰੇ ਵਿਸਤ੍ਰਿਤ ਵਰਣਨ ਅਤੇ ਰਾਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਚਿੱਲੀ ਦੀ ਫ਼ੌਜ, ਕ੍ਰਿਸ਼ਚੀਅਨ ਡੈਮੋਕਰੇਟ ਪਾਰਟੀ, ਅਤੇ ਅਮਰੀਕੀ ਵਪਾਰਕ ਭਾਈਚਾਰੇ ਸ਼ਾਮਲ ਹਨ। ਸੀਆਈਏ ਅਤੇ ‘ਪ੍ਰੋਜੈਕਟ ਫੂਬੈਲਟ’ ਬਾਰੇ ਰਿਪੋਰਟਾਂ ਮੁਤਾਬਿਕ ਇਸ ਫ਼ੌਜੀ ਤਖ਼ਤ ਪਲਟੇ ਨੂੰ ਉਤਸ਼ਾਹਿਤ ਕਰਨ ਅਤੇ ਅਲੈਂਦੇ ਸਰਕਾਰ ਨੂੰ ਕਮਜ਼ੋਰ ਕਰਨ ਲਈ ਗੁਪਤ ਕਾਰਵਾਈਆਂ ਲਈ ਕੋਡਨੇਮ ਸ਼ਾਮਲ ਸਨ। ਹੈਨਰੀ ਕਸਿੰਜਰ ਅਤੇ ਸੀਆਈਏ ਅਧਿਕਾਰੀਆਂ ਵਿਚਕਾਰ ਮੀਟਿੰਗਾਂ ਦੀ ਕਾਰਵਾਈ, ਇਸ ਦੇ ਸਾਂਤਿਆਗੋ ਸਟੇਸ਼ਨ ਨੂੰ ਸੀਆਈਏ ਕੇਬਲਾਂ, ਅਤੇ 1970 ਵਿੱਚ ਗੁਪਤ ਕਾਰਵਾਈਆਂ ਦੇ ਸਾਰ ਸਮੇਤ, ਅਲੈਂਦੇ ਸਰਕਾਰ ਵਿਰੁੱਧ ਫ਼ੈਸਲਿਆਂ ਅਤੇ ਕਾਰਵਾਈਆਂ ਲਈ ਦਸਤਾਵੇਜ਼ ਸ਼ਾਮਲ ਹਨ। ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਰਣਨੀਤੀ ਕਾਗਜ਼ਾਤ ਜੋ 1970 ਅਤੇ 1973 ਦੇ ਵਿਚਕਾਰ ਚਿੱਲੀ ਨੂੰ ਆਰਥਿਕ ਤੌਰ ‘ਤੇ ‘ਅਸਥਿਰ’ ਕਰਨ ਅਤੇ ਕੂਟਨੀਤਕ ਤੌਰ ‘ਤੇ ਅਲੈਂਦੇ ਸਰਕਾਰ ਨੂੰ ਅਲੱਗ-ਥਲੱਗ ਕਰਨ ਦੇ ਯਤਨਾਂ ਨੂੰ ਰਿਕਾਰਡ ਕਰਦੇ ਹਨ। ਇਹ ਰਾਜ ਵਿਭਾਗ ਅਤੇ ਐਨਐੱਸਸੀ ਦਸਤਾਵੇਜ਼ ਤਖ਼ਤ ਪਲਟੇ ਤੋਂ ਬਾਅਦ ਜਨਰਲ ਪਿਨੋਸ਼ੇ ਦੀ ਅਗਵਾਈ ਵਾਲੇ ਨਵੇਂ ਫ਼ੌਜੀ ਸ਼ਾਸਨ ਦੇ ਅਧੀਨ ਮਨੁੱਖੀ ਅਧਿਕਾਰਾਂ ਦੇ ਅੱਤਿਆਚਾਰਾਂ ਦੇ ਸਬੂਤ ਪ੍ਰਦਾਨ ਕਰਦੇ ਹਨ। ਆਪਰੇਸ਼ਨ ਕੰਡੋਰ ‘ਤੇ ਐਫਬੀਆਈ ਦਸਤਾਵੇਜ਼ ਚਿੱਲੀ ਦੀ ਗੁਪਤ ਪੁਲੀਸ ਡੀਨਾ ਦਾ ਰਾਜ ਵੱਲੋਂ ਆਯੋਜਿਤ ਅਤਿਵਾਦ ਸੀ। ਦਸਤਾਵੇਜ਼, ਡੀਨਾ ਏਜੰਟ ਮਾਈਕਲ ਟਾਊਨਲੀ ਦੁਆਰਾ ਲਿਖੀਆਂ ਜੇਲ੍ਹ ਚਿੱਠੀਆਂ ਦੇ ਸਾਰ ਸਮੇਤ, ਵਾਸ਼ਿੰਗਟਨ ਡੀ.ਸੀ. ਵਿੱਚ ਓਰਲੈਂਡੋ ਲੈਟੇਲੀਅਰ ਅਤੇ ਰੋਨੀ ਮੋਫਿਟ ਦੀ ਕਾਰ ਬੰਬ ਹੱਤਿਆ ਅਤੇ ਬਿਊਨਸ ਆਇਰਸ ਵਿੱਚ ਚਿੱਲੀ ਦੇ ਜਨਰਲ ਕਾਰਲੋਸ ਪ੍ਰੈਟਸ ਅਤੇ ਉਸ ਦੀ ਪਤਨੀ ਦੀ ਹੱਤਿਆ ਤੇ ਹੋਰ ਕਾਰਵਾਈਆਂ ਦੇ ਸਬੂਤ ਪ੍ਰਦਾਨ ਕਰਦੇ ਹਨ।

ਅਜੇ ਵੀ ਹਜ਼ਾਰਾਂ ਦਸਤਾਵੇਜ਼ ਗੁਪਤ ਹਨ ਜੋ ਅੰਤਰਰਾਸ਼ਟਰੀ ਦਬਾਅ ਕਾਰਨ ਭਵਿੱਖ ਵਿੱਚ ਨਿਆਂਇਕ ਅਤੇ ਇਤਿਹਾਸਕ ਜਵਾਬਦੇਹੀ ਲਈ ਸਬੂਤ ਵਜੋਂ ਹਾਸਲ ਕਰਨੇ ਜ਼ਰੂਰੀ ਹਨ।

ਪਾਬਲੋ ਨੈਰੂਦਾ ਦੀ ਆਖ਼ਰੀ ਕਵਿਤਾ ‘ਤਾਨਾਸ਼ਾਹ’:

ਨਿਕਸਨ, ਫਰੱਈ ਅਤੇ ਪਿਨੋਸ਼ੇ

ਅੱਜ ਦੇ ਦਿਨ ਤੱਕ

ਸਤੰਬਰ 1973 ਦੇ

ਇਸ ਕਾਲੇ ਦਿਨ ਤੱਕ

ਬੋਦਰਾਬੇਰੀ, ਗੈਰਾਸਤਾਸੂ ਅਤੇ ਬੈਂਸੇਰ

ਖੂੰਖਾਰ ਭੇੜੀਏ

ਸਾਡੇ ਇਤਿਹਾਸ ਨੂੰ ਰੌਂਦਦੇ,

ਵੱਢਦੇ-ਟੁੱਕਦੇ ਨੇ

ਗੰਦੇ ਚੂਹਿਆਂ ਵਾਂਗ

ਸੂਹੇ ਪਰਚਮ

ਜੋ ਲਹਿਰਾਏ ਗਏ ਸਨ

ਲਹੂ ਅਤੇ ਲੋਅ ਨਾਲ

ਨਰਕ ਦੇ ਸ਼ਿਕਾਰੀ

ਸਾਡੀ ਧਰਤ ‘ਤੇ ਰੇਂਗਦੇ ਹਨ

ਚਿੱਕੜ ‘ਚ ਲਿਟਦੇ ਸੂਰਾਂ ਵਾਂਗ

ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਨੇ

ਵਾਲ ਸਟਰੀਟ ਦੇ ਬਘਿਆੜ

ਵਿਕ੍ਰੇਤਾ ਅਤੇ ਭ੍ਰਿਸ਼ਟ ਤਾਨਾਸ਼ਾਹ

ਦਰਦ ਦੀਆਂ ਭੁੱਖੀਆਂ ਮਸ਼ੀਨਾਂ ‘ਤੇ

ਹਨ ਧੱਬੇ

ਸ਼ਹੀਦਾਂ ਦੇ ਲਹੂ ਦੇ।

ਚੌਪਾਸੀਂ ਮੌਜੂਦ ਹਨ

ਵੇਸਵਾਵਾਂ, ਵਪਾਰੀ, ਰੋਟੀ ਦੇ ਟੁਕੜੇ

ਅਤੇ ਅਮਰੀਕੀ ਸੜਿਆਂਦ

ਮਾਰੂ ਅਹਿਲਕਾਰ

ਵੇਸਵਾ-ਸਰਦਾਰਾਂ ਦੇ ਝੁੰਡ

ਗਲੀਆਂ ‘ਚ ਨਹੀਂ ਕੋਈ ਨਿਆਂ, ਤੇ ਨਾ ਹੀ ਕਾਨੂੰਨ

ਬਿਨ ਅੱਤਿਆਚਾਰ

ਅਤੇ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੇ।
ਈ-ਮੇਲ: mandeepsaddowal@gmail.com

Advertisement