ਭਾਰਤ ਲਈ ਮੌਕਾ
ਚੀਨ ‘ਚ ਕਰੋਨਾ ਦੀ ਨਵੀਂ ਲਹਿਰ ਕਾਰਨ ਪੀੜਤ ਹੋਏ ਲੱਖਾਂ ਵਿਅਕਤੀਆਂ ਨੂੰ ਦੇਖਦਿਆਂ ਜਿੱਥੇ ਕਰੋਨਾਵਾਇਰਸ ਫੈਲਣ ਸਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਉੱਥੇ ਭਾਰਤ ‘ਚ ਇਸ ਨੇ ਵੱਖਰੀ ਤਰ੍ਹਾਂ ਦੀ ਚਿੰਤਾ ਨੂੰ ਜਨਮ ਦਿੱਤਾ ਹੈ। ਭਾਰਤ ਦੀ ਦਵਾਈਆਂ ਬਣਾਉਣ ਵਾਲੀ ਸਨਅਤ ਵੱਲੋਂ ਦਵਾਈਆਂ ਬਣਾਉਣ ਵਾਸਤੇ ਜਿਹੜੇ ਪਦਾਰਥ ਵਰਤੇ ਜਾਂਦੇ ਹਨ, ਉਨ੍ਹਾਂ ਦਾ 65 ਫ਼ੀਸਦ ਤੋਂ ਵੱਧ ਹਿੱਸਾ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੈ; ਹਾਲਾਤ ਨੂੰ ਦੇਖਦਿਆਂ ਇਨ੍ਹਾਂ ਪਦਾਰਥਾਂ ਦੀ ਸਪਲਾਈ ‘ਚ ਵਿਘਨ ਪੈਣ ਦੇ ਖ਼ਦਸ਼ੇ ਨਿਰਮੂਲ ਨਹੀਂ ਹਨ। ਸੰਕਟ ਦੀ ਇਸ ਸਥਿਤੀ ਵਿਚ ਇਨ੍ਹਾਂ ਪਦਾਰਥਾਂ ਨੂੰ ਦੇਸ਼ ਵਿਚ ਹੀ ਬਣਾਏ ਜਾਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਅਜਿਹਾ ਕੀਤੇ ਜਾਣ ਨਾਲ ਨਾ ਸਿਰਫ਼ ਚੀਨ ‘ਤੇ ਸਾਡੀ ਨਿਰਭਰਤਾ ਘਟੇਗੀ ਸਗੋਂ ਦਵਾਈਆਂ ਸਸਤੀਆਂ ਵੀ ਹੋਣਗੀਆਂ।
ਵਿਸ਼ਵ ਪੱਧਰ ‘ਤੇ ਦਵਾਈਆਂ ਬਣਾਉਣ ਵਾਲੇ ਪਦਾਰਥ ਬਣਾਉਣ ਵਿਚ ਭਾਰਤ ਦਾ ਹਿੱਸਾ ਸਿਰਫ਼ 8 ਫ਼ੀਸਦ ਹੈ ਪਰ ਭਾਰਤ ਤੋਂ ਵੱਡੀ ਗਿਣਤੀ ਵਿਚ ਵਿਗਿਆਨੀ ਅਤੇ ਇੰਜਨੀਅਰ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਵਿਚ ਕੰਮ ਕਰਦੇ ਹਨ। ਇਸ ਤਰ੍ਹਾਂ ਭਾਰਤ ਕੋਲ ਇਸ ਖੇਤਰ ‘ਚ ਅੱਗੇ ਵਧਣ ਲਈ ਵੱਡੀ ਸਮਰੱਥਾ ਹੈ। ਇਸ ਸਮਰੱਥਾ ਦਾ ਲਾਹਾ ਲੈਣ ਵਾਸਤੇ ਕੇਂਦਰ ਸਰਕਾਰ ਨੇ ਆਤਮ-ਨਿਰਭਰਤਾ ਸਕੀਮ ਤਹਿਤ 2020 ‘ਚ ਇਸ ਖੇਤਰ ਵਾਸਤੇ 6940 ਕਰੋੜ ਦੀ ਸਹਾਇਤਾ ਵਾਸਤੇ ਸਹਿਮਤੀ ਦਿੱਤੀ ਗਈ ਸੀ; ਇਸ ਸਾਲ ਮਾਰਚ ਤਕ ਇਸ ਯੋਜਨਾ ਤਹਿਤ ਕੇਵਲ 32 ਪਲਾਂਟਾਂ ‘ਚ ਹੀ ਉਤਪਾਦਨ ਸ਼ੁਰੂ ਹੋ ਸਕਿਆ ਹੈ। ਇਸ ਨੂੰ ਦੇਖਦਿਆਂ ਸਬੰਧਿਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਉਹ ਇਸ ਖੇਤਰ ਦੇ ਤੇਜ਼ੀ ਨਾਲ ਅੱਗੇ ਵਧਣ ‘ਚ ਆਉਂਦੀਆਂ ਰੁਕਾਵਟਾਂ ਦੂਰ ਕਰਨ। ਹਿਮਾਚਲ ਪ੍ਰਦੇਸ਼ ਵਿਚ ਡਰੱਗ ਪਾਰਕ ਤੋਂ ਉਤਪਾਦਨ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਨਾਲ ਇਸ ਟੀਚੇ ਦੀ ਪ੍ਰਾਪਤੀ ‘ਚ ਮਦਦ ਮਿਲ ਸਕਦੀ ਹੈ।
ਇਸ ਮਹਾਮਾਰੀ ਨੇ ਭਾਰਤ ਨੂੰ ਮੌਕਾ ਦਿੱਤਾ ਹੈ ਕਿ ਉਹ ਦਵਾਈਆਂ ਬਣਾਉਣ ਵਾਲੇ ਖੇਤਰ ‘ਚ ਆਪਣੀ ਸਰਮੱਥਾ ਵਧਾਏ। ਇਸ ਤੋਂ ਪਹਿਲਾਂ ਭਾਰਤ ਉਨ੍ਹਾਂ ਕੁਝ ਦੇਸ਼ਾਂ ‘ਚ ਸ਼ੁਮਾਰ ਹੈ ਜਿਨ੍ਹਾਂ ਨੇ ਕੋਵਿਡ-19 ਦੀ ਵੈਕਸੀਨ ਬਣਾਉਣ ਲਈ ਬਿਹਤਰੀਨ ਵੈਕਸੀਨ ਬਣਾਉਣ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਭਾਰਤ ਆਲਮੀ ਪੱਧਰ ‘ਤੇ ਜੈਨੇਰਿਕ ਦਵਾਈਆਂ ਦਾ ਵੱਡਾ ਉਤਪਾਦਕ ਹੈ। ਭਾਰਤ ਜੈਨੇਰਿਕ ਖੇਤਰ ‘ਚ ਅਮਰੀਕਾ ਦੀ 40 ਫ਼ੀਸਦ ਲੋੜ ਅਤੇ ਬਰਤਾਨੀਆ ਦੀ 25 ਫ਼ੀਸਦ ਲੋੜ ਪੂਰੀ ਕਰਦਾ ਹੈ। ਇਸ ਲਈ ਬਿਨਾ ਸ਼ੱਕ ਭਾਰਤ ਦਵਾਈਆਂ ਬਣਾਉਣ ਵਾਲੇ ਪਦਾਰਥਾਂ ਦੀ ਉਤਪਾਦਨ ਸਮਰੱਥਾ ਵੀ ਵਧਾ ਸਕਦਾ ਹੈ।