ਕਾਰ ਅੱਗੇ ਆਵਾਰਾ ਪਸ਼ੂ ਆਉਣ ਕਰਕੇ ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਭਦੌੜ, 19 ਮਾਰਚ
ਪਿੰਡ ਤਲਵੰਡੀ ਤੋਂ ਭਦੌੜ ਆ ਰਹੀ ਤੇਜ਼ ਰਫ਼ਤਾਰ ਕਾਰ ਦਰਖ਼ਤ ਨਾਲ ਟਕਰਾਉਣ ਕਰਕੇ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਬਰਨਾਲਾ ਰੈਫ਼ਰ ਕਰ ਦਿੱਤਾ।
ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ ਪਿੰਡ ਵਿੱਚ ਸ਼ਗਨ ਦਾ ਪ੍ਰੋਗਰਾਮ ਹੋਣ ਕਰਕੇ ਉਸ ਦਾ ਭਰਾ ਸੁਰਿੰਦਰ ਸਿੰਘ (39) ਪੁੱਤਰ ਬਲਵੀਰ ਸਿੰਘ ਤੇ ਹਰਮਨ ਸਿੰਘ(20) ਪੁੱਤਰ ਗੱਗੀ ਸਿੰਘ ਦੋਵੇਂ ਵਾਸੀ ਤਲਵੰਡੀ ਮਾਰੂਤੀ ਕਾਰ (ਨੰ. ਪੀਬੀ 61 ਏ 1582) ’ਤੇ ਭਦੌੜ ਵੱਲ ਆ ਰਹੇ ਸੀ ਜਦ ਉਹ ਖੜਕ ਸਿੰਘ ਵਾਲਾ ਪਿੰਡ ਲੰਘੇ ਤਾਂ ਅਚਾਨਕ ਮੂਹਰੇ ਪਸ਼ੂ ਆ ਗਏ ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਦਰਖ਼ਤ ਨਾਲ ਜਾ ਟਕਰਾਈ। ਹਾਦਸੇ ਵਿਚ ਸੁਰਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹਰਮਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਬਰਨਾਲਾ ਰੈਫ਼ਰ ਕਰ ਦਿੱਤਾ। ਪੁਲੀਸ ਨੇ ਧਾਰਾ 194 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।