ਸੜਕ ਹਾਦਸੇ ਵਿੱਚ ਇਕ ਹਲਾਕ, 3 ਜ਼ਖਮੀ
ਪੱਤਰ ਪ੍ਰੇਰਕ
ਜਲੰਧਰ, 11 ਨਵੰਬਰ
ਨਕੋਦਰ ਹਾਈਵੇ ’ਤੇ ਲਾਂਬੜਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਲਗਪਗ 3.30 ਵਜੇ ਇਕ ਬੇਕਾਬੂ ਕੈਂਟਰ ਨੇ ਪਹਿਲਾਂ ਇਕ ਆਟੋ ਨੂੰ ਟੱਕਰ ਮਾਰੀ ਅਤੇ ਉਹ ਆਟੋ ਨੂੰ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ। ਇਸ ਤੋਂ ਬਾਅਦ ਕੈਂਟਰ ਚਾਲਕ ਵੱਂਲੋਂ ਫਾਰਚੂਨਰ ਕਾਰ ਵਿੱਚ ਟੱਕਰ ਮਾਰਨ ਮਗਰੋਂ ਪੈਦਲ ਜਾ ਰਹੇ ਵਿਅਕਤੀ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ। ਇਸ ਘਟਨਾ ਵਿੱਚ ਦੋ ਆਟੋ ਸਵਾਰਾਂ ਅਤੇ ਫਾਰਚੂਨਰ ਸਵਾਰ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੀ ਗਈ। ਫਾਰਚੂਨਰ ’ਚ ਸਵਾਰ ਜਲੰਧਰ ਦਾ ਰਹਿਣ ਵਾਲਾ ਅਨਮੋਲ ਜਲੰਧਰ ਤੋਂ ਨਕੋਦਰ ਵੱਲ ਜਾ ਰਿਹਾ ਸੀ। ਘਟਨਾ ’ਚ ਜ਼ਖਮੀ ਹੋਏ ਲੋਕਾਂ ਨੂੰ ਪੁਲੀਸ ਅਤੇ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਲਾਂਬੜਾ ਥਾਣੇ ਦੀ ਪੁਲੀਸ ਨੇ ਕੈਂਟਰ ਅਤੇ ਨੁਕਸਾਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਹਾਈਵੇਅ ਨੂੰ ਖਾਲੀ ਕਰਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੈਂਟਰ ਚਾਲਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਮ੍ਰਿਤਕ ਦੀ ਪਛਾਣ ਨਕੋਦਰ ਦੇ ਪਿੰਡ ਹੇਰਾਂ ਵਾਸੀ ਕਾਲਾ ਵਜੋਂ ਹੋਈ ਹੈ, ਜੋ ਦੀਵਾਲੀ ਦਾ ਸਾਮਾਨ ਅਤੇ ਰਾਸ਼ਨ ਸਣੇ ਹੋਰ ਸਮਾਨ ਲੈ ਕੇ ਆਪਣੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਹਾਦਸਾ ਵਾਪਰ ਗਿਆ। ਪੁਲੀਸ ਨੇ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਆਟੋ ਵਿੱਚ ਸਵਾਰ ਜ਼ਖ਼ਮੀਆਂ ਦੀ ਪਛਾਣ ਰਾਜੀਵ ਅਤੇ ਸ਼ੰਕਰ ਵਜੋਂ ਹੋਈ ਹੈ।