ਅਨੋਖੇ ਦ੍ਰਿਸ਼ ਸੰਯੋਜਨ ਵਾਲਾ ਨਾਟ-ਨਿਰਦੇਸ਼ਕ ਬਲਰਾਜ ਪੰਡਿਤ
ਕਮਲੇਸ਼ ਉੱਪਲ
ਕਲਾਤਮਿਕ ਸਫ਼ਰ
ਨੈਸ਼ਨਲ ਸਕੂਲ ਆਫ਼ ਡਰਾਮਾ ਭਾਰਤ ਦੀ ਇੱਕੋ ਇੱਕ ਅਤੇ ਵਿਸ਼ਵ ਦੀਆਂ ਕੁਝ ਕੁ ਅਜਿਹੀਆਂ ਸੰਸਥਾਵਾਂ ਵਿੱਚੋਂ ਹੈ ਜਿਸ ਨੇ ਆਧੁਨਿਕ ਰੰਗਮੰਚ ਦੇ ਨਕਸ਼ ਉਲੀਕਣ ਵਿੱਚ ਮੋਹਰੀ ਅਤੇ ਅਦੁੱਤੀ ਭੂਮਿਕਾ ਨਿਭਾਈ ਹੈ। 1959 ਵਿੱਚ ਸਥਾਪਿਤ ਹੋਈ ਇਸ ਸੰਸਥਾ ਤੋਂ ਡਿਪਲੋਮਾ ਪ੍ਰਾਪਤ ਅਦਾਕਾਰਾਂ ਅਤੇ ਕਲਾਕਾਰਾਂ ਨੇ ਨਾ ਕੇਵਲ ਦਿੱਲੀ ਅਤੇ ਹੋਰ ਭਾਰਤੀ ਨਗਰਾਂ ਵਿੱਚ ਨਾਟਕ ਅਤੇ ਰੰਗਮੰਚ ਦੀ ਕਰਤਬੀ ਕਲਾ ਜਾਂ ਪਰਫਾਰਮਿੰਗ ਆਰਟ ਦੀਆਂ ਉਮਦਾ ਪੇਸ਼ਕਾਰੀਆਂ ਵਿਖਾਈਆਂ ਹਨ ਸਗੋਂ ਦੁਨੀਆਂ ਦੇ ਸਟੇਜ-ਨਕਸ਼ੇ ਵਿੱਚ ਭਾਰਤ ਨੂੰ ਵੀ ਥਾਂ ਮੁਹੱਈਆ ਕਰਾਈ ਹੈ। ਏਨਾ ਹੀ ਨਹੀਂ, ਭਾਰਤੀ ਸਿਨੇਮਾ ਉਦਯੋਗ ਦੀ ਚੜ੍ਹਤ ਬਣਾਉਣ ਵਿੱਚ ਐਨ.ਐੱਸ.ਡੀ. ਤੋਂ ਸਿੱਖੇ ਹੋਏ ਅਦਾਕਾਰਾਂ ਨੇ ਉੱਚ ਕੋਟੀ ਦੀਆਂ ਭੂਮਿਕਾਵਾਂ ਨਿਭਾ ਕੇ ਸਫਲਤਾ ਦੇ ਝੰਡੇ ਗੱਡੇ ਹਨ। ਇਨ੍ਹਾਂ ਅਦਾਕਾਰਾਂ ਨੇ ਟੈਲੀਵਿਜ਼ਨ (ਦੂਰਦਰਸ਼ਨ) ਦੇ ਲੜੀਵਾਰਾਂ ਵਿੱਚ ਵੀ ਉੱਚ ਕੋਟੀ ਦੇ ਪ੍ਰਮਾਣਿਕ ਕਲਾ-ਕਰਤਬ ਪੇਸ਼ ਕੀਤੇ ਹਨ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਮਿਸਾਲ ਵਜੋਂ ਲੜੀਵਾਰ ‘ਮਿਰਜ਼ਾ ਗ਼ਾਲਬਿ’ ਵਿੱਚ ਕੇਂਦਰੀ ਭੂਮਿਕਾ ਨਸੀਰੁੱਦੀਨ ਸ਼ਾਹ ਨੇ ਨਿਭਾਈ ਸੀ।
ਅੱਜ ਅਸੀਂ ਬਲਰਾਜ ਪੰਡਿਤ ਨੂੰ ਯਾਦ ਕਰਨ ਲੱਗੇ ਹਾਂ।
ਬਲਰਾਜ ਪੰਡਿਤ, ਅਲਕਾਜ਼ੀ ਦੇ ਸ਼ਿਸ਼ ਸਨ ਅਤੇ ਐਨ.ਐੱਸ.ਡੀ. ਦੇ ਸੀਨੀਅਰ ਸਨਾਤਕ। ਆਪਣੀ ਅਨੋਖੀ ਪ੍ਰਤਿਭਾ ਨਾਲ ਉਨ੍ਹਾਂ ਨੇ ਅਲਕਾਜ਼ੀ ਹੋਰਾਂ ਨੂੰ ਵੀ ਪ੍ਰਭਾਵਿਤ ਕੀਤਾ ਸੀ। 1978 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਮਰੀਕ ਸਿੰਘ ਨੇ ਉਨ੍ਹਾਂ ਨੂੰ ਤਨਖ਼ਾਹ-ਸਕੇਲ ਵਿੱਚ ਨੌਂ ਅਗਾਊਂ ਇੰਕਰੀਮੈਂਟ ਦੇ ਕੇ ਡਰਾਮਾ ਵਿਭਾਗ ਵਿੱਚ ਲਿਆਂਦਾ ਸੀ। ਉਦੋਂ ਹੀ ਰਾਮ ਗੋਪਾਲ ਬਜਾਜ ਨੂੰ ਵਿਭਾਗ ਦਾ ਮੁਖੀ ਬਣਾਇਆ ਗਿਆ ਸੀ। ਬਜਾਜ ਨੇ ਆਉਂਦਿਆਂ ਹੀ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿੱਚ ਪੰਡਿਤ ਜੀ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਪੰਜਾਬੀ ਨਾਟਕ ‘ਲੋਕ ਉਦਾਸੀ’ ਦੀ ਪੇਸ਼ਕਾਰੀ ਰੱਖੀ ਸੀ। ਉਦੋਂ ਹੁਣ ਵਾਲਾ ਕਲਾ ਭਵਨ ਅਜੇ ਨਹੀਂ ਸੀ ਬਣਿਆ। ਇਹ ਨਾਟਕ ਇੱਕ ਕਵਿਤਾ ਵਾਂਗ ਉਜਾਗਰ ਹੁੰਦਾ ਹੈ ਅਤੇ ਇਸ ਦੇ ਮੁੱਢਲੇ ਬੋਲ ਸਨ:
ਇੱਕ ਪਿੰਡ ਦੀ ਕੁੜੀ ਚਾਂਦੀ ਦੇ ਰੰਗ ਵਰਗੀ ਸੋਨੇ ਦੇ ਰੰਗ ਵਰਗੀ/ ਕੌਣ ਡੋਲਾ ਲੈ ਜਾਊ, ਤੇਰੀਆਂ ਅੱਖਾਂ ਦੇ ਨਜ਼ਾਰਿਆਂ ’ਚ ਡੁੱਬ ਜਾਊ, ਨੀ ਕੁੜੀਏ।
ਅਸਲ ਵਿੱਚ ਇਹ ਨਾਟਕ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਰੈਪਰਟਰੀ ਦੀਆਂ ਰਚਨਾਵਾਂ ਵਿੱਚੋਂ ਸੀ। ਇਹ ਨਾਟਕ-ਮੰਡਲੀ ਸਦੀ ਦੇ ਸੱਤਰਵਿਆਂ ਦੇ ਅੱਧ ਵਿੱਚ ਬਣਾ ਕੇ ਡੇਢ-ਦੋ ਸਾਲ ਦੇ ਅਰਸੇ ਮਗਰੋਂ ਬੰਦ ਕਰ ਦਿੱਤੀ ਗਈ ਸੀ। ਇਸ ਦਾ ਪ੍ਰਬੰਧ ਆਈ.ਏ.ਐੱਸ. ਅਫਸਰ ਰਵਨੀਤ ਕੌਰ ਨੂੰ ਦਿੱਤਾ ਗਿਆ ਸੀ ਤੇ ਐਨ.ਐੱਸ.ਡੀ. ਦੇ ਸਨਾਤਕਾਂ ਨੇ ਚੰਡੀਗੜ੍ਹ ਅਤੇ ਪੰਜਾਬ ਦੇ ਮੰਨੇ-ਪ੍ਰਮੰਨੇ ਸਟੇਜ ਅਦਾਕਾਰਾਂ ਤੋਂ ਨਾਟਕ ਤਿਆਰ ਕਰਵਾਏ ਸਨ। ਕੁਝ ਰਾਜਨੀਤਕ ਦਖ਼ਲਅੰਦਾਜ਼ੀ ਹੋਈ ਤੇ ਇਹ ਰੈਪਰਟਰੀ ਅਚਾਨਕ ਭੰਗ ਕਰ ਦਿੱਤੀ ਗਈ। ਬਲਰਾਜ ਪੰਡਿਤ ਦੇ ਨਾਟਕ ‘ਲੋਕ ਉਦਾਸੀ’ ਨੇ ਧੁੰਮਾਂ ਪਾ ਦਿੱਤੀਆਂ ਸਨ। ਇਸ ਸਰਕਾਰੀ ਨਾਟ-ਮੰਡਲੀ ਦੇ ਹੋਰ ਨਾਟਕਾਂ ਵਿੱਚੋਂ ਪਰਾਈ ਕੁੱਖ (ਬ੍ਰੈਖ਼ਤ ਦੇ ਨਾਟਕ ‘ਦਿ ਕਾਕੇਸ਼ੀਅਨ ਚਾਕ ਸਰਕਲ’ ਦਾ ਪੰਜਾਬੀ ਰੂਪ) ਅਤੇ ਮੁਕਤਧਾਰਾ (ਟੈਗੋਰ ਦੇ ਬੰਗਾਲੀ ਨਾਟਕ ਦਾ ਪੰਜਾਬੀ ਰੂਪ) ਵਰਣਨਯੋਗ ਹਨ।
ਨਾਟਕ ‘ਲੋਕ ਉਦਾਸੀ’ ਪੰਜਾਬੀ ਸਮਾਜ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਤੋਰਦਾ ਹੈ। ਇਸ ਵਿੱਚ ਸਮਾਜਿਕ ਯਥਾਰਥ, ਲੋਕਧਾਰਾ, ਫੰਤਾਸੀ, ਬਤਾਵੇ (ਮਾਈਮ), ਕਲਾਤਮਿਕ ਮੰਚ ਗਤੀ ਅਤੇ ਸੰਗੀਤ ਆਦਿ ਵਿਭਿੰਨ ਪ੍ਰਕਾਰ ਦੇ ਪ੍ਰਯੋਗ ਸ਼ਾਮਲ ਕਰ ਕੇ ਪੰਡਿਤ ਜੀ ਨੇ ਅਨੋਖੀ ਤੇ ਆਕਰਸ਼ਕ ਮੰਚ-ਬਣਤ ਰਚ ਦਿੱਤੀ ਸੀ। ਇਸ ਨਾਟਕ ਦੇ ਹਵਾਲੇ ਨਾਲ ਉਨ੍ਹੀਂ ਦਿਨੀਂ ਅਸੀਂ ਪੰਡਿਤ ਜੀ ਦੀ ਪ੍ਰਤਿਭਾ ਬਾਰੇ ਬਹੁਤ ਕੁਝ ਸੁਣਦੇ ਰਹਿੰਦੇ ਸਾਂ। ਸਾਨੂੰ ਖ਼ੁਸ਼ੀ ਹੋਈ ਜਦੋਂ ਇਹ ਨਾਟਕ ਪਟਿਆਲੇ, ਯੂਨੀਵਰਸਿਟੀ ਵਿਚ ਖੇਡਿਆ ਗਿਆ। ਇਹ ਕਈ ਵਾਰ ਖੇਡਿਆ ਗਿਆ। ਇਸ ਨਾਟਕੀ ਪ੍ਰਗਟਾਅ ਵਿੱਚ ਕਾਵਿਮਈ ਬੋਲ, ਲੈਅ ਅਤੇ ਸਮਾਂ-ਸਪੇਸ ਦਾ ਗਤੀਮਾਨ ਪ੍ਰਵਾਹ ਇੱਕ ਅਦਭੁੱਤ ਸੁਮੇਲ ਬਣ ਜਾਂਦਾ ਸੀ ਜਿਸ ਨੂੰ ਦਰਸ਼ਕ ਰੱਜ ਕੇ ਮਾਣਦੇ ਸਨ।
ਪੰਡਿਤ ਜੀ ਦੁਆਰਾ ਸਟੇਜ ਉੱਤੇ ਸਿਰਜੇ ਦ੍ਰਿਸ਼-ਸੰਯੋਜਨ ਤਸਵੀਰਕਸ਼ੀ ਜਾਂ ਚਿੱਤਰਕਾਰੀ ਬਣ ਜਾਂਦੇ ਸਨ। ਇਸੇ ਤਸਵੀਰਕਸ਼ੀ ਦਾ ਹੀ ਮੁਜੱਸਮਾ ਸੀ ਨਾਟਕ ‘ਪੌਣ ਤੜਾਗੀ’ ਜਿਸ ਦੀ ਬਣਤ ਉਨ੍ਹਾਂ ਨੇ ਪੰਜਾਬੀ ਦੀ ਉੱਘੀ ਕਵਿੱਤਰੀ ਮਨਜੀਤ ਟਿਵਾਣਾ ਨਾਲ ਮਿਲ ਕੇ ਬਣਾਈ। ਇਹ ਸਾਵਿਤਰੀ ਸੱਤਿਆਵਾਨ ਦੀ ਕਥਾ ’ਤੇ ਆਧਾਰਿਤ ਨਾਟਕ ਹੈ। ਨਾਟਕ ‘ਪੌਣ ਤੜਾਗੀ’ ਦੇ ਮੰਚਨ ਸਮੇਂ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਅਤੇ ਡਾ. (ਪ੍ਰੋਫੈਸਰ) ਸੁਨੀਤਾ ਧੀਰ ਥੀਏਟਰ ਵਿਭਾਗ ਦੀ ਵਿਦਿਆਰਥਣ ਸੀ। ਉਹ ਇਸ ਨਾਟਕ ਵਿੱਚ ਨਾਇਕਾ ਦਾ ਰੋਲ ਨਿਭਾ ਰਹੀ ਸੀ। ਮੈਨੂੰ ਹੁਣ ਤੱਕ ਯਾਦ ਹੈ। ਨਾਟਕ ਵੇਖਦਿਆਂ ਮੇਰੇ ਨਾਲ ਵਾਲੀ ਸੀਟ ’ਤੇ ਬਿਰਾਜਮਾਨ ਇੱਕ ਉੱਘੀ ਸਿਆਸਤਦਾਨ ਨੂੰ ਮੈਂ ਸੁਨੀਤਾ ਦੇ ਅਭਿਨੈ ਬਾਰੇ ਪੁੱਛਿਆ, ‘‘ਕਿਹੋ ਜਿਹੀ ਅਦਾਕਾਰੀ ਕਰ ਰਹੀ ਹੈ ਕੁੜੀ?’’ ਮੇਰਾ ਪ੍ਰਸ਼ਨ ਸੁਣ ਕੇ ਉਨ੍ਹਾਂ ਕਿਹਾ ਸੀ, ‘‘ਇਹ ਤਾਂ ਹਵਾ ਵਿੱਚ ਤੈਰ ਰਹੀ ਏ ਜੀ।’’ ਅਦਾਕਾਰਾਂ ਨੂੰ ਸਟੇਜ ਉੱਤੇ ਹਵਾ ਵਿੱਚ ਤੈਰਨ ਦਾ ਗੁਰ ਸਿਖਾ ਦੇਣਾ ਬਲਰਾਜ ਪੰਡਿਤ ਜੀ ਨਿਰਦੇਸ਼ਕੀ ਪ੍ਰਤਿਭਾ ਦਾ ਖ਼ਾਸ ਗੁਣ ਸੀ। ਉਨ੍ਹਾਂ ਦੇ ਨਾਟਕਾਂ ਦਾ ਸੰਗੀਤ ਹਵਾ ਵਿੱਚ ਤੈਰਨ ਦੀ ਇਸ ਕਿਰਿਆ ਨੂੰ ਸੁਹਜਾਤਮਕ ਗਤੀ ਪ੍ਰਦਾਨ ਕਰਨ ਵਾਲਾ ਹੁੰਦਾ ਸੀ। ਭਾਵੇਂ ਉਹ ਸੰਗੀਤ ਕਮਲ ਤਿਵਾਰੀ ਦਾ ਕੰਪੋਜ਼ ਕੀਤਾ ਹੋਵੇ ਜਾਂ ਨਕਲੀਆਂ ਦੀ ਟੋਲੀ ਦੇ ਉਸਤਾਦ ਪ੍ਰੇਮਚੰਦ ਦਾ। ਇਸ ਸੰਗੀਤ ਉੱਤੇ ਪੰਡਿਤ ਜੀ ਦੀ ਨਿਰਦੇਸ਼ਕੀ ਦ੍ਰਿਸ਼ਟੀ ਦੀ ਅਦੁੱਤੀ ਤੇ ਅਮਿੱਟ ਛਾਪ ਸੀ- ਸਟੀਕ, ਸੀਲਬੰਦ ਅਤੇ ਬੇਜੋੜ। ਅਜਿਹਾ ਸੰਗੀਤ ਦਰਸ਼ਕ ਦੇ ਜ਼ਿਹਨ ਵਿੱਚ ਜ਼ਿੰਦਾ ਰਹਿ ਕੇ ਵਰ੍ਹਿਆਂ ਤੱਕ ਗੂੰਜਦਾ ਹੈ। ਸੁਨੀਤਾ (ਸਾਵਿਤਰੀ) ਦੁਆਰਾ ਮੰਚਿਤ ਕੀਤੇ ਗੀਤ ਦਾ ਟੋਟਾ ‘‘ਮਾਏਂ ਨੀ... ਮੈਨੂੰ ਸੁਪਨਾ ਆਇਆ’’ ਅਤੇ ਨਾਟਕ ਦੇ ਆਰੰਭਲੇ ਮੰਗਲਾਚਰਨ ਦੀ ਧੁਨ ‘‘ਮਹਾਂਕਾਲ ਮਹਾਂਦੇਵ ਮਹੇਸ਼ਵਰ’’ ਅੱਜ ਵੀ ਕੰਨਾਂ ’ਚ ਰਸ ਘੋਲਦੇ ਹਨ।
ਇਸੇ ਤਰ੍ਹਾਂ ਦਾ ਸਦਾ ਸੱਜਰਾ ਸੁਆਦ ਦੇਣ ਵਾਲਾ ਸੰਗੀਤ ਉਨ੍ਹਾਂ ਦੁਆਰਾ ਨਿਰਦੇਸ਼ਤ ਨਾਟਕ ‘ਰਾਣੀ ਕੋਕਲਾ’ (ਨਾਟਕਕਾਰ ਕਪੂਰ ਸਿੰਘ ਘੁੰਮਣ) ਲਈ ਸਿਰਜਿਆ ਗਿਆ ਸੀ। ਇਸ ਪ੍ਰਕਾਰ ਦੇ ਸੰਗੀਤਮਈ ਨਾਟਕੀ ਕਰਤਬਾਂ ਨੂੰ ਵੇਖ ਕੇ ਇਹ ਵਿਸ਼ਵਾਸ ਬਣ ਜਾਂਦਾ ਸੀ ਕਿ ਇਨ੍ਹਾਂ ਨਾਟਕਾਂ ਦੇ ਨਿਰਦੇਸ਼ਨ ਲਈ ਪੰਡਿਤ ਜੀ ਹੀ ਬਣੇ ਸਨ। ਸੰਗੀਤ, ਸਥਾਨ (ਮੰਚ-ਸਪੇਸ) ਅਤੇ ਸਮੇਂ ਦੇ ਨਿਰੰਤਰ ਵਹਾਓ ਨੂੰ ਸਿਰਜਨ ਵਿੱਚ ਉਹ ਮਾਹਿਰ ਸਨ। ਉਨ੍ਹਾਂ ਦੇ ਸਿਰਜਕ ਪਲਾਂ ਉੱਤੇ ਉਨ੍ਹਾਂ ਦੀ ਨਿਰਦੇਸ਼ਕੀ ਪ੍ਰਤਿਭਾ ਦੀ ਛਾਪ ਰਹਿੰਦੀ ਸੀ। ਇਹ ਹੀ ਕਾਰਨ ਸੀ ਕਿ ਉਨ੍ਹਾਂ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਿਆ ਜੋ ਵੱਧ ਸਮਾਂ ਉਨ੍ਹਾਂ ਦੇ ਨਾਲ ਗੁਜ਼ਾਰਦੇ ਸਨ। ਆਪਣੀ ਸਮੁੱਚੀ ਕਾਰਜਗਤੀ ਅਤੇ ਸੰਕੇਤਕ ਭਾਸ਼ਾ (ਬਤਾਵੇ) ਰਾਹੀਂ ਉਹ ਸਾਰਾ ਕੁਝ ਸਮਝਾ ਦਿੰਦੇ ਸਨ ਜੋ ਸ਼ਬਦਾਂ ਦੀ ਭਾਸ਼ਾ ਮੁਸ਼ਕਿਲ ਨਾਲ ਸਮਝਾ ਸਕਦੀ ਹੈ। ਸੁਨੀਤਾ ਧੀਰ ਮੈਨੂੰ ਦੱਸਦੀ ਹੁੰਦੀ ਸੀ ਕਿ ‘ਲੋਕ ਉਦਾਸੀ’ ਵਿੱਚ ਅਸੀਂ ਜਦੋਂ ਪੰਡਿਤ ਜੀ ਤੋਂ ‘ਕੁੜੀ ਸੋਨੇ ਦੇ ਰੰਗ ਵਰਗੀ’ ਦਾ ਮਤਲਬ ਪੁੱਛਦੇ ਤਾਂ ਉਹ ਏਨਾ ਕੁ ਹੀ ਦੱਸਦੇ, ‘‘ਅਰੇ ਭਈ, ਜਵਾਨ ਲੜਕੀ ‘ਸੋਨੇ ਦੇ ਰੰਗ ਵਰਗੀ’ ਹੀ ਹੁੰਦੀ ਹੈ।’’ ਹੂੰ... ਯਿਹ ਬਾਤ ਹੈ! ਇਹ ਉਨ੍ਹਾਂ ਦਾ ਗੱਲ ਸਮਝਾਉਣ ਦਾ ਖ਼ਾਸ ਜੁਮਲਾ ਜਾਂ ਅੰਦਾਜ਼ ਹੁੰਦਾ ਸੀ। ਉਹ ਸਾਹਿਤਕ, ਕਲਾਤਮਿਕ ਸੰਵੇਦਨਾ ਅਤੇ ਲੋਕ ਨਾਟਕੀ ਚੇਤਨਾ ਨਾਲ ਅੰਦਰੋਂ ਜਿੰਨੇ ਓਪਪੋਤ ਸਨ, ਬਾਹਰੋਂ ਓਨੇ ਹੀ ਸਰਲ ਤੇ ਸਿਮਟੇ ਹੋਏ ਵਿਅਕਤੀ ਸਨ।
ਉਨ੍ਹਾਂ ਦੇ ਸਿਰਜੇ ਨਾਟਕਾਂ ਵਿੱਚ ‘ਆਦਿ ਪਰਵ’, ‘ਭਰਤ-ਪੁਤ੍ਰ’ ਵਰਗੇ ਨਾਟਕਾਂ ਦਾ ਜ਼ਿਕਰ ਸੁਣਦੇ ਹਾਂ ਪਰ ਇਨ੍ਹਾਂ ਨਾਟਕਾਂ ਦੀਆਂ ਹੱਥ ਲਿਖਤਾਂ ਵੀ ਨਹੀਂ ਮਿਲਦੀਆਂ। ਸ਼ਾਇਦ ਘਰ ਵਿੱਚ ਪਏ ਕਾਗਜ਼ਾਂ ਦੇ ਢੇਰ ਵਿੱਚ ਹੀ ਕਿਤੇ ਰੁਲ ਗਈਆਂ। ਬ੍ਰੈਖ਼ਤ ਦੇ ਨਾਟਕ ਮਦਰ (ਗੋਰਕੀ ਦੀ ਪੁਸਤਕ ‘ਮਦਰ’ ’ਤੇ ਆਧਾਰਿਤ) ਦਾ ਹਿੰਦੀ ਅਨੁਵਾਦ ਵੀ ਕੀਤਾ ਜਿਸ ਨੂੰ ਜੁਲਾਈ 2022 ਵਿੱਚ ਪਟਿਆਲਾ ਦੇ ‘ਨਾਟਕਵਾਲਾ’ ਥੀਏਟਰ ਗਰੁੱਪ ਨੇ ਆਪਣੇ ਸਮਰ ਥੀਏਟਰ ਫੈਸਟੀਵਲ ਵਿੱਚ ਪੇਸ਼ ਕੀਤਾ। ਪੰਡਿਤ ਜੀ ਦੇ ਬੇਟੇ ਪ੍ਰਭਾਸ ਪੰਡਿਤ ਨੇ ਇਹ ਨਾਟਕ ‘ਮਦਰ’ ਨਿਰਦੇਸ਼ਿਤ ਕੀਤਾ ਅਤੇ ਕੇਂਦਰੀ ਭੂਮਿਕਾ ਵੀ ਨਿਭਾਈ। ਜਰਮਨ ਨਾਟਕਕਾਰ ਬਿਊਖ਼ਨਰ ਦੇ ਨਾਟਕ ‘ਡੈਂਟਨਜ਼ ਟੌਡ’ ਤੋਂ ਪ੍ਰੇਰਿਤ ਹੋ ਕੇ ‘ਜ਼ਨਾਨੇ ਦਾਂਤ ਕਾ ਹਸਪਤਾਲ’ ਨਾਮ ਦਾ ਨਾਟਕ ਵੀ ਰਚਿਆ ਸੀ। ਮੋਲੀਅਰ ਦੇ ਨਾਟਕ ‘ਸਕੂਲ ਫੌਰ ਵਾਈਵਜ਼’ ਦਾ ਹਿੰਦੋਸਤਾਨੀ ਤਰਜਮਾ ‘ਬੀਵੀਉਂ ਕਾ ਮਦਰੱਸਾ’ ਬੇਮਿਸਾਲ ਹੈ। ਇਸ ਨਾਟਕ ਦੇ ਸੈਂਕੜੇ ਸ਼ੋਅ ‘ਅੰਕ’ ਨਾਮ ਦੀ ਸੰਸਥਾ ਹੁਣ ਤਕ ਖੇਡਦੀ ਰਹੀ ਹੈ। ‘ਅੰਕ’ ਦਾ ਸੰਚਾਲਕ ਦਿਨੇਸ਼ ਠਾਕੁਰ ਸੀ ਅਤੇ ਅੱਜਕਲ੍ਹ ਇਹ ਗਰੁੱਪ ਪ੍ਰੀਤਾ ਠਾਕੁਰ ਚਲਾਉਂਦੀ ਹੈ। ਸਾਲ 2007 ਵਿੱਚ ਰਾਜਿੰਦਰ ਗੁਪਤ ਦੀ ਨਿਰਦੇਸ਼ਨਾ ਹੇਠ ਇਹ ਨਾਟਕ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿੱਚ ਵਿਖਾਇਆ ਗਿਆ ਜਿਸ ਨੂੰ ਸਭ ਦਰਸ਼ਕਾਂ ਨੇ ਖ਼ੂਬ ਮਾਣਿਆ।
ਕੁਝ ਪ੍ਰਤਿਭਾਵਾਨ ਵਿਅਕਤੀਆਂ ਨੂੰ ਫਲਣ ਫੁੱਲਣ ਅਤੇ ਖਿੜਨ ਲਈ ਕਿਸੇ ਸਰਪ੍ਰਸਤ ਜਾਂ ਗੌਡਫਾਦਰ ਦੀ ਲੋੜ ਹੁੰਦੀ ਹੈ। ਸ਼ਾਇਦ ਇਸੇ ਸਰਪ੍ਰਸਤੀ ਦੀ ਕਮੀ ਕਾਰਨ ਬਲਰਾਜ ਪੰਡਿਤ ਇਸ ਸੰਸਾਰ ਨੂੰ ਬਹੁਤਾ ਕੁਝ ਨਾ ਦੇ ਸਕੇ।
ਦਾਰੂ ਅਤੇ ਬੀੜੀ ਪੀਣਾ ਉਨ੍ਹਾਂ ਦੀ ਕਮਜ਼ੋਰੀ ਸੀ, ਪਰ ਮੈਂ ਬਤੌਰ ਸਹਿ-ਅਧਿਆਪਕ ਕਦੇ ਉਨ੍ਹਾਂ ਨੂੰ ਕਿਸੇ ਵੀ ਸ਼ਖ਼ਸ ਦੀ ਬੁਰਾਈ ਕਰਦਿਆਂ ਵੇਖਿਆ ਸੁਣਿਆ ਨਹੀਂ। ਹਰੇਕ ਦੇ ਚੰਗੇ ਕੰਮ ਦੀ ਸ਼ਲਾਘਾ ਕਰਦੇ। ਜੇ ਕਿਸੇ ’ਤੇ ਹਲਕਾ ਵਿਅੰਗ ਵੀ ਕੱਸਦੇ ਤਾਂ ਉਹ ਬੜਾ ਕਲਾਤਮਿਕ, ਸੰਖੇਪ ਅਤੇ ਅਲੰਕਾਰਕ ਹੁੰਦਾ। ਉਨ੍ਹਾਂ ਦੀ ਇਸ ਆਦਤ ਨੂੰ ਪੰਡਿਤ ਜੀ ਦਾ ‘ਟੋਟਾ ਲਾਉਣਾ’ (ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਣਾ) ਕਿਹਾ ਜਾਂਦਾ ਸੀ। ਉਨ੍ਹਾਂ ਦੇ ਲੇਖਨ ਅਤੇ ਨਾਟ-ਨਿਰਦੇਸ਼ਨ ਵਿੱਚ ਅਨੀਵਾਰੀ ਪ੍ਰਗੀਤਾਤਮਕਤਾ ਸੀ ਅਤੇ ਨਾਟਕੀ ਕਰਤਬਾਂ ਵਿੱਚ ਸਪੇਸ ਅਤੇ ਮੂਵਮੈਂਟ ਦੀ ਵਿਉਂਤ ਲਿਰੀਕਲ (ਪ੍ਰਗੀਤਕ) ਸੀ। ਇਹੋ ਲਿਰੀਕਲ ਕੁਆਲਿਟੀ ‘ਪੌਣ ਤੜਾਗੀ’ ਦੀ ਨਾਇਕਾ ਸਾਵਿਤਰੀ ਤੋਂ ‘‘ਮੈਂ ਸ਼ਰਮ ਦੇ ਨਾਲ, ਮਰ ਰਹੀ ਹਾਂ’’ ਵਾਲਾ ਗੀਤ ਗਵਾਉਂਦਿਆਂ ਅਨੋਖਾ ਅਭਿਨੈ-ਸਿਰਜਨ ਕਰਾ ਰਹੀ ਸੀ। ਬਲਰਾਜ ਪੰਡਿਤ ਦੀਆਂ ਰਚਨਾਵਾਂ ਵਿੱਚੋਂ ਕੁਝ ਕਾਵਿ-ਸਤਰਾਂ ਸੰਵੇਦਨਾ ਦੀ ਗਹਿਰਾਈ ਅਤੇ ਸ਼ਿੱਦਤ ਨੂੰ ਪਰਖਣ ਲਈ ਹਾਜ਼ਰ ਹਨ:
- ਟੱਪ ਆ ਵੇ ਰਾਂਝਿਆ ਵਕਤਾਂ ਦੀ ਦੀਵਾਰ/ ਅੰਜਾਮ ਦੀ ਗੱਲ ਨਾ ਕਰ/ ਜੇ ਖ਼ੁਸ਼ਬੂ ਏਂ ਤਾਂ ਫਿਰ ਖ਼ਲਾਅ ਦੀ ਗੱਲ ਨਾ ਕਰ/ ਤੂੰ ਮੈਨੂੰ ਦੇਖ, ਸਬਰ ਦੇਖ, ਕ਼ਰਾਰ ਦੇਖ ਕਜ਼ਾ ਦੀ ਗੱਲ ਨਾ ਕਰ।
- ਡੁੱਬ ਮਰ ਵੇ ਝਨਾਂ ਦਿਆ ਪਾਣੀਆਂ ਕਿ ਤੈਥੋਂ ਇੱਕ ਸੋਹਣੀ ਨਾ ਬਚੀ।
ਬਲਰਾਜ ਪੰਡਿਤ ਦਾ ਜਨਮ 3 ਅਕਤੂਬਰ 1939 ਨੂੰ ਹੋਇਆ ਅਤੇ ਉਹ 13 ਅਕਤੂਬਰ 2006 ਨੂੰ ਚਲਾਣਾ ਕਰ ਗਏ। ਵੀਹਵੀਂ ਸਦੀ ਦੇ 1960 ਤੋਂ 1970 ਦੇ ਦਹਾਕੇ ਵਿੱਚ ਉਨ੍ਹਾਂ ਨੇ ‘ਪਾਂਚਵਾਂ ਸਵਾਰ’ ਵਰਗਾ ਨਾਟਕ ਰਚ ਕੇ ਭਾਰਤੀ ਰੰਗਮੰਚ ਦੇ ਚਿਹਰੇ ਨੂੰ ਸੱਚਮੁੱਚ ਭਾਰਤੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
* ਸਾਬਕਾ ਪ੍ਰੋਫ਼ੈਸਰ ਅਤੇ ਮੁਖੀ, ਥੀਏਟਰ ਅਤੇ ਟੀਵੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98149-02564