ਇਤਿਹਾਸਕ ਚੇਤਨਾ ਦਾ ਇੱਕ ਰੂਪ ਇਹ ਵੀ
ਕ੍ਰਿਸ਼ਨ ਸਿੰਘ (ਪ੍ਰਿੰਸੀਪਲ)
ਪ੍ਰਤੀਕਰਮ
ਐਤਵਾਰ 30 ਮਾਰਚ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਪੰਨੇ ’ਤੇ ਛਪੇ ਲੇਖ ‘ਅਕਾਲ ਬੁੰਗਾ, ਅਕਾਲ ਤਖ਼ਤ ਅਤੇ ਜਥੇਦਾਰ’ (ਲੇਖਕ: ਡਾ. ਗੁਰਦੇਵ ਸਿੰਘ ਸਿੱਧੂ) ਅਤੇ ‘ਗ੍ਰਹਿ ਮੰਤਰੀ ਅਤੇ ਪੰਜਾਬ ਦਾ ਧਾਰਮਿਕ ਸਿਆਸੀ ਬਿਰਤਾਂਤ’ (ਸੀਨੀਅਰ ਪੱਤਰਕਾਰ ਜਗਤਾਰ ਸਿੰਘ) ਆਪਣੇ ਤੱਥਾਂ/ ਪ੍ਰਮਾਣਾਂ ਦੇ ਆਧਾਰ ’ਤੇ ਪੜ੍ਹਨਯੋਗ ਹੀ ਨਹੀਂ ਸਗੋਂ ਪੰਜਾਬ ਵਿੱਚ ਸਥਾਪਿਤ ਅਕਾਲੀ ਦਲ ਦੀ ਅਜੋਕੀ ਦਸ਼ਾ ਤੇ ਦਿਸ਼ਾ ਦੇ ਸੰਦਰਭ ਵਿੱਚ ਸਮਝਣਯੋਗ ਵੀ ਹਨ। ਮੇਰੀ ਜਾਚੇ ਇਹ ਲਿਖਤਾਂ ਆਪਣੇ ਮੂਲ ਉਦੇਸ਼ ਵਜੋਂ ਪੰਜਾਬ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਦੀਆਂ ਵੀ ਪ੍ਰਤੀਕ ਹਨ ਕਿਉਂਕਿ ਇਨ੍ਹਾਂ ਸਰਬ ਸਾਂਝੀਆਂ ਸੰਭਾਵਨਾਵਾਂ ਦਾ ਮੂਲ ਬਿੰਦੂ ਪ੍ਰੋ. ਪੂਰਨ ਸਿੰਘ ਹੁਰਾਂ ਦੇ ‘ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ’ ਬੋਲਾਂ ਦੀ ਪੁਨਰ ਸੁਰਜੀਤੀ ਕਰਨ ਦੀਆਂ ਹਮਾਇਤੀ ਹਨ। ਡਾ. ਸਿੱਧੂ ਨੇ ਬਤੌਰ ਇਤਿਹਾਸਕਾਰ ਅਤੇ ਜਗਤਾਰ ਸਿੰਘ ਨੇ ਪੱਤਰਕਾਰੀ ਚੇਤਨਾ ਦੇ ਮਾਧਿਅਮ ਰਾਹੀਂ ਪੰਜਾਬ ਦੇ ਇਤਿਹਾਸਕ ਪਰਿਪੇਖ ਵਿੱਚ ਪਾਠਕਾਂ ਦੇ ਸ਼ੰਕੇ ਹੀ ਨਵਿਰਤ ਨਹੀਂ ਕੀਤੇ ਸਗੋਂ ਆਪਣੇ ਵੱਲੋਂ ਸਾਰਥਿਕ ਹਵਾਲੇ ਦੇ ਕੇ ਧਰਮ ਚੇਤਨਾ ਦਾ ਵੀ ਅਹਿਸਾਸ ਕਰਵਾਇਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਝਣ ਲਈ ਇਨ੍ਹਾਂ ਦੋਵੇਂ ਇਤਿਹਾਸਕ ਲਿਖਤਾਂ ਦਾ ਬੜਾ ਮਹੱਤਵ ਹੈ। ਅਕਾਲ ਤਖ਼ਤ ਦੀਆਂ ਪ੍ਰੰਪਰਾਵਾਂ/ਮਰਯਾਦਾਵਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੁਰਬਾਣੀ ਸਿਧਾਂਤਾਂ ਆਧਾਰਿਤ ਵਿਅਕਤੀਗਤ ਪਹੁੰਚ ਕੀ ਸੀ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜਾਂ ਪੰਜਾਬ ਦੇ ਹੱਕਾਂ ਲਈ ਉਹ ਕਿਵੇਂ ਸਮਰਪਣ ਭਾਵਨਾ ਨਾਲ ਜੁੜੇ? ਇਨ੍ਹਾਂ ਸਾਰੀਆਂ ਦੁਬਿਧਾਵਾਂ ਤੇ ਖ਼ਦਸ਼ਿਆਂ ਨੂੰ ਜਗਤਾਰ ਸਿੰਘ ਹੋਰਾਂ ਨੇ ਸਮਕਾਲੀ ਪੰਜਾਬ ਦੇ ਅਜੋਕੇ ਹਾਲਾਤ ਵਿੱਚ ਬੜੇ ਪ੍ਰਮਾਣਿਕ ਢੰਗ ਨਾਲ ਪੇਸ਼ ਕੀਤਾ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਭਾਵੇਂ ਇਤਿਹਾਸ ਦਾ ਸੱਚ ਅੰਤਿਮ ਸੱਚ ਨਹੀਂ ਹੁੰਦਾ ਪਰ ਸਾਨੂੰ ਸਮੂਹ ਪੰਜਾਬੀਆਂ ਨੂੰ ਬੀਤੇ ਦੀ ਤੱਥਾਂ ਆਧਾਰਿਤ ਇਤਿਹਾਸਕ ਚੇਤਨਾ ਨੂੰ ਨੇੜਿਉਂ ਹੋ ਕੇ ਪਛਾਣਨ ਦੀ ਲੋੜ ਹੁੰਦੀ ਹੈ। ਪੰਜਾਬ ਦੇ ਲੋਕਾਂ ਲਈ ਤ੍ਰਾਸਦੀ ਤਾਂ ਇਹ ਹੈ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਲਈ ਕੋਈ ਮਸਲਾ ਉੱਠਦਾ ਹੈ ਤਾਂ ਵਿਰੋਧੀ ਧਿਰਾਂ ਰਾਜਨੀਤਕ ਲਾਹੇ ਲੈਣ ਲਈ ਅਰਥਾਂ ਦੇ ਅਨਰਥ ਕਰਦਿਆਂ ਜਾਂ ਸਹੀ ਮੁੱਦਿਆਂ ਤੋਂ ਭਟਕਾਉਂਦਿਆਂ ਹਰ ਗੱਲ ਦਾ ਦੋੋੋਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਦੀ ਇਤਿਹਾਸਕ ਪ੍ਰੰਪਰਾ ਸਿਰ ਮੜ੍ਹ ਦਿੰਦੀਆਂ ਹਨ। ਕੋਈ ਦੂਰ ਜਾਣ ਦੀ ਲੋੜ ਨਹੀਂ, ਕਿਸਾਨੀ ਅੰਦੋਲਨ ਇਸ ਦਾ ਪ੍ਰਤੱਖ ਪ੍ਰਮਾਣ ਹੈ। ਮੈਨੂੰ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਹੋਵੇ ਜਾਂ ਕੋਈ ਵੀ ਹੋਰ ਵਿਰੋਧੀ ਧਿਰ, ਵਿਰੋਧ ਲਈ ਵਿਰੋਧ ਕਰਨ ਦੀ ਬਜਾਏ ਬਤੌਰ ਭਾਰਤੀ ਨਾਗਰਿਕ, ਇਨਸਾਨੀਅਤ ਨੂੰ ਪਹਿਲ ਦਿੰਦਿਆਂ ਉਸਾਰੂ ਸੰਵਾਦ ਰਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਦੇਰ ਆਏ ਦਰੁਸਤ ਆਏ। ਬੜੀ ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ, ਜਥੇਦਾਰਾਂ ਦੀ ਚੋਣ ਦੇ ਵਿਧੀ ਵਿਧਾਨ ਲਈ ਸੁਝਾਅ ਮੰਗੇ ਹਨ। ਚੰਗੇਰੇ ਸੁਝਾਵਾਂ ਲਈ ਸਾਨੂੰ ਆਸਵੰਦ ਹੋਣਾ ਚਾਹੀਦਾ ਹੈ ਪਰ ਤਤਕਾਲੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਦਿੱਤੇ ਸੁਝਾਵਾਂ ਵਾਲਾ ਹਾਲ ਨਾ ਹੋਵੇ ਕਿ ਵਿਦਵਾਨਾਂ/ਜਥੇਬੰਦੀਆਂ ਦੇ ਉਹ ਵਿਚਾਰ ਮਹਿਜ਼ ਕਾਗ਼ਜ਼ੀ ਕਾਰਵਾਈ ਬਣ ਕੇ ਰਹਿ ਜਾਣ ਜਾਂ ਮੌਕੇ ਦੀ ਰਾਜਨੀਤੀ ਦੀ ਭੇਂਟ ਚੜ੍ਹ ਜਾਣ। ਉਨ੍ਹਾਂ ਸੁਝਾਵਾਂ ਨੂੰ ਸਿੱਖ ਕੌਮ ਦੀਆਂ ਇਤਿਹਾਸਕ ਪ੍ਰੰਪਰਾਵਾਂ/ ਸਿੱਖ ਸਿਧਾਂਤਾਂ/ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਤਹਿਤ ਵਿਚਾਰਨਾ ਵੀ ਓਨਾ ਹੀ ਜ਼ਰੂਰੀ ਹੈ। ਬਿਲਕੁਲ ਏਨੀ ਵੱਡੀ ਜ਼ਿੰਮੇਵਾਰੀ ਹੀ ਸੁਝਾਅ ਭੇਜਣ ਵਾਲਿਆਂ ਦੀ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਵੀ ਆਪਣੀ ਚੌਧਰ ਤੇ ਹਉਮੈ ਨੂੰ ਭੁਲਾ ਕੇ ਤਿਆਗ ਅਤੇ ਸਮਰਪਣ ਭਾਵਨਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਫੋਕੀ ਸ਼ੁਹਰਤ/ ਰਾਜਨੀਤੀ ਵਾਲੇ ਕੁਰਸੀ ਯੁੱਧ ਤੋਂ ਬੇਲਾਗ ਅਤੇ ਵਿਅਕਤੀਗਤ ਰੰਜਿਸ਼ਾਂ ਤੋਂ ਮੁਕਤ ਹੋ ਕੇ ਸਰਬੱਤ ਦੇ ਭਲੇ ਵਾਲੀ ਬਿਰਤੀ ਨਾਲ ਜੁੜਨਾ ਚਾਹੀਦਾ ਹੈ। ਉਪਰੋਕਤ ਦੋਵਾਂ ਲੇਖਾਂ ਦੇ ਵਿਸ਼ਾਗਤ ਪਰਿਪੇਖ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਜਥੇਦਾਰਾਂ ਦੀ ਚੋਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਵਿਧੀ ਵਿਧਾਨ ਦਾ ਮਸਲਾ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ/ ਮੈਂਬਰਾਂ ਦਾ, ਇਨ੍ਹਾਂ ਦਾ ਵੀ ਇੱਕ ਵਿਸ਼ੇਸ਼ ਗੁਰਮਤਿ ਪਾਠਕ੍ਰਮ ਹੋਣਾ ਚਾਹੀਦਾ ਹੈ ਅਤੇ ਸਿਖਲਾਈ ਦੇ ਤੌਰ ’ਤੇ ਇਨ੍ਹਾਂ ਦੀਆਂ ਵੀ ਬਾਕਾਇਦਾ ਕਲਾਸਾਂ ਲੱਗਣੀਆਂ ਚਾਹੀਦੀਆਂ ਹਨ ਤਾਂ ਕਿ ਇਨ੍ਹਾਂ ਨੂੰ ਸਿੱਖ ਸਿਧਾਂਤਾਂ ਦੇ ਪਰਿਭਾਸ਼ਕ ਸਰੂਪ/ਸ਼ਬਦਾਵਲੀ ਦੀ ਸਮਝ ਦੇ ਨਾਲ-ਨਾਲ, ਸਿੱਖੀ ਚੇਤਨਾ ਅਤੇ ਮੀਰੀ-ਪੀਰੀ ਦੀਆਂ ਸੀਮਾਵਾਂ ਦਾ ਸੰਕਲਪ ਵੀ ਸਮਝ ਗੋਚਰੇ ਹੋ ਸਕੇ; ‘ਅਕਾਲ’ ਤੋਂ ਅਕਾਲੀ ਹੋਣ ਦੀ ਲੌਕਿਕ ਅਤੇ ਅਲੌਕਿਕ ਸੰਬੰਧਾਂ ਦੀ ਵਿਆਖਿਆ ਇਨ੍ਹਾਂ ਦੇ ਜ਼ਿਹਨ ਦਾ ਹਿੱਸਾ ਬਣ ਸਕੇ। ਉਪਰੋਕਤ ਦੋਹਾਂ ਲੇਖਾਂ ਵਿੱਚ ਅੰਕਿਤ ਵਿਹਾਰਕ ਥੀਮਿਕ ਪਾਸਾਰ ਸਾਨੂੰ ਇਹੋ ਸਬਕ ਤੇ ਸੁਨੇਹਾ ਦੇਣ ਦੀ ਬੁਨਿਆਦ ਬਣਦੇ ਹਨ।
ਈਮੇਲ: krishansingh264c@gmail.com