ਵਿਰੋਧੀਆਂ ਦੀ ਕੋਈ ਵਿਚਾਰਧਾਰਾ ਨਹੀਂ: ਨੱਢਾ
ਮਨਧੀਰ ਦਿਓਲ
ਨਵੀਂ ਦਿੱਲੀ, 9 ਜੂਨ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸ਼ੁੱਕਰਵਾਰ ਨੂੰ ਇੱਥੇ ਡੀਡੀਯੂ ਮਾਰਗ ‘ਤੇ ਪਾਰਟੀ ਦੀ ਦਿੱਲੀ ਇਕਾਈ ਦੇ ਨਵੇਂ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜੇਪੀ ਨੱਢਾ ਨਾਲ ਪਾਰਟੀ ਦੇ ਜਨਰਲ ਸਕੱਤਰ ਬੀਐੱਲ ਸੰਤੋਸ਼ ਅਤੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਸਣੇ ਪਾਰਟੀ ਆਗੂਆਂ ਨੇ ਇਮਾਰਤ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਭੂਮੀ ਪੂਜਨ ਕੀਤਾ। ਸ੍ਰੀ ਨੱਢਾ ਨੇ ਕਿਹਾ ਕਿ ਭਾਜਪਾ ਇਕੱਲੀ ਕੇਡਰ ਅਤੇ ਜਨ-ਆਧਾਰਿਤ ਪਾਰਟੀ ਹੈ, ਜਿਸ ਦੀ ਇਕ ਵਿਚਾਰਧਾਰਾ ਹੈ, ਜਦੋਂਕਿ ਬਾਕੀ ਸਾਰੀਆਂ ਪਾਰਟੀਆਂ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਉਹ ਸਿਰਫ ਸੱਤਾ ਲਈ ਰਾਜਨੀਤੀ ਕਰ ਰਹੀਆਂ ਹਨ।
ਨੱਢਾ ਨੇ ਕਾਂਗਰਸ ‘ਤੇ ਭਾਜਪਾ ਦਾ ਵਿਰੋਧ ਕਰਨ ਲਈ ਆਪਣੇ ਕੱਟੜ ਵਿਰੋਧੀ ਕਮਿਊਨਿਸਟਾਂ ਨਾਲ ਹੱਥ ਮਿਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਕੋਈ ਵਿਚਾਰਧਾਰਾ ਨਾ ਹੋਣ ਦੇ ਦੌਰ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਤੀਜਾਵਾਦ ਤੋਂ ਵਿਕਾਸਵਾਦ (ਵਿਕਾਸ ਦੀ ਰਾਜਨੀਤੀ) ਵਿੱਚ ਤਬਦੀਲੀ ਮੋਦੀ ਕਾਰਨ ਆਈ ਹੈ। ਭਾਜਪਾ ਨੇ ਵੋਟ ਬੈਂਕ ਦੀ ਰਾਜਨੀਤੀ ਨੂੰ ਰਿਪੋਰਟ ਕਾਰਡ ਦੀ ਰਾਜਨੀਤੀ ਨਾਲ ਬਦਲ ਦਿੱਤਾ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਦੱਖਣੀ ਭਾਰਤੀ ਮੰਦਰ ਆਰਕੀਟੈਕਚਰ ਤੋਂ ਪ੍ਰੇਰਿਤ ਚਾਰ ਮੰਜ਼ਿਲਾ ਇਹ ਇਮਾਰਤ ਅਗਲੇ 18 ਮਹੀਨਿਆਂ ਵਿੱਚ ਪੂਰੀ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 825 ਵਰਗ ਮੀਟਰ ਦੇ ਪਲਾਟ ‘ਤੇ ਸਥਿਤ ਨਵੀਂ ਇਮਾਰਤ ਦਾ 30,000 ਵਰਗ ਫੁੱਟ ਦਾ ਨਿਰਮਾਣ ਖੇਤਰ ਹੋਵੇਗਾ। ਭਾਜਪਾ ਨੇਤਾਵਾਂ ਨੇ ਅੱਗੇ ਕਿਹਾ ਕਿ ਇਸ ਵਿੱਚ ਪਾਰਕਿੰਗ, ਕੰਟੀਨ ਤੇ 300 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਆਡੀਟੋਰੀਅਮ, ਦਿੱਲੀ ਭਾਜਪਾ ਦੇ ਨੇਤਾਵਾਂ ਲਈ ਹੋਰ ਕਈ ਸਹੂਲਤਾਂ ਹੋਣਗੀਆਂ।