ਜ਼ਹਿਰੀਲਾ ਧੂੰਆਂ ਚੜ੍ਹਨ ਕਾਰਨ ਚਾਰ ਜਣਿਆਂ ਦੀ ਸਿਹਤ ਵਿਗੜੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਦਿੱਲੀ ਵਿੱਚ ਮੋਟਰਸਾਈਕਲਾਂ ਦੇ ਹਾਰਨ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਹਿਰੀਲਾ ਧੂੰਆਂ ਚੜ੍ਹਨ ਕਾਰਨ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਦਿੱਲੀ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਉੱਤਰ-ਪੱਛਮੀ ਦਿੱਲੀ ਦੇ ਸੰਗਮ ਪਾਰਕ ਖੇਤਰ ਵਿੱਚ ਆਪਣੇ ਕੰਮ ਵਾਲੀ ਥਾਂ ’ਤੇ ਕਥਿਤ ਤੌਰ ’ਤੇ ਜ਼ਹਿਰੀਲੇ ਧੂੰਏਂ ਨਾਲ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਰਿਵਾਰ ਦੇ ਚਾਰ ਮੈਂਬਰ ਇੱਕ ਮੋਟਰਸਾਈਕਲਾਂ ਦੇ ਹਾਰਨ ਬਣਾਉਣ ਵਾਲੀ ਇਕਾਈ ਵਿੱਚ ਕੰਮ ਕਰਦੇ ਹਨ। ਪੁਲੀਸ ਦੇ ਅਨੁਸਾਰ ਸੰਗਮ ਪਾਰਕ ਖੇਤਰ ਵਿੱਚ ਡੀਐੱਸਆਈਡੀਸੀ ਸ਼ੈੱਡ ਨੰਬਰ 63 ਵਿੱਚ ਹਾਰਨ ਬਣਾਉਣ ਵਾਲੀ ਇਕਾਈ ਚਲਾਉਣ ਵਾਲਾ ਹਰਦੀਪ ਸਿੰਘ ਸਵੇਰੇ ਆਪਣੀ ਪਤਨੀ ਹਰਪ੍ਰੀਤ ਕੌਰ (38), ਪੁੱਤਰ ਜਗਦੀਸ਼ ਸਿੰਘ (16) ਅਤੇ ਧੀ ਹਰਗੁਲ ਕੌਰ (15) ਨਾਲ ਸ਼ੈੱਡ ’ਤੇ ਪਹੁੰਚਿਆ। ਬਾਅਦ ਵਿੱਚ ਪੁਲੀਸ ਨੂੰ ਇੱਕ ਪੀਸੀਆਰ ਕਾਲ ਆਈ ਤੇ ਚਾਰੋਂ ਜਣੇ ਬਿਮਾਰ ਹਾਲਤ ਵਿੱਚ ਮਿਲੇ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ, ਜਗਦੀਸ਼ ਸਿੰਘ ਅਤੇ ਹਰਗੁਲ ਕੌਰ ਨੂੰ ਹਿੰਦੂ ਰਾਓ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਹਰਪ੍ਰੀਤ ਕੌਰ ਨੂੰ ਦੀਪ ਚੰਦ ਬੰਧੂ ਹਸਪਤਾਲ ਲਿਜਾਇਆ ਗਿਆ। ਪੁਲੀਸ ਨੂੰ ਘਟਨਾ ਬਾਰੇ ਪਤਾ ਉਦੋਂ ਲੱਗਿਆ ਜਦੋਂ ਪੀੜਤਾਂ ਵਿੱਚੋਂ ਇੱਕ ਦੇ ਬੱਚੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਫਿਰ ਪੁਲੀਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰੋਂ ਡਾਕਟਰੀ ਨਿਗਰਾਨੀ ਹੇਠ ਹਨ। ਉਨ੍ਹਾਂ ਕਿਹਾ ਕਿ ਸ਼ੈੱਡ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।