ਕੁੱਤਿਆਂ ਨੇ ਨੌਂ ਸਾਲਾ ਬੱਚਾ ਨੋਚ ਕੇ ਮਾਰਿਆ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 24 ਮਾਰਚ
ਨਜ਼ਦੀਕੀ ਪਿੰਡ ਮੋਹੀ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਪਰਵਾਸੀ ਮਜ਼ਦੂਰ ਪਰਿਵਾਰ ਦੇ ਨੌਂ ਸਾਲਾ ਬੱਚੇ ਸੰਜੀਵ ਸ਼ਾਹ ਨੂੰ ਨੋਚ ਕੇ ਮਾਰ ਦਿੱਤਾ। ਇਹ ਕੁੱਤੇ ਸੰਜੀਵ ਦੀ ਗਰਦਨ, ਕੰਨ ਅਤੇ ਸਰੀਰ ਦੇ ਕਈ ਹਿੱਸੇ ਖਾ ਗਏ। ਸੰਜੀਵ ਦੇ ਦਾਦਾ ਸ਼ੰਕਰ ਸ਼ਾਹ ਜਦੋਂ ਉਸ ਨੂੰ ਲੈ ਕੇ ਮੁੱਲਾਂਪੁਰ ਹਸਪਤਾਲ ਪੁੱਜੇ ਤਾਂ ਮੈਡੀਕਲ ਸਟਾਫ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਸੰਜੀਵ ਕੁਝ ਦਿਨ ਪਹਿਲਾਂ ਹੀ ਆਪਣੇ ਦਾਦਾ-ਦਾਦੀ ਨੂੰ ਮਿਲਣ ਬਿਹਾਰ ਤੋਂ ਪੰਜਾਬ ਆਇਆ ਸੀ।
ਇਸ ਸਬੰਧੀ ਸ਼ੰਕਰ ਸ਼ਾਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਚੰਦਾ ਦੇਵੀ ਨਾਲ ਇਕ ਸਾਲ ਪਹਿਲਾਂ ਬਿਹਾਰ ਤੋਂ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਸਨ। ਉਹ ਬਿਹਾਰ ਦੇ ਚੰਪਾਰਨ ਨੇੜਲੇ ਪਿੰਡ ਖਸ਼ੁਵਾਰ ਦੇ ਰਹਿਣ ਵਾਲੇ ਹਨ। ਸੰਜੀਵ ਸ਼ਾਹ ਆਪਣੇ ਪਿਤਾ ਮੁਕੇਸ਼ ਸ਼ਾਹ ਤੇ ਮਾਂ ਕਿਸ਼ਨਾਵਤੀ ਦੇਵੀ ਨਾਲ ਬਿਹਾਰ ਵਿੱਚ ਹੀ ਰਹਿੰਦਾ ਸੀ ਪਰ ਕੁਝ ਸਮਾਂ ਪਹਿਲਾਂ ਮੁਕੇਸ਼ ਸ਼ਾਹ ਦੀ ਮੌਤ ਹੋ ਗਈ ਸੀ। ਸੰਜੀਵ ਦਾਦਾ-ਦਾਦੀ ਨੂੰ ਮਿਲਣ ਦੀ ਜ਼ਿੱਦ ਕਰ ਕੇ ਕੁਝ ਦਿਨ ਪਹਿਲਾਂ ਰਿਸ਼ਤੇਦਾਰਾਂ ਨਾਲ ਪੰਜਾਬ ਆ ਗਿਆ ਸੀ। ਸ਼ੰਕਰ ਨੇ ਦੱਸਿਆ ਕਿ ਸੋਮਵਾਰ ਬਾਅਦ ਦੁਪਹਿਰ ਉਹ ਖੇਤ ’ਚ ਆਲੂ ਬੋਰੀਆਂ ਵਿੱਚ ਭਰਨ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਸੰਜੀਵ ਖੇਡਦਾ ਹੋਇਆ ਨੇੜਲੇ ਕਣਕ ਦੇ ਖੇਤਾਂ ਵਿੱਚ ਚਲਾ ਗਿਆ ਜਿੱਥੇ ਹੱਡਾਰੋੜੀ ਦੇ ਕੁੱਤਿਆਂ ਦੇ ਝੁੰਡ ਨੇ ਬੱਚੇ ’ਤੇ ਹਮਲਾ ਕਰ ਦਿੱਤਾ। ਦੇਰ ਸ਼ਾਮ ਪਿੰਡ ਮੋਹੀ ਦੇ ਰੁੜਕਾ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਸੰਜੀਵ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਦੀ ਹਾਜ਼ਰੀ ਵਿੱਚ ਦਫ਼ਨਾ ਦਿੱਤਾ ਗਿਆ। ਇਸ ਦੌਰਾਨ ਤਹਿਸੀਲਦਾਰ ਹਰਕੀਰਤ ਸਿੰਘ ਅਤੇ ਬੀਡੀਪੀਓ ਦਫ਼ਤਰ ਤੋਂ ਬਲਦੇਵ ਸਿੰਘ ਸਣੇ ਹੋਰ ਅਧਿਕਾਰੀ ਪਹੁੰਚੇ।