ਭਗਵੰਤ ਸਿੰਘ ਮਾਨ ਨੇ ਧੀ ਦਾ ਜਨਮ ਦਿਨ ਪਿੰਡ ਹੁਸ਼ਿਆਰਪੁਰ ’ਚ ਮਨਾਇਆ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 28 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੜਕੀ ਦਾ ਜਨਮ ਦਿਨ ਅੱਜ ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਵਿੱਚ ਸਿੱਸਵਾਂ ਨਦੀ ਕਿਨਾਰੇ ਨੇੜੇ ਬਣੇ ਸੁਰਜੀਤ ਫਾਰਮ ਵਿੱਚ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਬਲਾਕ ਤੋਂ ਪ੍ਰਧਾਨ ਜਸਪਾਲ ਸਿੰਘ ਪਾਲਾ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਇਸ ਮੌਕੇ ਭਗਵੰਤ ਸਿੰਘ ਮਾਨ ਦਾ ਸਾਰਾ ਪਰਿਵਾਰ ਅਤੇ ਸਹੁਰਾ ਪਰਿਵਾਰ ਵੀ ਹਾਜ਼ਰ ਸੀ। ਇਸੇ ਦੌਰਾਨ ਪੰਜਾਬ ਦੇ ਲਗਭੱਗ ਸਾਰੇ ਮੰਤਰੀਆਂ, ਹਲਕਾ ਵਿਧਾਇਕਾਂ, ਧਾਰਮਿਕ ਤੇ ਸਿਆਸਤ ਨਾਲ ਜੁੜੀਆਂ ਸ਼ਖ਼ਸੀਅਤਾਂ, ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਭਗਵੰਤ ਸਿੰਘ ਮਾਨ ਨੂੰ ਵਧਾਈਆਂ ਦਿੰਦਿਆਂ ਲੜਕੀ ਅਨਾਇਤ ਦਾ ਜਨਮ ਦਿਨ ਮਨਾਇਆ ਤੇ ਉਪਹਾਰ ਦਿੱਤੇ। ਜਾਣਕਾਰੀ ਅਨੁਸਾਰ ਕੁਰਾਲੀ-ਬੱਦੀ ਮਾਰਗ, ਚੰਡੀਗੜ੍ਹ ਤੇ ਪੰਜਾਬ ਦੇ ਬੈਰੀਅਰ ਚੌਕ ਮੁੱਲਾਂਪੁਰ ਗਰੀਬਦਾਸ ਤੋਂ ਟੀ ਪੁਆਇੰਟ ਮਾਜਰਾ ਵਾਲੀ ਛੇ ਮਾਰਗੀ ਸੜਕ ਉਤੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਦੇ ਹੂਟਰ ਵੀ ਵੱਜਦੇ ਰਹੇ।