ਭਰਾ ਵੱਲੋਂ ਭੈਣ ਤੇ ਜੀਜੇ ਦਾ ਕਤਲ
ਪ੍ਰਸ਼ੋਤਮ ਕੁਮਾਰ
ਸਾਦਿਕ, 28 ਮਾਰਚ
ਪਿੰਡ ਕਾਨਿਆਂ ਵਾਲੀ ਖੁਰਦ ਵਿੱਚ ਅੱਜ ਸਵੇਰੇ ਘਰੇਲੂ ਕਲੇਸ਼ ਤੇ ਜ਼ਮੀਨੀ ਵਿਵਾਦ ਕਾਰਨ ਇੱਥੇ ਭਰਾ ਨੇ ਆਪਣੀ ਭੈਣ ਤੇ ਜੀਜੇ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਗਮਦੂਰ ਸਿੰਘ ਪਿੰਡ ਕਾਨਿਆਂ ਵਾਲੀ ਖੁਰਦ ਦੇ ਬਾਹਰਵਾਰ ਆਪਣੀ ਜ਼ਮੀਨ ਵਿੱਚ ਘਰ ਬਣਾ ਕੇ ਪਰਿਵਾਰ ਸਣੇ ਰਹਿੰਦਾ ਹੈ ਅਤੇ ਅੱਠ ਕਿੱਲੇ ਜ਼ਮੀਨ ਦਾ ਮਾਲਕ ਸੀ। ਉਸ ਨੇ ਘਰੇਲੂ ਝਗੜੇ ਕਾਰਨ ਜ਼ਮੀਨ ਦਾ ਇੱਕ ਹਿੱਸਾ ਪਤਨੀ ਨੂੰ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗਮਦੂਰ ਸਿੰਘ ਦੇ ਤਿੰਨ ਧੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਵਿਧਵਾ ਹੈ, ਇੱਕ ਧੀ ਹਰਪ੍ਰੀਤ ਕੌਰ ਨੇ ਕਰੀਬ 12 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾ ਲਿਆ ਸੀ, ਤੀਜੀ ਪੜ੍ਹਾਈ ਕਰਦੀ ਹੈ ਅਤੇ ਪੁੱਤਰ ਅਰਸ਼ਪ੍ਰੀਤ ਸਿੰਘ ਹੈ। ਲੜਕੀ ਹਰਪ੍ਰੀਤ ਕੌਰ ਹੁਣ ਆਪਣੇ ਘਰਵਾਲੇ ਸਣੇ ਪੇਕੇ ਘਰ ਪਿਤਾ ਗਮਦੂਰ ਸਿੰਘ ਕੋਲ ਰਹਿਣ ਲੱਗੀ। ਘਰ ਵਿੱਚ ਮਾਂ ਆਪਣੇ ਪੁੱਤ ਅਰਸ਼ਪ੍ਰੀਤ ਸਿੰਘ ਅਤੇ ਪਿਤਾ ਆਪਣੀਆਂ ਧੀਆਂ ਨੂੰ ਜ਼ਮੀਨ ਦੇਣਾ ਚਾਹੁੰਦਾ ਸੀ। ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸ ਦੌਰਾਨ ਅੱਜ ਅਰਸ਼ਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਆਪਣੀ ਭੈਣ ਹਰਪ੍ਰੀਤ ਕੌਰ ਅਤੇ ਉਸ ਦੇ ਪਤੀ ਰੇਸ਼ਮ ਸਿੰਘ ਦਾ ਕਤਲ ਕਰ ਦਿੱਤਾ। ਹਰਪ੍ਰੀਤ ਤੇ ਰੇਸ਼ਮ ਸਿੰਘ ਦੋ ਧੀਆਂ ਦੇ ਮਾਪੇ ਸਨ।
ਮੁਲਜ਼ਮ ਦੀ ਭਾਲ ਜਾਰੀ: ਐੱਸਐੱਚਓ
ਥਾਣਾ ਸਾਦਿਕ ਦੇ ਐੱਸਐੱਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਕਾਰਨ ਇਹ ਘਟਨਾ ਵਾਪਰੀ ਹੈ ਅਤੇ ਇਸ ਘਟਨਾ ਸਬੰਧੀ ਮੁਲਜ਼ਮ ਅਰਸ਼ਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।Advertisement