Nagpur Violence: ਹਿੰਸਾ ਤੋਂ ਬਾਅਦ ਨਾਗਪੁਰ ਦੇ ਕੁਝ ਹਿੱਸਿਆਂ ਵਿੱਚ ਕਰਫਿਊ
ਨਾਗਪੁਰ, 18 ਮਾਰਚ
Nagpur Violence ਮੁਗਲ ਸਮਰਾਟ ਔਰੰਗਜ਼ੇਬ ਦੇ ਮਕਬਰੇ ਵਿਰੁੱਧ ਪ੍ਰਦਰਸ਼ਨ ਤੋਂ ਬਾਅਦ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਨਾਗਪੁਰ ਵਿੱਚ ਸੋਮਵਾਰ ਸ਼ਾਮ ਨੂੰ ਹੋਈ ਹਿੰਸਾ ਵਿੱਚ ਤਿੰਨ ਡੀਸੀਪੀ’ਜ਼ ਸਮੇਤ 12 ਪੁਲੀਸ ਕਰਮਚਾਰੀ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਹਿੰਸਾ ਦੇ ਸਬੰਧ ਵਿੱਚ ਪੁਲੀਸ ਨੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ਹਿਰ ਦੀ ਪੁਲੀਸ ਨੇ ਮੰਗਲਵਾਰ ਨੂੰ ਇੱਕ ਰਿਲੀਜ਼ ਵਿੱਚ ਕਿਹਾ ਕਿ ਕੋਤਵਾਲੀ, ਗਣੇਸ਼ਪੇਠ, ਤਹਿਸੀਲ, ਲੱਕੜਗੰਜ, ਪਚਪੌਲੀ, ਸ਼ਾਂਤੀ ਨਗਰ, ਸੱਕਰਦਰਾ, ਨੰਦਨਵਨ, ਇਮਾਮਬਾੜਾ, ਯਸ਼ੋਧਰਾ ਨਗਰ ਅਤੇ ਕਪਿਲ ਨਗਰ ਪੁਲੀਸ ਸਟੇਸ਼ਨਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ 7:30 ਵਜੇ ਦੇ ਕਰੀਬ ਮੱਧ ਨਾਗਪੁਰ ਦੇ ਚਿਤਨੀਸ ਪਾਰਕ ਇਲਾਕੇ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਔਰੰਗਜ਼ੇਬ ਦੀ ਮਕਬਰੇ ਨੂੰ ਹਟਾਉਣ ਲਈ ਇੱਕ ਸੱਜੇ-ਪੱਖੀ ਸੰਸਥਾ ਵੱਲੋਂ ਕੀਤੇ ਗਏ ਅੰਦੋਲਨ ਦੌਰਾਨ ਇੱਕ ਭਾਈਚਾਰੇ ਦੇ ਪਵਿੱਤਰ ਗ੍ਰੰਥ ਨੂੰ ਸਾੜਨ ਦੀਆਂ ਅਫਵਾਹਾਂ ਵਿਚਕਾਰ ਪੁਲਿਸ ’ਤੇ ਪੱਥਰ ਸੁੱਟੇ ਗਏ।
ਉਨ੍ਹਾਂ ਕਿਹਾ ਸੀ ਕਿ ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ। ਰਾਤ 10.30 ਵਜੇ ਤੋਂ 11.30 ਵਜੇ ਦੇ ਵਿਚਕਾਰ ਓਲਡ ਭੰਡਾਰਾ ਰੋਡ ਨੇੜੇ ਹੰਸਾਪੁਰੀ ਇਲਾਕੇ ਵਿੱਚ ਇੱਕ ਹੋਰ ਝੜਪ ਹੋਈ। ਇਕ ਬੇਕਾਬੂ ਭੀੜ ਨੇ ਕਈ ਵਾਹਨਾਂ ਨੂੰ ਸਾੜ ਦਿੱਤਾ, ਅਤੇ ਇਲਾਕੇ ਵਿੱਚ ਘਰਾਂ ਅਤੇ ਇੱਕ ਕਲੀਨਿਕ ਦੀ ਭੰਨਤੋੜ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਨਾਗਪੁਰ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਿੰਸਾ ਦੇ ਮੱਦੇਨਜ਼ਰ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ। -ਪੀਟੀਆਈ