Myanmar earthquake death toll reaches 2,719: ਮਿਆਂਮਾਰ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,719 ਪੁੱਜੀ
ਹਾਂਗਕਾਂਗ, 1 ਅਪਰੈਲ
ਮਿਆਂਮਾਰ ਵਿੱਚ ਕੁਝ ਦਿਨ ਪਹਿਲਾਂ 7.7 ਸ਼ਿੱਦਤ ਵਾਲਾ ਭੂਚਾਲ ਆਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 2,719 ਤਕ ਪੁੱਜ ਗਈ ਹੈ ਤੇ ਲਗਪਗ 4,521 ਲੋਕ ਜ਼ਖਮੀ ਹੋਏ ਹਨ ਅਤੇ 400 ਤੋਂ ਵੱਧ ਲੋਕ ਲਾਪਤਾ ਹਨ। ਇਹ ਜਾਣਕਾਰੀ ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਨੇ ਮਿਆਂਮਾਰ ਦੇ ਆਗੂ ਮਿਨ ਆਂਗ ਹਲਾਈਂਗ ਦੇ ਹਵਾਲੇ ਨਾਲ ਪ੍ਰਸਾਰਿਤ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 3,000 ਤੋਂ ਵੱਧ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਸਰਕਾਰੀ ਬੁਲਾਰੇ ਮੇਜਰ ਜਨਰਲ ਜ਼ਾਅ ਮਿਨ ਤੁਨ ਨੇ ਐੱਮਆਰਟੀਵੀ ਨੂੰ ਦੱਸਿਆ ਸੀ ਕਿ ਹੁਣ ਤੱਕ 3,400 ਜ਼ਖ਼ਮੀਆਂ ਦੀ ਪੁਸ਼ਟੀ ਹੋਈ ਹੈ ਜਦਕਿ 300 ਵਿਅਕਤੀ ਲਾਪਤਾ ਹਨ। ‘ਸਪਰਿੰਗ ਰੈਵੋਲਿਊਸ਼ਨ ਮਿਆਂਮਾਰ ਮੁਸਲਿਮ ਨੈੱਟਵਰਕ’ ਦੀ ਸਟੀਅਰਿੰਗ ਕਮੇਟੀ ਦੇ ਮੈਂਬਰ ਤੁਨ ਕਾਈ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਏ ਭੂਚਾਲ ਦੌਰਾਨ ਮੁਲਕ ਦੇ ਮੁਸਲਿਮ ਘੱਟ ਗਿਣਤੀ ਫ਼ਿਰਕੇ ਦੇ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਕਾਰਨ ਨਮਾਜ਼ ਅਦਾ ਕਰ ਰਹੇ ਸਨ ਤੇ ਜਿਸ ਸਮੇਂ ਮਸਜਿਦਾਂ ਢਹਿ-ਢੇਰੀ ਹੋਈਆਂ, ਉਸ ਸਮੇਂ ਲਗਪਗ 700 ਜਣੇ ਮਾਰੇ ਗਏ। ਅਜੇ ਇਸ ਗੱਲ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜੇ ’ਚ ਸ਼ਾਮਲ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ 60 ਮਸਜਿਦਾਂ ਨੁਕਸਾਨੀਆਂ ਗਈਆਂ।
ਵੱਖਰੀ ਜਾਣਕਾਰੀ ਮੁਤਾਬਕ ਭੂਚਾਲ ਸਮੇਂ ਮੈਂਡਲੇ ਵਿੱਚ 270 ਬੋਧੀ ਯੂ ਹਲਾ ਥੇਂਅ ਮੱਠ ’ਚ ਧਾਰਮਿਕ ਪ੍ਰੀਖਿਆ ਲੈ ਰਹੇ ਸਨ। ਬਚਾਅ ਦਲ ਨੇ ਦੱਸਿਆ ਕਿ ਇਸ ਦੌਰਾਨ 70 ਜਣੇ ਹੀ ਆਪਣਾ ਬਚਾਅ ਕਰ ਸਕੇ ਜਦਕਿ 50 ਜਣੇ ਮਾਰੇ ਗਏ ਜਦਕਿ ਬਾਕੀ 150 ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਇੰਟਰਨੈਸ਼ਨਲ ਰੈਸਕਿਊ ਕਮੇਟੀ ਲਈ ਮਿਆਂਮਾਰ ’ਚ ਪ੍ਰੋਗਰਾਮਾਂ ਦੇ ਉਪ ਨਿਰਦੇਸ਼ਕ ਲਾਰੇਨ ਇਲੈਰੀ ਨੇ ਕਿਹਾ ਕਿ ਛੇ ਇਲਾਕਿਆਂ ’ਚ ਐਮਰਜੈਂਸੀ ਦੇ ਹਾਲਾਤ ਹਨ ਤੇ ਉਨ੍ਹਾਂ ਦੀਆਂ ਟੀਮਾਂ ਤੇ ਸਥਾਨਕ ਭਾਈਵਾਲ ਲੋਕਾਂ ਦੀ ਲੋੜਾਂ ਦਾ ਪਤਾ ਲਾਉਣ ’ਚ ਜੁਟੇ ਹਨ। ਉਨ੍ਹਾਂ ਦੱਸਿਆ ਕਿ ਮੈਂਡਲੇ ’ਚ 80 ਫ਼ੀਸਦੀ ਇਮਾਰਤਾਂ ਢੇਹ-ਢੇਰੀ ਹੋਣ ਦਾ ਪਤਾ ਲੱਗਾ ਹੈ।
ਰਾਇਟਰਜ਼
ਇਸਰੋ ਦੇ ਸੈਟੇਲਾਈਟ ਨੇ ਦਿਖਾਇਆ ਤਬਾਹੀ ਦਾ ਮੰਜ਼ਰ
ਬੰਗਲੂਰੂ: ਇਸਰੋ ਦੇ ਸੈਟੇਲਾਈਟ ਕਾਰਟੋਸੈਟ-3 ਨੇ ਮਿਆਂਮਾਰ ’ਚ ਆਏ ਭੂਚਾਲ ਮਗਰੋਂ ਹੋਈ ਤਬਾਹੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਮੰਡਾਲੇਅ ਅਤੇ ਸੈਗਾਇੰਗ ਸ਼ਹਿਰਾਂ ’ਚ 29 ਮਾਰਚ ਨੂੰ ਆਏ ਭੂਚਾਲ ਮਗਰੋਂ ਕਾਰਟੋਸੈਟ-3 ਵੱਲੋਂ ਤਸਵੀਰਾਂ ਖਿੱਚੀਆਂ ਗਈਆਂ ਹਨ। ਪੁਲਾੜ ਏਜੰਸੀ ਨੇ ਕਿਹਾ ਕਿ ਕਾਰਟੋਸੈਟ-3 ਨੇ 18 ਮਾਰਚ ਨੂੰ ਇਸੇ ਇਲਾਕੇ ਦੀਆਂ ਤਸਵੀਰਾਂ ਵੀ ਭੇਜੀਆਂ ਹਨ ਅਤੇ ਹੁਣ ਭੂਚਾਲ ਮਗਰੋਂ ਇਲਾਕੇ ’ਚ ਆਏ ਬਦਲਾਅ ਅਤੇ ਨੁਕਸਾਨ ਦਾ ਅਧਿਐਨ ਕੀਤਾ ਜਾ ਰਿਹਾ ਹੈ। ਕਾਰਟੋਸੈਟ-3 ਤੀਜੀ ਪੀੜ੍ਹੀ ਦਾ ਅਤਿ ਆਧੁਨਿਕ ਸੈਟੇਲਾਈਟ ਹੈ ਅਤੇ ਇਸ ’ਚ ਹਾਈ ਰੈਜ਼ੋਲਿਊਸ਼ਨ ਵਾਲੀਆਂ ਤਸਵੀਰਾਂ ਖਿੱਚਣ ਦੀ ਸਮਰੱਥਾ ਹੈ। ਇਸਰੋ ਨੇ ਇਕ ਬਿਆਨ ’ਚ ਕਿਹਾ ਕਿ ਮੰਡਾਲੇਅ ਸ਼ਹਿਰ ਦੀਆਂ ਅਹਿਮ ਥਾਵਾਂ ਸਕਾਈ ਵਿਲਾ, ਫਯਾਨੀ ਪੈਗੋਡਾ, ਮਹਾਮੁਨੀ ਪੈਗੋਡਾ, ਆਨੰਦ ਪੈਗੋਡਾ, ਯੂਨੀਵਰਸਿਟੀ ਆਫ਼ ਮੰਡਾਲੇਅ ਸਮੇਤ ਹੋਰ ਥਾਵਾਂ ’ਤੇ ਭਾਰੀ ਜਾਂ ਅੰਸ਼ਕ ਨੁਕਸਾਨ ਹੋਇਆ ਹੈ। -ਪੀਟੀਆਈ