ਮੁੰਬਈ ਨੇ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ
ਹੈਦਰਾਬਾਦ, 23 ਅਪਰੈਲ
ਟਰੈਂਟ ਬੋਲਟ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਮਗਰੋਂ ਰੋਹਿਤ ਸ਼ਰਮਾ ਦੇ ਨੀਮ ਸੈਂਕੜੇ ਸਦਕਾ ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਦੋਵਾਂ ਟੀਮਾਂ ਦੇ ਖਿਡਾਰੀ ਕਾਲੇ ਰੰਗ ਦੀ ਪੱਟੀ ਬੰਨ੍ਹ ਕੇ ਮੈਦਾਨ ’ਤੇ ਉਤਰੇ ਸਨ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਅੱਠ ਵਿਕਟਾਂ ’ਤੇ ਮਹਿਜ਼ 143 ਦੌੜਾਂ ਹੀ ਬਣਾ ਸਕੀ। ਮੁੰਬਈ ਨੇ 15.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 146 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਮੁੰਬਈ ਲਈ ਸਭ ਤੋਂ ਵੱਧ 70 ਦੌੜਾਂ ਰੋਹਿਤ ਸ਼ਰਮਾ ਨੇ ਬਣਾਈਆਂ। ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ ਨਾਬਾਦ 40, ਵਿਲ ਜੈਕਸ ਨੇ 22 ਅਤੇ ਰਿਆਨ ਰਿਕਲਟਨ ਨੇ 11 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਉਸ ਨੇ 35 ਦੌੜਾਂ ’ਤੇ ਹੀ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇਸ ਮਗਰੋਂ ਐਚ ਕਲਾਸਨ ਨੇ ਅਭਿਨਵ ਮਨੋਹਰ ਨਾਲ 99 ਦੌੜਾਂ ਦੀ ਭਾਈਵਾਲੀ ਕਰਕੇ ਪਾਰੀ ਸੰਭਾਲੀ ਅਤੇ ਟੀਮ ਨੂੰ 143 ਦੌੜਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਕਲਾਸਨ ਨੇ 71 ਅਤੇ ਮਨੋਹਰ ਨੇ 43 ਦੌੜਾਂ ਬਣਾਈਆਂ। ਮੁੰਬਈ ਲਈ ਬੋਲਟ ਨੇ ਚਾਰ, ਦੀਪਕ ਚਾਹਰ ਨੇ ਦੋ, ਜਦਕਿ ਹਾਰਦਿਕ ਪਾਂਡਿਆ ਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ