ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਤ-ਭਾਸ਼ਾ: ਆਤਮ-ਨਿਰਭਰ ਭਾਰਤ ਦਾ ਰਾਹ

12:32 PM Feb 07, 2023 IST

ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ*

Advertisement

ਮਨੁੱਖ ਨੇ ਆਦਿ ਕਾਲ ਤੋਂ ਹੀ ਵਿਕਾਸ ਦੇ ਅਨੇਕਾਂ ਮਾਪਦੰਡ ਸਥਾਪਿਤ ਕੀਤੇ ਹਨ। ਉਸ ਦੀਆਂ ਸ੍ਰੇਸ਼ਠ ਪ੍ਰਾਪਤੀਆਂ ਵਿੱਚੋਂ ਭਾਸ਼ਾ ਦੀ ਕਾਢ, ਇਸ ਦੀ ਸੁਧਾਈ ਅਤੇ ਇਸ ਦੀ ਕਦੇ ਨਾ ਮੁੱਕਣ ਵਾਲੀ ਨਿਰੰਤਰ ਯਾਤਰਾ ਇੱਕ ਵੱਡੀ ਪ੍ਰਾਪਤੀ ਹੈ। ਭਾਸ਼ਾ ਦੇ ਮਹੱਤਵ ਬਾਰੇ ਸੰਸਕ੍ਰਿਤ ਅਚਾਰੀਆ ਦੰਡੀ ਦਾ ਵਿਚਾਰ ਸੀ ਕਿ ਜੇ ਭਾਸ਼ਾ ਨਾਂ ਦੀ ਜੋਤੀ ਜਾਂ ਸ਼ਬਦ ਪ੍ਰਕਾਸ਼ ਨਾ ਹੁੰਦਾ ਤਾਂ ਇਹ ਸੰਸਾਰ ਹਨੇਰੇ ਵਿੱਚ ਰਹਿਣਾ ਸੀ। ਇਸ ਬਾਰੇ ਉਨ੍ਹਾਂ ਦਾ ਪ੍ਰਸਿੱਧ ਕਥਨ ਹੈ- ਇਦਮੰਧਮ ਤਮਹ ਕ੍ਰਿਤਸਨਮ ਜਯਤ ਭੁਵੰਤ੍ਰਯਾਮ। ਯਦਿ ਸ਼ਬਦਹ੍ਵਯਮ ਜੋਤਿਰਾਸੰਸਾਰਮ ਨ ਦੀਪਯਤੇ॥ ਇਸ ਦਾ ਭਾਵ ਹੈ ਕਿ ਅਸੀਂ ਸ਼ਬਦ ਜਾਂ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਬ੍ਰਹਿਮੰਡ ਅਤੇ ਇਸ ਦੇ ਵਿਭਿੰਨ ਹਿੱਸਿਆਂ ਨੂੰ ਜਾਣਨ ਅਤੇ ਇਨ੍ਹਾਂ ਦੀ ਸੁਯੋਗ ਵਰਤੋਂ ਕਰਨ ਦੀ ਪ੍ਰੇਰਨਾ ਹਾਸਿਲ ਕਰਦੇ ਹਾਂ।

ਇਸ ਵਿਚਾਰ ਨੂੰ ਗਰਸੀਆ ਮਾਰਖੇਸ ਦੇ ਨਾਵਲ ‘ਸੌ ਸਾਲ ਦਾ ਇਕਲਾਪਾ’ ਵਿਚਲੇ ਉਸ ਪ੍ਰਸੰਗ ਤੋਂ ਸਮਝਿਆ ਜਾ ਸਕਦਾ ਹੈ, ਜਿਸ ਵਿੱਚ ਇੱਕ ਪਿੰਡ ਦੇ ਲੋਕ ਹੌਲੀ-ਹੌਲੀ ਵਸਤੂਆਂ ਅਤੇ ਜੀਵਾਂ ਦੇ ਨਾਮ ਭੁੱਲਣ ਲੱਗਦੇ ਹਨ। ਪਿੰਡ ਦਾ ਇੱਕ ਪਰਿਵਾਰ ਸਵੇਰੇ ਉੱਠਣ ਸਮੇਂ ਦੇਖਦਾ ਹੈ ਕਿ ਉਨ੍ਹਾਂ ਦੇ ਦਰਵਾਜ਼ੇ ਨੇੜੇ ਇੱਕ ਚਾਰ ਲੱਤਾਂ ਵਾਲਾ ਜਾਨਵਰ ਬੰਨ੍ਹਿਆ ਹੋਇਆ ਹੈ। ਪਿੰਡ ਦੇ ਲਗਭਗ ਸਾਰੇ ਲੋਕ ਇਸ ਦਾ ਨਾਮ ਅਤੇ ਉਪਯੋਗਤਾ ਭੁੱਲ ਚੁੱਕੇ ਹਨ। ਇਸ ਸਮੇਂ ਇੱਕ ਵਿਅਕਤੀ ਦੱਸਦਾ ਹੈ ਕਿ ਇਹ ਗਾਂ ਹੈ ਅਤੇ ਦੁੱਧ ਦਿੰਦੀ ਹੈ। ਹੌਲੀ-ਹੌਲੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਦਾ ਦੁੱਧ ਮਨੁੱਖੀ ਜੀਵਨ ਲਈ ਬਹੁਤ ਲਾਭਦਾਇਕ ਹੈ। ਉਹ ਇਹ ਸਾਰੀਆਂ ਗੱਲਾਂ ਗੱਤੇ ‘ਤੇ ਲਿਖ ਕੇ ਗਾਂ ਦੇ ਗਲੇ ‘ਚ ਲਟਕਾ ਦਿੰਦੇ ਹਨ ਤਾਂ ਜੋ ਇਹ ਗੱਲਾਂ ਭੁੱਲ ਨਾ ਜਾਣ। ਇਸ ਉਦਾਹਰਨ ਨਾਲ ਆਚਾਰੀਆ ਦੰਡੀ ਦਾ ਕਥਨ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਜੇਕਰ ਸ਼ਬਦ ਨਾਮ ਦਾ ਪ੍ਰਕਾਸ਼ ਨਾ ਹੋਵੇ ਤਾਂ ਇਹ ਬ੍ਰਹਿਮੰਡ ਹਨੇਰੇ ਵਿੱਚ ਹੀ ਡੁੱਬਿਆ ਰਹੇ।

Advertisement

ਸ਼ਬਦ ਜਾਂ ਭਾਸ਼ਾ ਨਾਲ ਸਾਡੀ ਜਾਣ-ਪਛਾਣ ਬਚਪਨ ਵਿੱਚ ਹੀ ਹੋ ਜਾਂਦੀ ਹੈ। ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਉਸ ਨਾਲ ਬਚਪਨ ਤੋਂ ਹੀ ਗੱਲਾਂ ਕਰਦੇ ਰਹਿੰਦੇ ਹਨ। ਬੱਚਾ ਆਰੰਭ ਵਿੱਚ ਤਾਂ ਇਨ੍ਹਾਂ ਸ਼ਬਦਾਂ ਨੂੰ ਨਹੀਂ ਸਮਝਦਾ, ਪਰ ਉਹ ਧੁਨੀਆਂ ਨੂੰ ਪਛਾਣਨ ਲੱਗਦਾ ਹੈ ਅਤੇ ਇਨ੍ਹਾਂ ਬਾਰੇ ਆਪਣੇ ਹਾਵ-ਭਾਵ ਪ੍ਰਗਟ ਕਰਦਾ ਹੈ। ਹੌਲੀ-ਹੌਲੀ ਉਹ ਉਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦਾ ਹੋਇਆ ਇਨ੍ਹਾਂ ਨੂੰ ਅਮਲ ਵਿੱਚ ਲਿਆਉਂਦਾ ਹੈ। ਉਸ ਲਈ ਪਰਿਵਾਰ ਅਤੇ ਆਂਢ-ਗੁਆਂਢ ਦਾ ਵਾਤਾਵਰਨ ਹੀ ਭਾਸ਼ਾ ਸਿੱਖਣ ਦੀ ਪਹਿਲੀ ਪਾਠਸ਼ਾਲਾ ਹੈ। ਬਚਪਨ ਦੇ ਮਾਹੌਲ ਵਿੱਚ ਬੱਚਾ ਜਿਹੜੀ ਭਾਸ਼ਾ ਸਿੱਖਦਾ ਹੈ, ਉਹ ਉਸ ਦੀ ਮਾਂ-ਬੋਲੀ ਹੁੰਦੀ ਹੈ। ਇਸ ਲਈ ਮਾਂ-ਬੋਲੀ ਨੂੰ ਸਿਰਫ਼ ਮਾਂ ਦੀ ਭਾਸ਼ਾ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਨੂੰ ਬੱਚੇ ਦੇ ਮੁੱਢਲੇ ਵਾਤਾਵਰਨ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ‘ਸ਼ਬਦਾਂ ਦਾ ਸਫ਼ਰ’ ਪੁਸਤਕ ਲਿਖਣ ਵਾਲੇ ਲੇਖਕ ਅਜੀਤ ਵਡਨੇਰਕਰ ਦਾ ਕਥਨ ਹੈ, “ਮੇਰਾ ਸਪੱਸ਼ਟ ਵਿਚਾਰ ਹੈ ਕਿ ਮਾਂ-ਬੋਲੀ ਵਿੱਚ ‘ਮਾਂ’ ਸ਼ਬਦ ਉਸ ਵਾਤਾਵਰਨ, ਸਥਾਨ ਤੇ ਸਮੂਹ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਰਹਿ ਕੇ ਕੋਈ ਵਿਅਕਤੀ ਆਪਣੇ ਬਚਪਨ ਵਿੱਚ ਦੁਨੀਆ ਦੇ ਸੰਪਰਕ ਵਿੱਚ ਆਉਂਦਾ ਹੈ।”

ਪਿਛਲੇ ਕੁਝ ਸਾਲਾਂ ਵਿੱਚ ਵੀ ਮਾਂ-ਬੋਲੀ ਦੇ ਮਹੱਤਵ ਨੂੰ ਲੈ ਕੇ ਵਿਚਾਰ-ਚਰਚਾ ਵਿੱਚ ਵਧੇਰੇ ਗਤੀਸ਼ੀਲਤਾ ਆਈ ਹੈ। ਭਾਸ਼ਾ ਵਿਗਿਆਨੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਚਿੰਤਾ ਹੈ ਕਿ ਮਾਂ-ਬੋਲੀਆਂ ਬੜੀ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ। ਅੱਜ ਦੇਸ਼ ‘ਚ ਅਜਿਹੀਆਂ ਕਈ ਮਾਂ-ਬੋਲੀਆਂ ਹਨ, ਜਿਨ੍ਹਾਂ ਦੇ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਅੱਜ ਜਦੋਂ ਧਰਤੀ ਨੂੰ ਇੱਕ ਵਿਸ਼ਵ-ਵਿਆਪੀ ਪਿੰਡ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਸਿਰਫ਼ ਕੁਝ ਭਾਸ਼ਾਵਾਂ ਹੀ ਰਹਿ ਜਾਣਗੀਆਂ ਤਾਂ ਕੋਈ ਫ਼ਰਕ ਨਹੀਂ ਪਵੇਗਾ। ਪਰ ਅਜਿਹਾ ਸੋਚਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਕਿਸੇ ਭਾਸ਼ਾ ਵਿਸ਼ੇਸ਼ ਦਾ ਵਿਨਾਸ਼ ਅਸਲ ਵਿੱਚ ਸਮੁੱਚੇ ਸੱਭਿਆਚਾਰ ਅਤੇ ਜੀਵਨ-ਦ੍ਰਿਸ਼ਟੀ ਦਾ ਵਿਨਾਸ਼ ਹੁੰਦਾ ਹੈ। ਇਸ ਬਾਰੇ ਭਾਸ਼ਾ ਅਤੇ ਸਾਹਿਤ ਦੇ ਪ੍ਰਬੁੱਧ ਵਿਦਵਾਨ ਪ੍ਰੋ. ਰਾਧਾਵੱਲਭ ਤ੍ਰਿਪਾਠੀ ਦਾ ਕਹਿਣਾ ਹੈ ਕਿ “ਹਰ ਵਾਤਾਵਰਨ ਦੀ ਆਪਣੀ ਸ਼ਬਦਾਵਲੀ ਹੁੰਦੀ ਹੈ ਜਿਸ ਵਿੱਚ ਉਸ ਦੇ ਆਲੇ-ਦੁਆਲੇ ਦੀਆਂ ਵਸਤੂਆਂ ਅਤੇ ਜੀਵਾਂ ਦਾ ਨਾਮ ਰੱਖਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦੇ ਗੁਆਚਣ ਨਾਲ ਇੱਕ ਸੰਸਾਰ ਅਲੋਪ ਹੋ ਰਿਹਾ ਹੈ, ਇੱਕ ਵਿਰਾਸਤ ਤਬਾਹ ਹੋ ਰਹੀ ਹੈ।”

ਆਜ਼ਾਦੀ ਤੋਂ ਪਹਿਲਾਂ ਦੀ ਬਸਤੀਵਾਦੀ ਅੰਗਰੇਜ਼ ਸਰਕਾਰ ਨੇ ਆਪਣੇ ਕੰਮ ਦੀ ਸੌਖ ਲਈ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਦਾ ਮਾਧਿਅਮ ਬਣਾਇਆ। ਸਿੱਟੇ ਵਜੋਂ ਪ੍ਰਬੰਧ ਦੇ ਸਾਰੇ ਕੰਮ ਅੰਗਰੇਜ਼ੀ ਭਾਸ਼ਾ ਵਿੱਚ ਕੀਤੇ ਜਾਣ ਲੱਗੇ। ਅੰਗਰੇਜ਼ੀ ਭਾਸ਼ਾ ਦਾ ਗਿਆਨ ਲਾਜ਼ਮੀ ਹੋ ਗਿਆ ਅਤੇ ਸਾਡੇ ਸਕੂਲਾਂ ਵਿੱਚ ਅੰਗਰੇਜ਼ੀ ਦੀ ਜੜ੍ਹ ਲੱਗ ਗਈ। ਫਲਸਰੂਪ ਸਾਡੀ ਸਦੀਆਂ ਪੁਰਾਣੀ ਆਤਮ-ਨਿਰਭਰ ਗਿਆਨ ਪਰੰਪਰਾ ਅਤੇ ਆਰਥਿਕਤਾ ਤਬਾਹੀ ਦੇ ਕੰਢੇ ‘ਤੇ ਆ ਗਈ। ਅਜਿਹੀ ਸਥਿਤੀ ਵਿੱਚ ਭਾਰਤੀਆਂ ਨੂੰ ਰੋਜ਼ੀ-ਰੋਟੀ ਲਈ ਨੌਕਰੀਆਂ ‘ਤੇ ਨਿਰਭਰ ਹੋਣਾ ਪਿਆ ਅਤੇ ਮਜਬੂਰੀ ਵਸ ਅੰਗਰੇਜ਼ੀ ਸਿੱਖਣੀ ਪਈ। ਇਸ ਤਰ੍ਹਾਂ ਹੌਲੀ ਹੌਲੀ ਅੰਗਰੇਜ਼ੀ ਭਾਸ਼ਾ ਸੱਤਾ ਅਤੇ ਸਰਵਉੱਚਤਾ ਦਾ ਯੰਤਰ ਬਣ ਗਈ। ਆਜ਼ਾਦੀ-ਅੰਦੋਲਨ ਦੇ ਅਣਗਿਣਤ ਨਾਇਕ ਅਤੇ ਨਾਇਕਾਵਾਂ ਦਾ ਇਹ ਸੁਪਨਾ ਸੀ ਕਿ ਵਿਦੇਸ਼ੀ ਵਿਵਸਥਾ ਦੇ ਖ਼ਾਤਮੇ ਮਗਰੋਂ ਦੇਸ਼ ਵਿੱਚ ਹਰ ਪੱਧਰ ‘ਤੇ ਇੱਥੋਂ ਦੀ ਆਪਣੀ ਭਾਸ਼ਾ ਦੀ ਵਰਤੋਂ ਕੀਤੀ ਜਾਵੇਗੀ। ਵਿਡੰਬਨਾ ਇਹ ਹੈ ਕਿ ਇਹ ਸੁਪਨਾ ਆਜ਼ਾਦੀ ਦੇ 75 ਸਾਲ ਮਗਰੋਂ ਵੀ ਸੁਪਨਾ ਹੀ ਹੈ। ਅੱਜ ਵੀ ਨਾ ਤਾਂ ਆਪਣੀ ਮਾਂ-ਬੋਲੀ ਵਿੱਚ ਸਿੱਖਿਆ ਹੈ, ਨਾ ਸਿਹਤ ਅਤੇ ਨਾ ਹੀ ਨਿਆਂ ਦੀ ਵਿਵਸਥਾ। ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ ਅੰਗਰੇਜ਼ੀ ਦਾ ਹੀ ਦਬਦਬਾ ਹੈ। ਸਾਡੀ ਨਿਆਂ ਪ੍ਰਣਾਲੀ ਵਿੱਚ ਅਜੇ ਵੀ ਭਾਰਤੀ ਭਾਸ਼ਾਵਾਂ ਦਾ ਸਥਾਨ ਨਾ ਹੋਣ ਦੇ ਬਰਾਬਰ ਹੈ। ਬਿਮਾਰੀਆਂ ਅਤੇ ਦਵਾਈਆਂ ਦੇ ਨਾਵਾਂ ਸਮੇਤ ਨੁਸਖੇ ਵੀ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ। ਭਾਰਤ ਵਰਗੇ ਲੋਕਤੰਤਰੀ ਦੇਸ਼ ਲਈ ਇਹ ਬੜਾ ਜ਼ਰੂਰੀ ਹੈ ਕਿ ਸ਼ਾਸਨ-ਪ੍ਰਸ਼ਾਸਨ ਅਤੇ ਜੀਵਨ ਸ਼ੈਲੀ ਵਿੱਚ ਆਮ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਹੋਵੇ। ਇਹ ਤਾਂ ਹੀ ਸੰਭਵ ਹੈ ਜੇ ਮਾਂ ਬੋਲੀ ਦੀ ਵਰਤੋਂ ਜੀਵਨ ਦੇ ਹਰ ਖੇਤਰ ਵਿੱਚ ਕੀਤੀ ਜਾਵੇ।

ਸਿੱਖਿਆ ਦੇ ਖੇਤਰ ਵਿੱਚ ਜੇਕਰ ਦੇਖਿਆ ਜਾਵੇ ਤਾਂ ਮਾਤ ਭਾਸ਼ਾ ਵਿੱਚ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾ ਕੇ ਹੀ ਸਿੱਖਿਆ ਨੂੰ ਸਹੀ ਅਰਥਾਂ ਵਿੱਚ ਸਮਾਵੇਸ਼ੀ ਬਣਾਇਆ ਜਾ ਸਕਦਾ ਹੈ। ਸਾਡੀ ਦੁਰਦਸ਼ਾ ਦੀ ਹੱਦ ਇਹ ਹੈ ਕਿ ਭਾਸ਼ਾ ਦੇ ਕਾਰਨ ਵਿਦਿਆਰਥੀਆਂ ਵਿੱਚ ਭੇਦ-ਭਾਵ ਵਧ ਰਿਹਾ ਹੈ। ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਸ਼ਾ ਵਿੱਚ ਪੜ੍ਹੇ-ਲਿਖੇ ਵਿਅਕਤੀ ਨੂੰ ਨੀਵਾਂ ਸਮਝਿਆ ਜਾਂਦਾ ਹੈ। ਸਿੱਟੇ ਵਜੋਂ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਭੇਜਣ ਲਈ ਆਪਣੀ ਸਾਰੀ ਜਮ੍ਹਾਂ-ਪੂੰਜੀ ਦਾਅ ‘ਤੇ ਲਾ ਦਿੰਦੇ ਹਨ। ਇਸ ਦੇ ਨਾਲ ਹੀ ਬੱਚੇ ਆਪਣੀ ਸਾਰੀ ਊਰਜਾ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਬਰਬਾਦ ਕਰ ਦਿੰਦੇ ਹਨ। ਅੱਜ ਬਹੁਤ ਸਾਰੀਆਂ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਵਿਦਿਆਰਥੀ ਨੂੰ ਉਸ ਦੀ ਮਾਂ ਬੋਲੀ ਵਿੱਚ ਪੜ੍ਹਾਇਆ ਜਾਂਦਾ ਹੈ ਤਾਂ ਉਹ ਇਸ ਵਿਸ਼ੇ ਨੂੰ ਤੇਜ਼ੀ ਨਾਲ ਸਿੱਖਦਾ ਅਤੇ ਸਮਝਦਾ ਹੈ। ਜਪਾਨ, ਫਰਾਂਸ, ਜਰਮਨੀ ਵਰਗੇ ਕਈ ਦੇਸ਼ ਆਪਣੀ ਮਾਂ ਬੋਲੀ ਦੀ ਸਰਬਪੱਖੀ ਵਰਤੋਂ ਕਰਕੇ ਆਤਮ-ਨਿਰਭਰ ਹੋ ਗਏ ਹਨ। ਭਾਰਤ ਵਰਗੇ ਬਹੁ-ਭਾਸ਼ਾਈ ਦੇਸ਼ ਨੂੰ ਆਪਣੀ ਮਾਂ-ਬੋਲੀ ਦੀ ਸੁਰੱਖਿਆ ਅਤੇ ਵਿਕਾਸ ਲਈ ਇਨ੍ਹਾਂ ਦੇਸ਼ਾਂ ਵੱਲੋਂ ਅਪਣਾਈਆਂ ਨੀਤੀਆਂ ਅਤੇ ਢੰਗਾਂ ਨੂੰ ਸਮਝਣਾ ਅਤੇ ਲਾਗੂ ਕਰਨਾ ਚਾਹੀਦਾ ਹੈ।

ਇਨ੍ਹਾਂ ਹਾਲਤਾਂ ਵਿੱਚ ‘ਰਾਸ਼ਟਰੀ ਸਿੱਖਿਆ ਨੀਤੀ-2020’ ਵਿੱਚ ਸ਼ਾਮਲ ਭਾਸ਼ਾ ਤਜਵੀਜ਼ਾਂ ਤੋਂ ਇੱਕ ਨਵੀਂ ਉਮੀਦ ਦੀ ਕਿਰਨ ਉੱਭਰ ਕੇ ਸਾਹਮਣੇ ਆਈ ਹੈ। ਇਸ ਨੀਤੀ ਵਿੱਚ ਇਹ ਪ੍ਰਸਤਾਵ ਦਿੱਤਾ ਗਿਆ ਹੈ ਕਿ ਅਸੀਂ ਅਜਿਹਾ ਪ੍ਰਬੰਧ ਤਿਆਰ ਕਰੀਏ, ਜਿਸ ਵਿੱਚ ਘੱਟੋ ਘੱਟ ਪੰਜਵੀਂ ਜਮਾਤ ਤੱਕ ਬੱਚਾ ਆਪਣੀ ਮਾਂ-ਬੋਲੀ ਵਿੱਚ ਸਿੱਖਿਆ ਹਾਸਿਲ ਕਰੇ। ਇਸ ਦੇ ਨਾਲ ਹੀ ਕੋਸ਼ਿਸ਼ ਕੀਤੀ ਜਾਵੇ ਕਿ ਜੇਕਰ ਬੱਚਾ ਆਪਣੀ ਮਾਂ ਬੋਲੀ ਵਿੱਚ ਪੜ੍ਹਾਈ ਜਾਰੀ ਰੱਖਣੀ ਚਾਹੁੰਦਾ ਹੈ ਤਾਂ ਉਸ ਲਈ ਸੁਖਾਵਾਂ ਮਾਹੌਲ ਸਿਰਜਿਆ ਜਾਵੇ। ਦੇਸ਼-ਵਿਦੇਸ਼ ਵਿੱਚ ਕੀਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਤਿੰਨ ਸਾਲ ਦੀ ਉਮਰ ਤੱਕ ਬੱਚਾ ਆਪਣੇ ਆਲੇ-ਦੁਆਲੇ ਤੋਂ ਕਰੀਬ ਇੱਕ ਹਜ਼ਾਰ ਸ਼ਬਦ ਸਿੱਖ ਲੈਂਦਾ ਹੈ। ਇਨ੍ਹਾਂ ਸ਼ਬਦਾਂ ਨੂੰ ਆਪਣੀ ਸਿੱਖਿਆ ਵਿੱਚ ਸ਼ਾਮਲ ਕਰਨ ਨਾਲ ਉਸ ਦਾ ਸਿੱਖਣ ਦਾ ਰਾਹ ਸੌਖਾ ਅਤੇ ਸਾਰਥਕ ਹੋ ਜਾਵੇਗਾ।

ਹਾਲ ਹੀ ਵਿੱਚ ਇੰਗਲੈਂਡ ਵਿੱਚ ਯੂਨੀਵਰਸਿਟੀ ਆਫ ਰੀਡਿੰਗ ਦੇ ਖੋਜਕਰਤਾਵਾਂ ਨੇ ਵੇਖਿਆ ਕਿ ਜਿਹੜੇ ਬੱਚੇ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੇ ਮੁਕਾਬਲੇ ਵਿੱਚ ਉਨ੍ਹਾਂ ਬੱਚਿਆਂ ਨਾਲੋਂ ਬੁੱਧੀ ਦੇ ਟੈਸਟਾਂ ਵਿੱਚ ਬਿਹਤਰ ਅੰਕ ਪ੍ਰਾਪਤ ਕੀਤੇ ਜੋ ਸਿਰਫ਼ ਗੈਰ-ਮਾਂ-ਬੋਲੀਆਂ ਨੂੰ ਜਾਣਦੇ ਸਨ। ਅਜਿਹੀ ਖੋਜ ਤੋਂ ਪ੍ਰੇਰਨਾ ਲੈ ਕੇ ਸਾਨੂੰ ਬੱਚਿਆਂ ਨੂੰ ਆਪਣੀ ਮਾਂ-ਬੋਲੀ ਵਿੱਚ ਵਿਵਹਾਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਦੂਜੀਆਂ ਭਾਸ਼ਾਵਾਂ ਦਾ ਗਿਆਨ ਕਿਸੇ ਕਿਸਮ ਦਾ ਕੋਈ ਔਗੁਣ ਨਹੀਂ ਬਲਕਿ ਇੱਕ ਵਾਧੂ ਹੁਨਰ ਹੈ। ਪਰ ਆਪਣੀ ਮਾਂ-ਬੋਲੀ ਨੂੰ ਨੁਕਸਾਨ ਪਹੁੰਚਾ ਕੇ ਕਿਸੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕਰਨਾ ਤਰਕਸੰਗਤ ਅਤੇ ਜਾਇਜ਼ ਨਹੀਂ ਹੈ।
*ਵਾਈਸ ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ
(ਅਨੁਵਾਦਕ: ਡਾ. ਰਮਨਪ੍ਰੀਤ ਕੌਰ ਅਤੇ ਡਾ. ਅਮਨਦੀਪ ਸਿੰਘ)
ਈਮੇਲ: mzurpt@gmail.com

Advertisement
Advertisement