ਦਿੱਲੀ-ਐੱਨਸੀਆਰ ਵਿੱਚ ਮੌਨਸੂਨ ਦੀ ਦਸਤਕTest
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੂਨ
ਦਿੱਲੀ-ਐੱਨਸੀਆਰ ਵਿੱਚ ਮੌਨਸੂਨ ਨੇ ਇਸ ਵਾਰ ਤੈਅ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਅੱਜ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਅਤੇ ਘੱਟੋ-ਘੱਟ ਤਾਪਮਾਨ 23.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਘੱਟ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿੱਚ ਕਾਫੀ ਗਰਮੀ ਪੈ ਰਹੀ ਸੀ। ਮੀਂਹ ਪੈਣ ਮਗਰੋਂ ਲੋਕਾਂ ਨੂੰ ਸੁੱਖ ਦਾ ਸਾਹ ਲਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਕਾਰਨ ਥਾਂ-ਥਾਂ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨ ਪਿਆ। ਉਧਰ ਅੱਜ ਐਤਵਾਰ ਛੁੱਟੀ ਹੋਣ ਕਾਰਨ ਰਾਜਧਾਨੀ ਵਾਸੀਆਂ ਨੇ ਦਿੱਲੀ ਦੇ ਸੈਲਾਨੀ ਸਥਾਨਾਂ ‘ਤੇ ਵੀ ਖੂਬ ਆਨੰਦ ਮਾਣਿਆ। ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਦੇ ਇਲਾਕਿਆਂ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਹੈ।
ਬੀਤੀ ਰਾਤ ਤੋਂ ਹੀ ਦਿੱਲੀ ਤੇ ਨੇੜੇ ਦੇ ਇਲਾਕਿਆਂ ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਬੱਲੜਗੜ੍ਹ ਤੇ ਪਲਵਲ ਵਿੱਚ ਜ਼ੋਰਦਾਰ ਮੀਂਹ ਪਿਆ ਤੇ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਕਾਫੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਧੌਲਾ ਕੂੰਆਂ, ਬਾਹਰੀ ਦਿੱਲੀ ਦੇ ਕਈ ਇਲਾਕਿਆਂ ਤੋਂ ਇਲਾਵਾ ਨੀਵੇਂ ਇਲਾਕਿਆਂ ਦੀ ਕਲੋਨੀਆਂ ਵਿੱਚ ਵੀ ਘਰਾਂ ਅੰਦਰ ਪਾਣੀ ਵੜਨ ਦੀਆਂ ਖ਼ਬਰਾਂ ਹਨ। ਦਿੱਲੀ ਦੇ ਆਰਕੇ ਪੁਰਮ ਬਾਜ਼ਾਰ ਵਿੱਚ ਇੱਕ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ। ਹਾਲਾਂਕਿ ਇਸ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲੀਸ ਟੀਮ ਵੀ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਿੱਸਾ ਪਹਿਲਾਂ ਹੀ ਬਰਸਾਤ ਕਾਰਨ ਟੁੱਟ ਕੇ ਡਿੱਗ ਗਿਆ ਸੀ।
ਫਰੀਦਾਬਾਦ ਦੀਆਂ ਸੜਕਾਂ ਪਾਣੀ ਨਾਲ ਭਰੀਆਂ
ਫਰੀਦਾਬਾਦ (ਪੱਤਰ ਪ੍ਰੇਰਕ): ਸਨਅਤੀ ਸ਼ਹਿਰ ਫਰੀਦਾਬਾਦ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਨਾਲ ਹੀ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਜਾਣਕਾਰੀ ਅਨੁਸਾਰ ਐੱਨਆਈਟੀ ਫਰੀਦਾਬਾਦ ਸਥਿਤ ਬੜਖਲ੍ਹ ਵਿਧਾਨ ਸਭਾ ਹਲਕੇ ਦੇ ਮਿਨੀ ਸਕੱਤਰੇਤ ਦੇ ਗੇਟ ‘ਚੋਂ ਪਾਣੀ ਤਹਿਸੀਲ ਕੰਪਲੈਕਸ ਵਿੱਚ ਵੜ ਗਿਆ। ਐੱਨਆਈਟੀ ਦੇ ਗ੍ਰੀਨ ਫੀਲਡ ਰੇਲਵੇ ਅੰਡਰ ਪਾਸ ਹੇਠਾਂ ਵੀ ਕਰੀਬ 9 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਇੱਥੋਂ ਆਵਾਜਾਈ ਬੰਦ ਕਰ ਕੇ ਨੀਲਮ ਤੇ ਬੜਖਲ੍ਹ ਪੁੱਲਾਂ ਉਪਰੋਂ ਭੇਜੀ ਗਈ। ਮਾਰਕੀਟ ਨੰਬਰ-1,2,3,5 ਤੇ ਸੰਜੈ ਕਲੋਨੀ, ਗਾਂਧੀ ਕਲੋਨੀ, ਡਬੂਆ ਕਲੋਨੀ ਤੇ ਜਵਾਹਰ ਕਲੋਨੀ ਤੋਂ ਇਲਾਵਾ ਅਮੀਰ ਰਿਹਾਇਸ਼ੀ ਇਲਾਕਿਆਂ ਸੈਕਟਰ-14,15,16 ਤੇ ਸੈਕਟਰ-28,29, ਸੈਕਟਰ-7 ਤੋਂ 10 ਤੱਕ ਵੀ ਸੜਕਾਂ ‘ਤੇ ਪਾਣੀ ਭਰ ਗਿਆ। ਸ਼ਹਿਰ ਦੀਆਂ ਕਾਲੋਨੀਆਂ ‘ਚੋਂ ਪਾਣੀ ਕੱਢਣ ਦੇ ਕੋਈ ਠੋਸ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।