Stock markets fall: ਭਾਰਤ-ਪਾਕਿ ਦਰਮਿਆਨ ਵਧਦੇ ਤਣਾਅ ਕਾਰਨ ਸ਼ੇਅਰ ਬਾਜ਼ਾਰ ’ਚ ਗਿਰਾਵਟ
ਮੁੰਬਈ, 8 ਮਈ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਬੈਂਕਿੰਗ, ਐਫਐਮਸੀਜੀ ਅਤੇ ਆਟੋ ਸ਼ੇਅਰਾਂ ਵਿੱਚ ਵਿਕਰੀ ਕਾਰਨ ਵੀਰਵਾਰ ਨੂੰ ਇੱਕ ਉਤਰਾਅ-ਚੜ੍ਹਾਅ ਵਾਲੇ ਸੈਸ਼ਨ ਵਿੱਚ ਬੈਂਚਮਾਰਕ ਸੈਂਸੈਕਸ ਲਗਭਗ 412 ਅੰਕ ਡਿੱਗ ਗਿਆ।
ਬੰਬੇ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 411.97 ਅੰਕ ਜਾਂ 0.51 ਫ਼ੀਸਦੀ ਡਿੱਗ ਕੇ 80,334.81 'ਤੇ ਬੰਦ ਹੋਇਆ, ਜਿਸਦੇ 23 ਹਿੱਸੇ ਲਾਲ ਰੰਗ ਵਿੱਚ ਖਤਮ ਹੋਏ। ਸ਼ੁਰੂ ਵਿਚ ਸੂਚਕਾਂਕ ਉੱਚ ਪੱਧਰ 'ਤੇ ਖੁੱਲ੍ਹਿਆ ਅਤੇ ਸੈਸ਼ਨ ਦੇ ਪਹਿਲੇ ਅੱਧ ਵਿੱਚ ਇੱਕ ਸੀਮਾ ਵਿੱਚ ਵਪਾਰ ਕੀਤਾ। ਦੇਰ ਸਵੇਰ ਦੇ ਸੌਦਿਆਂ ਵਿੱਚ ਸੂਚਕਾਂਕ 80,927.99 ਦੇ ਉੱਚ ਪੱਧਰ 'ਤੇ ਪਹੁੰਚ ਗਿਆ।
ਹਾਲਾਂਕਿ, ਦੁਪਹਿਰ ਦੇ ਸੈਸ਼ਨ ਵਿੱਚ ਬੈਰੋਮੀਟਰ ਨੇ ਰਫ਼ਤਾਰ ਗੁਆ ਲਈ ਕਿਉਂਕਿ ਐਫਐਮਸੀਜੀ, ਆਟੋ ਅਤੇ ਚੋਣਵੇਂ ਬੈਂਕਿੰਗ ਸ਼ੇਅਰਾਂ ਵਿੱਚ ਵਿਕਰੀ ਉਭਰ ਕੇ ਸਾਹਮਣੇ ਆਈ। ਇਹ ਪ੍ਰੀ-ਕਲੋਜ਼ ਸੈਸ਼ਨ ਵਿੱਚ 759.17 ਅੰਕ ਜਾਂ 0.94 ਫ਼ੀਸਦੀ ਡਿੱਗ ਕੇ 79,987.61 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ।
ਇਸੇ ਤਰ੍ਹਾਂ ਐਨਐਸਈ ਨਿਫਟੀ ਵੀ 140.60 ਅੰਕ ਜਾਂ 0.58 ਫ਼ੀਸਦੀ ਡਿੱਗ ਕੇ 24,273.80 'ਤੇ ਬੰਦ ਹੋਇਆ। ਦਿਨ ਦੌਰਾਨ ਇਹ 264.2 ਅੰਕ ਜਾਂ 1 ਫ਼ੀਸਦੀ ਡਿੱਗ ਕੇ 24,150.20 'ਤੇ ਆ ਗਿਆ।
ਗ਼ੌਰਤਲਬ ਹੈ ਕਿ ਭਾਰਤੀ ਹਥਿਆਰਬੰਦ ਫ਼ੌਜਾਂ ਨੇ ਬੀਤੀ ਰਾਤ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ 'ਤੇ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਕਰ ਦਿੱਤਾ ਅਤੇ ਲਾਹੌਰ ਵਿੱਚ ਇੱਕ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ ਹੈ। -ਪੀਟੀਆਈ