ਰਾਮਪੁਰ ਦੇ ਜੰਗਲ ਵਿਚਲੇ ਨਾਜਾਇਜ਼ ਲਾਂਘੇ ’ਤੇ ਖਣਨ ਮਾਫੀਆ ਸਰਗਰਮ
ਜੇ.ਬੀ ਸੇਖੋਂ
ਗੜ੍ਹਸ਼ੰਕਰ, 5 ਜੂਨ
ਭਾਜਪਾ ਦੇ ਸੂਬਾਈ ਆਗੂ ਨਿਮਿਸ਼ਾ ਮਹਿਤਾ ਨੇ ਅੱਜ ਹਿਮਾਚਲ ਪ੍ਰਦੇਸ਼ ਤੋਂ ਪਿੰਡ ਰਾਮਪੁਰ ਦੇ ਜੰਗਲ ਵਿੱਚੋਂ ਦਾਖ਼ਲ ਹੋ ਕੇ ਪੰਜਾਬ ਵੱਲ ਆਉਂਦੇ ਖਣਨ ਸਮੱਗਰੀ ਨਾਲ ਭਰੇ ਓਵਰਲੋਡ ਟਿੱਪਰਾਂ ਦੇ ਨਾਜਾਇਜ਼ ਲਾਂਘੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਸੂਬਾ ਸਰਕਾਰ ‘ਤੇ ਖਣਨ ਮਾਫੀਆ ਨੂੰ ਸ਼ਹਿ ਦੇ ਕੇ ਸ਼ਿਵਾਲਿਕ ਪਹਾੜਾਂ ਅਤੇ ਜੰਗਲਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੋ ਸੂਬਿਆਂ ਦੇ ਵਿਚਕਾਰ ਜੰਗਲ ਵਿੱਚੋਂ ਲੰਘਦੇ ਇਸ ਨਾਜਾਇਜ਼ ਲਾਂਘੇ ਨਾਲ ਖਣਨ ਮਾਫੀਆ ਪੰਜਾਬ ਦੀ ਕੁਦਰਤੀ ਧਰੋਹਰ ਦਾ ਨਾਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ, ਖਣਨ ਤੇ ਜੰਗਲਾਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਅਤੇ ਪਿੰਡ ਰਾਮਪੁਰ ਦੇ ਸਰਪੰਚ ਵੱਲੋਂ ਇਸ ਲਾਂਘੇ ਨੂੰ ਚਾਲੂ ਕਰ ਕੇ ਇਲਾਕੇ ਦੀ ਕੁਦਰਤੀ ਧਰੋਹਰ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਇਸ ਲਾਂਘੇ ਨਾਲ ਨਸ਼ਾ ਤਸਕਰੀ ਹੋ ਰਹੀ ਹੈ। ਟਿੱਪਰਾਂ ਕਾਰਨ ਬਣੇ ਰਸਤੇ ਤੋਂ ਸ਼ਿਕਾਰੀ ਜੰਗਲੀ ਜਾਨਵਰਾਂ ਦਾ ਵੀ ਸ਼ਿਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਨਿਕਲਣ ਵਾਲੇ ਟਿੱਪਰ ਅੱਗੇ ਕੰਢੀ ਕੈਨਾਲ ਦੀ ਪਟੜੀ ਉੱਤੇ ਚੜ੍ਹਦੇ ਹਨ ਜਿਸ ਕਰ ਕੇ ਸਾਰੀ ਨਹਿਰ ਦੀ ਪਟੜੀ ਬਰਬਾਦ ਹੋ ਗਈ ਹੈ।
ਇਸ ਮੌਕੇ ਬੀਬੀ ਮਹਿਤਾ ਨੇ ਦੋਸ਼ ਲਾਇਆ ਕਿ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਇਸ ਮੁੱਦੇ ‘ਤੇ ਚੁੱਪੀ ਸਾਧ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਗੂ ਇੱਕ ਪਾਸੇ ਸੁੱਕੀਆਂ ਨਹਿਰਾਂ ਵਿੱਚ ਪਾਣੀ ਛੱਡਣ ਅਤੇ ਵਾਤਾਵਰਨ ਦੀ ਰਾਖੀ ਸਬੰਧੀ ਕਦਮ ਉੱਠਾਉਣ ਦੇ ਦਾਅਵੇ ਕਰਦੇ ਹਨ ਪਰ ਗੜਸ਼ੰਕਰ ਦੇ ਸ਼ਿਵਾਲਿਕ ਪਹਾੜਾਂ, ਜੰਗਲੀ ਰਕਬੇ ਅਤੇ ਕੰਢੀ ਨਹਿਰ ਦੀ ਖਣਨ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਬਰਬਾਦੀ ਇਨ੍ਹਾਂ ਦਾਅਵਿਆਂ ਦੀ ਫੂਕ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਐਕਟ ਦੀਆਂ ਦਫਾ 4 ਅਤੇ 5 ਦੀਆਂ ਸਜਾਯੋਗ ਧਾਰਾਵਾਂ ਇੱਥੋਂ ਦੇ ਗ਼ਰੀਬ ਲੋਕਾਂ ‘ਤੇ ਹੀ ਲਾਗੂ ਹੁੰਦੀਆਂ ਹਨ ਜਿਹੜੇ ਕਿ ਆਪਣੀ ਘਰੇਲੂ ਲੋੜ ਅਨੁਸਾਰ ਆਪਣੇ ਖੇਤ ਵਿੱਚੋਂ ਦਰੱਖਤ ਨਹੀਂ ਕੱਟ ਸਕਦੇ, ਖੇਤਾਂ ਵਿੱਚ ਕਰਾਹ ਨਹੀਂ ਲਗਾ ਸਕਦੇ ਪਰ ਇਹ ਧਾਰਾਵਾਂ ਖਣਨ ਮਾਫੀਆ ਨੂੰ ਨੱਥ ਪਾਉਣ ‘ਚ ਕੰਮ ਨਹੀਂ ਆ ਰਹੀਆਂ। ਉਨ੍ਹਾਂ ਨਾਜਾਇਜ਼ ਲਾਂਘੇ ਦੇ ਓਵਰਲੋਡ ਟਿੱਪਰਾਂ ਕਰ ਕੇ ਨੰਗਲ-ਗੜਸ਼ੰਕਰ ਸੜਕ ਟੁੱਟਣ ਅਤੇ ਲਿੰਕ ਸੜਕਾਂ ਦੀ ਹੋ ਰਹੀ ਬਰਬਾਦੀ ਦੇ ਖ਼ਿਲਾਫ਼ ਇੱਥੇ ਪੱਕਾ ਮੋਰਚਾ ਲਗਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਕਰੀਬ 35 ਫੁੱਟ ਚੌੜੇ ਨਾਜਾਇਜ਼ ਲਾਂਘੇ ਦੀ ਮਿਣਤੀ ਦੀ ਵੀਡੀਓ ਕੇਂਦਰੀ ਵਾਤਾਵਰਨ ਮੰਤਰਾਲੇ ਨੂੰ ਭੇਜਣਗੇ। ਜੰਗਲਾਤ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਲਾਂਘੇ ਸਬੰਧੀ ਵਿਭਾਗ ਦੇ ਹੇਠਲੇ ਅਧਿਕਾਰੀਆਂ ਵੱਲੋਂ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੁਲੀਸ ਵਿਭਾਗ ਨੂੰ ਕਈ ਵਾਰ ਲਿਖਤੀ ਤੌਰ ‘ਤੇ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਲਾਂਘੇ ਬਾਰੇ ਪੜਤਾਲ ਕਰਾਂਗੇ: ਡੀਐੱਫਓ
ਡੀਐੱਫਓ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਪੜਤਾਲ ਕਰਨਗੇ। ਨਾਜਾਇਜ਼ ਲਾਂਘੇ ਨਾਲ ਜੰਗਲਾਤ ਵਿਭਾਗ ਦੇ ਹੁੰਦੇ ਨੁਕਸਾਨ ਬਾਰੇ ਉਹ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ।