ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਰੂਫ਼ ਚਰਿੱਤਰ ਅਦਾਕਾਰ ਤੇ ਖ਼ਲਨਾਇਕ ਅਜਮਲ

10:24 AM Aug 22, 2020 IST

ਮਨਦੀਪ ਸਿੰਘ ਸਿੱਧੂ

Advertisement

ਸਿਨੇ ਪੰਜਾਬੀ

ਯਾਦਾਂ ਤੇ ਯਾਦਗਾਰਾਂ

Advertisement

ਮੁਹੰਮਦ ਅਜਮਲ ਕਾਦਰੀ ਉਰਫ਼ ਅਜਮਲ ਉਰਫ਼ ਐੱਮ. ਅਜਮਲ ਦੀ ਪੈਦਾਇਸ਼ 17 ਮਈ 1910 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਮੁਹੰਮਦ ਖ਼ਾਨ ਕਾਦਰੀ ਜੋਤਸ਼ੀ ਅਤੇ ਛੋਟਾ ਭਰਾ ਅਕਮਲ ਪਾਕਿਸਤਾਨੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਸੀ।

ਜਦੋਂ ਰੌਸ਼ਨ ਲਾਲ ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ, ਲਾਹੌਰ ਦੇ ਬੈਨਰ ਹੇਠ ਸੇਠ ਦਲਸੁੱਖ ਐੱਮ. ਪੰਚੋਲੀ ਦੇ ਸਾਂਝੇ ਸਹਿਯੋਗ ਨਾਲ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਪੰਜਾਬੀ ਫ਼ਿਲਮ ‘ਸੋਹਣੀ ਮਹੀਂਵਾਲ’ (1939) ਬਣਾਈ ਤਾਂ ਇਸ ਵਿਚ ਅਜਮਲ ਨੂੰ ਨਵੇਂ ਸਹਾਇਕ ਅਦਾਕਾਰ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ’ਚ ਅਜਮਲ ਨੇ ਸੋਹਣੀ ਦੇ ‘ਸ਼ੌਹਰ’ ਦਾ ਕਿਰਦਾਰ ਨਿਭਾਇਆ ਜਦੋਂ ਕਿ ‘ਸੋਹਣੀ’ ਦਾ ਰੋਲ ਅਦਾਕਾਰਾ ਅਲਮਾਸ ਬਾਈ ਤੇ ‘ਮਹੀਂਵਾਲ’ ਦੇ ਕਿਰਦਾਰ ’ਚ ਮਾਸਟਰ ਬਸ਼ੀਰ (ਮਸ਼ਹੂਰ ਕੱਵਾਲ) ਨੇ ਅਦਾ ਕੀਤਾ। ਫ਼ਿਲਮ ਦੇ 18 ਗੀਤ ਤੇ ਮੁਕਾਲਮੇ ਉਸਤਾਦ ਹਮਦਮ ਅਤੇ ਮੌਸੀਕੀ ਜੀ. ਏ. ਚਿਸ਼ਤੀ ਨੇ ਮੁਰੱਤਬਿ ਕੀਤੀ। ਇਹ ਫ਼ਿਲਮ 3 ਮਾਰਚ 1939 ਨੂੰ ਪੈਲੇਸ ਸਿਨਮਾ-ਲਾਹੌਰ, ਰਾਧੂ ਟਾਕੀਜ਼-ਮੁਲਤਾਨ ਅਤੇ ਪਰਲ ਥੀਏਟਰ-ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਪੰਚੋਲੀ ਬੈਨਰ ਦੀ ਹੀ ਬਰਕਤ ਰਾਮ ਮਹਿਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੁਲ ਬਕਾਵਲੀ’ (1939) ’ਚ ਅਜਮਲ ਨੇ ਤਾਜ (ਸਲੀਮ ਰਜ਼ਾ) ਦੇ ਚਾਰ ਭਰਾਵਾਂ ’ਚੋਂ ਇਕ ਦਾ ਪਾਰਟ ਅਦਾ ਕੀਤਾ। ਇਹ ਫ਼ਿਲਮ 12 ਨਵੰਬਰ 1939 ਨੂੰ ਪ੍ਰਭਾਤ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ ਅਤੇ ਸੁਪਰਹਿੱਟ ਫ਼ਿਲਮ ਕਰਾਰ ਪਾਈ। ਦਲਸੁਖ ਐੱਮ. ਪੰਚੋਲੀ ਦੇ ਫ਼ਿਲਮਸਾਜ਼ ਅਦਾਰੇ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਯਮਲਾ ਜੱਟ’ (1940) ਵਿਚ ਉਸਨੇ ‘ਚੰਦੂ’ ਦਾ ਪਾਰਟ ਅਦਾ ਕੀਤਾ ਜਦ ਕਿ ਮਰਕਜ਼ੀ ਕਿਰਦਾਰ ਐੱਸ. ਪਾਲ ਤੇ ਅੰਜਨਾ ਨਿਭਾ ਰਹੇ ਸਨ। ਕਹਾਣੀ, ਗੀਤ ਤੇ ਮੁਕਾਲਮੇ ਵਲੀ ਸਾਹਬ ਅਤੇ ਸੰਗੀਤਕ ਤਰਜ਼ਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ ਨੇ ਤਾਮੀਰ ਕੀਤੀਆਂ ਸਨ। ਫ਼ਿਲਮ ਸ਼ੁੱਕਰਵਾਰ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੀ ਗੁਲ ਜ਼ਮਾਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੁਲ ਬਲੋਚ’ (1945) ’ਚ ਅਜਮਲ ਨੇ ‘ਪ੍ਰਕਾਸ਼’ ਦਾ ਕਿਰਦਾਰ ਨਿਭਾਇਆ। ਫ਼ਿਲਮਸਾਜ਼ ਮੀਆਂ ਮੁਸ਼ਤਾਕ ਅਹਿਮਦ, ਮੁਕਾਲਮੇ ਕੇ. ਸੀ. ਵਰਮਾ, ਗੀਤ ਮੁਹੰਮਦ ਸ਼ਫ਼ੀ ਆਸ਼ਿਕ ‘ਲਾਹੌਰੀ’ ਅਤੇ ਸੰਗੀਤ ਪੰਡਤ ਅਮਰਨਾਥ, ਸ਼ਿਆਮ ਸੁੰਦਰ ਤੇ ਲੱਛੀ ਰਾਮ ਨੇ ਤਿਆਰ ਕੀਤਾ। ਇਹ ਫ਼ਿਲਮ 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਇਸ ਫ਼ਿਲਮ ਦੇ ਗ੍ਰਾਮੋਫੋਨ ਰਿਕਾਰਡ ਜਾਰੀ ਨਹੀਂ ਹੋਏ ਸਨ।

ਫ਼ਿਲਮਸਾਜ਼ ਦਲਸੁਖ ਐੱਮ. ਪੰਚੋਲੀ ਦੇ ਜ਼ਾਤੀ ਬੈਨਰ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ‘ਖ਼ਜ਼ਾਨਚੀ’ (1941) ਵਿਚ ਅਜਮਲ ਨੇ ‘ਰਮੇਸ਼’ ਨਾਮੀਂ ਖ਼ਲ ਕਿਰਦਾਰ ਨਿਭਾਇਆ। ਇਹ ਗੋਲਡਨ ਜੁਬਲੀ ਹਿੱਟ ਫ਼ਿਲਮ 14 ਫਰਵਰੀ 1941 ਨੂੰ ਪੈਲੇਸ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ। ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਹੀ ਸ਼ੌਕਤ ਹੁਸੈਨ ਰਿਜ਼ਵੀ ਨਿਰਦੇਸ਼ਿਤ ਫ਼ਿਲਮ ‘ਖ਼ਾਨਦਾਨ’ (1942) ਵਿਚ ਅਜਮਲ ਨੇ ‘ਇਕਬਾਲ’ ਦਾ ਖ਼ਲ ਪਾਰਟ ਅਦਾ ਕੀਤਾ। ਫ਼ਿਲਮ ’ਚ ਅਜਮਲ ਦਾ ਗੱਲ-ਗੱਲ ’ਤੇ ਬੋੋਲਿਆ ਮੁਕਲਾਮਾ ‘ਇੰਗਲਸਤਾਨ ਮੈਂ ਕਮ ਸੇ ਕਮ ਹਰ ਨੌਜਵਾਨ ਕੋ ਇਜਾਜ਼ਤ ਹੋਤੀ ਹੈ’ ਬੜਾ ਮਸ਼ਹੂਰ ਹੋਇਆ। ਇਹ ਫ਼ਿਲਮ ਪੈਲੇਸ ਸਿਨਮਾ, ਲਾਹੌਰ ਵਿਖੇ 25 ਅਪਰੈਲ 1942 ਨੂੰ ਨੁਮਾਇਸ਼ ਹੋਈ। ਪੰਚੋਲੀ ਆਰਟ ਪਿਕਚਰਜ਼ ਦੀ ਹੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਜ਼ਮੀਂਦਾਰ’ (1942) ’ਚ ਐੱਮ. ਅਜਮਲ ਨੇ ‘ਬੈਨੀ’ ਦਾ ਸੋਹਣਾ ਰੋਲ ਕੀਤਾ ਜਦੋਂ ਕਿ ਮਰਕਜ਼ੀ ਕਿਰਦਾਰ ਐੱਸ. ਡੀ. ਨਾਰੰਗ, ਮਨੋਰਮਾ ਤੇ ਸ਼ਾਂਤਾ ਆਪਟੇ ਅਦਾ ਕਰ ਰਹੇ ਸਨ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਸਈਅਦ ਇਮਤਿਆਜ਼ ਅਲੀ ਤਾਜ, ਗੀਤ ਕਮਰ ਜਲਾਲਾਬਾਦੀ (ਪਹਿਲੀ ਫ਼ਿਲਮ), ਨਾਜ਼ਿਮ ਪਾਣੀਪਤੀ (ਪਹਿਲੀ ਫ਼ਿਲਮ), ਬਹਜ਼ਾਦ ਲਖਨਵੀ, ਡੀ. ਐੱਨ ਮਧੋਕ ਅਤੇ ਸੰਗੀਤਕ ਤਰਜ਼ਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਾਮੀਰ ਕੀਤੀਆਂ। ਇਹ ਫ਼ਿਲਮ 11 ਦਸੰਬਰ 1942 ਨੂੰ ਪੈਲੇਸ ਤੇ ਪਲਾਜ਼ਾ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਪੰਚੋਲੀ ਆਰਟ ਪਿਕਚਰਜ਼ ਦੀ ਹੀ ਵਿਸ਼ਣੂ ਆਰ. ਪੰਚੋਲੀ ਤੇ ਰਵਿੰਦਰ ਨਾਥ ਦਵੇ ਨਿਰਦੇਸ਼ਿਤ ਫ਼ਿਲਮ ‘ਪੂੰਜੀ’ ਉਰਫ਼ ‘ਵੈਲਥ’ (1943) ’ਚ ਵੀ ਅਜਮਲ ਨੇ ਨਕਾਰਾਤਮਕ ਕਿਰਦਾਰ ਅਦਾ ਕੀਤਾ ਜਦੋਂ ਕਿ ਮੁੱਖ ਕਿਰਦਾਰ ਵਿਚ ਰਾਗਿਨੀ ਤੇ ਜਯੰਤ ਮੌਜੂਦ ਸਨ। ਕਹਾਣੀ ਦਲਸੁਖ ਐੱਮ. ਪੰਚੋਲੀ, ਮੁਕਾਲਮੇ ਸਈਅਦ ਇਮਤਿਆਜ਼ ਅਲੀ ਤਾਜ, ਗੀਤ ਡੀ. ਐੱਨ. ਮਧੋਕ, ਸ਼ੌਕਤ ਥਾਨਵੀ, ਬਹਜ਼ਾਦ ਲਖਨਵੀ ਨੇ ਤਹਿਰੀਰ ਕੀਤੇ ਅਤੇ ਸੰਗੀਤਕਾਰ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਸਨ। ਐੱਨ. ਆਈ ਸਟੂਡੀਓ, ਲਾਹੌਰ ਦੀ ਬਰਕਤ ਮਹਿਰਾ ਨਿਰਦੇਸ਼ਿਤ ਫ਼ਿਲਮ ‘ਪੰਛੀ’ (1944) ਵਿਚ ਅਜਮਲ ਨੇ ‘ਰਾਜ ਬਾਬੂ’ ਦਾ ਕਿਰਦਾਰ, ਜਿਸਦੇ ਰੂਬਰੂ ਅਦਾਕਾਰਾ ਮਨੋਰਮਾ ‘ਊਸ਼ਾ’ ਦਾ ਰੋਲ ਕਰ ਰਹੀ ਸੀ, ਜਦੋਂ ਕਿ ਦੂਜੇ ਹੀਰੋ ਵਜੋਂ ਹਰੀ ਸ਼ਿਵਦਾਸਾਨੀ (ਜਨਕ ਬਾਬੂ) ਮੌਜੂਦ ਸਨ। ਮੁਕਾਲਮੇ ਇਹਸਾਨ ਅਲੀ ਸ਼ਾਹ (ਬੀ. ਏ.), ਗੀਤ ਅਖ਼ਤਰ ਚੁਗਤਾਈ, ਮਨੋਹਰ ਸਿੰਘ ਸਹਿਰਾਈ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਰਤੀਬ ਕੀਤਾ। ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਹੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਕੈਸੇ ਕਹੂੰ’ (1945) ’ਚ ਅਜਮਲ ਨੇ ਖ਼ਲ ਭੂਮਿਕਾ ਨਿਭਾਈ ਜਦੋਂ ਕਿ ਮਰਕਜ਼ੀ ਕਿਰਦਾਰ ਰਾਗਿਨੀ ਤੇ ਨਜਮੁਲ ਹਸਨ ਨਿਭਾ ਰਹੇ ਸਨ। ਇਹ ਫ਼ਿਲਮ 14 ਨਵੰਬਰ 1945 ਨੂੰ ਪੈਲੇਸ ਥੀਏਟਰ, ਲਾਹੌਰ ਤੇ ਇੰਪੀਰੀਅਲ ਸਿਨਮਾ, ਬੰਬੇ ਵਿਖੇ ਰਿਲੀਜ਼ ਹੋਈ। ਪੰਚੋਲੀ ਬੈਨਰ ਦੀ ਹੀ ਰਵਿੰਦਰ ਆਰ. ਦਵੇ ਨਿਰਦੇਸ਼ਿਤ ਪਹਿਲੀ ਜਸੂਸੀ ਫ਼ਿਲਮ ‘ਧਮਕੀ’ (1945) ’ਚ ਅਜਮਲ ਨੇ ‘ਰਣਬੀਰ’ ਨਾਮੀ ਖ਼ਲ ਪਾਰਟ ਨਿਭਾਇਆ। ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਫ਼ਿਲਮਸਾਜ਼ ਸਈਅਦ ਇਮਤਿਆਜ਼ ਅਲੀ ਤਾਜ ਸਨ। ਗੀਤ ਡੀ. ਐੱਨ. ਮਧੋਕ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਿਆਰ ਕੀਤਾ। ਗੰਗਾ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਆਈ ਬਹਾਰ’ (1946) ’ਚ ਉਸਨੇ ਚਰਿੱਤਰ ਕਿਰਦਾਰ ਅਦਾ ਕੀਤਾ।

ਫ਼ਿਲਮਸਾਜ਼ ਦਲਸੁਖ ਐੱਮ ਪੰਚੋਲੀ ਦੀ ਪ੍ਰਧਾਨ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ ਨਿਰਦੇਸ਼ਿਤ ਫ਼ਿਲਮ ‘ਸ਼ਹਿਰ ਸੇ ਦੂਰ’ (1946) ’ਚ ਅਜਮਲ ਨੇ ਖ਼ਲ ਕਿਰਦਾਰ ਨਿਭਾਇਆ। ਫ਼ਿਲਮ ਦੀ ਮੁੱਖ ਭੂਮਿਕਾ ’ਚ ਮੀਨਾ ਸ਼ੋਰੀ, ਜਿਸ ਦੇ ਸਨਮੁਖ ਨਵਾਂ ਹੀਰੋ ਰਜ਼ਾ ਮੀਰ ਮੌਜੂਦ ਸੀ। ਕਹਾਣੀ ਤੇ ਮੁਕਾਲਮੇ ਸਈਅਦ ਇਮਤਿਆਜ਼ ਅਲੀ ਤਾਜ, ਗੀਤ ਦੀਨਾ ਨਾਥ ਮਧੋਕ ਅਤੇ ਤਰਜ਼ਾਂ ਪੰਡਤ ਅਮਰਨਾਥ ਨੇ ਬਣਾਈਆਂ।

ਜੀਵਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਆਰਸੀ’ (1947) ਵਿਚ ਅਜਮਲ ਨੇ ‘ਡਾ. ਲਾਲ’ ਦਾ ਕਿਰਦਾਰ ਨਿਭਾਇਆ ਜਦੋਂ ਕਿ ਟਾਈਟਲ ਰੋਲ ਵਿਚ ਮੀਨਾ ਸ਼ੋਰੀ ਅਤੇ ਅਲ ਨਾਸਿਰ ‘ਰਮੇਸ਼’ ਦਾ ਪਾਰਟ ਅਦਾ ਕਰ ਰਿਹਾ ਸੀ। ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਏਕ ਰੋਜ਼’ (1947) ’ਚ ਸਹਾਇਕ ਵਜੋਂ ਅਜਮਲ ਤੇ ਆਸ਼ਾ ਪੌਸਲੇ ਜੌੜੀਦਾਰ ਸਨ। ਕਹਾਣੀ ਏ. ਰਹੀਮ, ਮੁਕਾਲਮੇ ਸ਼ਾਤਿਰ ਗਜ਼ਨਵੀ, ਮੰਜ਼ਰਨਾਮਾ ਖ਼ਾਦਿਮ ਮੋਹੀਓਦੀਨ, ਗੀਤ ਸਰਸ਼ਾਰ ਸੈਲਾਨੀ ਅਤੇ ਸੰਗੀਤ ਸ਼ਿਆਮ ਸੁੰਦਰ ਨੇ ਤਾਮੀਰ ਕੀਤਾ। ਚਿੱਤਰਕਲਾ ਮੰਦਿਰ ਲਿਮਟਿਡ ਪ੍ਰੋਡਕਸ਼ਨਜ਼, ਲਾਹੌਰ ਦੀ ਸਮਰ ਘੋਸ਼ ਨਿਰਦੇਸ਼ਿਤ ਫ਼ਿਲਮ ‘ਰੂਪ ਰੇਖਾ’ (1948) ’ਚ ਫ਼ਿਲਮ ਵਿਚ ਇਕ ਵਾਰ ਫਿਰ ਅਜਮਲ ਤੇ ਆਸ਼ਾ ਪੌਸਲੇ ਦੀ ਜੋੜੀ ਸੀ ਜਦੋਂਕਿ ਮੁੱਖ ਭੂਮਿਕਾਵਾਂ ਵਿਚ ਅਦਾਕਾਰ ਰੀਹਾਨ ਤੇ ਵੀਨਾ ਕੋਹਲੀ ਸਨ। ਕਹਾਣੀ, ਮੰਜ਼ਰਨਾਮਾ ਪਦਮ ਮਹੇਸ਼ਵਰੀ, ਮੁਕਾਲਮੇ ਪ੍ਰੀਤਮ ਜ਼ਿਆਈ ਅਤੇ ਸੰਗੀਤਕ ਧੁੰਨਾਂ ਪੰਡਿਤ ਅਮਰਨਾਥ (ਮਰਹੂਮ) ਨੇ ਬਣਾਈਆਂ।

ਕਵਾਤੜਾ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਬੀ. ਕੇ. ਸਾਗਰ ਨਿਰਦੇਸ਼ਿਤ ਫ਼ਿਲਮ ‘ਏਕ ਤੇਰੀ ਨਿਸ਼ਾਨੀ’ (1949) ਜੋ ਵੰਡ ਤੋਂ ਪਹਿਲਾਂ ਲਾਹੌਰ ਵਿਚ ਸ਼ੁਰੂ ਹੋਈ ਤੇ ਵੰਡ ਤੋਂ ਬਾਅਦ ਬੰਬੇ ਵਿਚ ਮੁਕੰਮਲ ਹੋਈ ਸੀ। ਇਸ ਫ਼ਿਲਮ ਵਿਚ ਅਜਮਲ ਨੇ ਅਹਿਮ ਕਿਰਦਾਰ ਨਿਭਾਇਆ ਜਦੋਂ ਕਿ ਮਰਕਜ਼ੀ ਕਿਰਦਾਰ ਵਿਚ ਮੀਨਾ ਸ਼ੋਰੀ ਤੇ ਤਿਰਲੋਕ ਕਪੂਰ ਸਨ। ਕਹਾਣੀ ਗਿਆਨ ਸਿੰਘ, ਮੰਜ਼ਰਨਾਮਾ ਤੇ ਮੁਕਾਲਮੇ ਆਈ. ਐੱਸ. ਜੌਹਰ ਤੇ ਰਾਮਾਨੰਦ ਸਾਗਰ, ਗੀਤ ਸਰਸ਼ਾਰ ਸੈਲਾਨੀ ਤੇ ਏ. ਸ਼ਾਹ ਆਜਿਜ਼ (ਇਕ ਗੀਤ) ਅਤੇ ਮੌਸੀਕੀ ਪੰਡਤ ਅਮਰਨਾਥ (ਮਰਹੂਮ) ਅਤੇ ਸਰਦੂਲ ਕਵਾਤੜਾ ਨੇ ਮੁਰੱਤਬਿ ਕੀਤੀ। ਇਹ ਅਜਮਲ ਦੀ ਆਖ਼ਰੀ ਭਾਰਤੀ ਫ਼ਿਲਮ ਸੀ।

ਮੁਹੰਮਦ ਅਜਮਲ ਨੇ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਵਿਚ 4 ਪੰਜਾਬੀ ਤੇ 13 ਹਿੰਦੀ ਫ਼ਿਲਮਾਂ ਅਤੇ ਪਾਕਿਸਤਾਨ ਵਿਚ 120 ਪੰਜਾਬੀ, 72 ਉਰਦੂ, ਇਕ ਪਸ਼ਤੋ ਫ਼ਿਲਮ ਵਿਚ ਸ਼ਾਨਾਦਾਰ ਖ਼ਲ ਤੇ ਚਰਿੱਤਰ ਕਿਰਦਾਰ ਨਿਭਾਏ। ਪਾਕਿਸਤਾਨ ਵਿਚ ਅਜਮਲ ਦੀ ਪਹਿਲੀ ਉਰਦੂ ਫ਼ਿਲਮ ‘ਹਿਚਕੋਲੇ’ (1949) ਤੇ ਪਹਿਲੀ ਪੰਜਾਬੀ ਫ਼ਿਲਮ ‘ਸ਼ੱਮੀ’ (1950) ਸੀ। ਉਸਨੇ ਹਿਦਾਇਤਕਾਰ ਮਸੂਦ ਪਰਵੇਜ਼ ‘ਅੰਮ੍ਰਿਤਸਰੀ’ ਦੀ ਰੁਮਾਨੀ ਪੰਜਾਬੀ ਫ਼ਿਲਮ ‘ਹੀਰ ਰਾਂਝਾ’ (1970) ਵਿਚ ‘ਕੈਦੋਂ’ ਦਾ ਜੋ ਕਿਰਦਾਰ ਅਦਾ ਕੀਤਾ। ਉਹ ਉਨ੍ਹਾਂ ਦੀ ਫ਼ਨੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਕਿਰਦਾਰ ਸੀ।

ਭਾਰਤ-ਪਾਕਿ ਫ਼ਿਲਮਾਂ ਦਾ ਇਹ ਅਜ਼ੀਮ ਅਦਾਕਾਰ 19 ਜੂਨ 1988 ਨੂੰ 78 ਸਾਲ ਦੀ ਉਮਰ ਵਿਚ ਇੰਤਕਾਲ ਹੋ ਗਿਆ। ਅਜਮਲ ਦੀ ਆਖ਼ਰੀ ਪੰਜਾਬੀ ਫ਼ਿਲਮ ‘ਬਾਬੁਲ’ (1990) ਸੀ ਜੋ ਉਨ੍ਹਾਂ ਦੀ ਮੌਤ ਦੇ ਦੋ ਸਾਲ ਬਾਅਦ ਰਿਲੀਜ਼ ਹੋਈ।

ਸੰਪਰਕ : 97805-09545

Advertisement
Tags :
ਅਜਮਲਅਦਾਕਾਰਖ਼ਲਨਾਇਕਚਰਿੱਤਰਮਾਰੂਫ਼