Lok Sabha nod to bill on immigration, foreigners: ਲੋਕ ਸਭਾ ਵਿੱਚ ਇਮੀਗਰੇਸ਼ਨ ਬਿੱਲ ਪਾਸ
ਨਵੀਂ ਦਿੱਲੀ, 27 ਮਾਰਚ
ਲੋਕ ਸਭਾ ਵਿੱਚ ਅੱਜ ਪਰਵਾਸ ਤੇ ਵਿਦੇਸ਼ੀ ਨਾਗਰਿਕ ਬਿੱਲ-2025 (ਇਮੀਗਰੇਸ਼ਨ ਐਂਡ ਫੌਰਨਰਜ਼ ਬਿੱਲ, 2025) ਪਾਸ ਹੋ ਗਿਆ। ਬਿੱਲ ’ਤੇ ਚਰਚਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰੋਹਿੰਗਿਆ ਹੋਣ ਜਾਂ ਬੰਗਲਾਦੇਸ਼ੀ, ਜੇ ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਮਾਨਸਿਕਤਾ ਨਾਲ ਆਉਂਦੇ ਹਨ ਤਾਂ ਉਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਮੋਦੀ ਸਰਕਾਰ ਸਿਰਫ ਉਨ੍ਹਾਂ ਨੂੰ ਭਾਰਤ ਆਉਣ ਤੋਂ ਰੋਕੇਗੀ ਜਿਹੜੇ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਇਹ ਦੇਸ਼ ਕੋਈ ਧਰਮਸ਼ਾਲਾ ਨਹੀਂ ਹੈ, ਭਾਰਤ ਵਿਚ ਆਉਣ ਵਾਲੇ ਸਾਰੇ ਵਿਦੇਸ਼ੀਆਂ ਦੀ ਜਾਣਕਾਰੀ ਰੱਖੀ ਜਾਵੇਗੀ। ਇਹ ਦੇਖਿਆ ਜਾਵੇਗਾ ਕਿ ਉਹ ਕਿਹੜੇ ਰਸਤੇ ਆ ਰਹੇ ਹਨ, ਕਿੱਥੇ ਰੁਕ ਰਹੇ ਹਨ ਤੇ ਇੱਥੇ ਆਉਣ ਦਾ ਉਨ੍ਹਾਂ ਦਾ ਮਕਸਦ ਕੀ ਹੈ। ਜ਼ਿਕਰਯੋਗ ਹੈ ਕਿ ਪਰਵਾਸ ਤੇ ਵਿਦੇਸ਼ੀਆਂ ਨਾਲ ਸਬੰਧਤ ਵੱਖ ਵੱਖ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਬਿੱਲ 11 ਮਾਰਚ ਨੂੰ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਦੇਸ਼ ’ਚ ਵਿਦੇਸ਼ੀਆਂ ਦੀ ਆਮਦ, ਨਿਕਾਸੀ ਤੇ ਠਹਿਰਾਅ ਬਾਰੇ ਮੱਦਾਂ ਸ਼ਾਮਲ ਹਨ। ਵਿਰੋਧੀ ਧਿਰ ਨੇ ਇਸ ਬਿੱਲ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ ਹੈ।
ਇਸ ਤੋਂ ਪਹਿਲਾਂ ਬਿੱਲ ਦਾ ਮੁੱਢਲੇ ਪੜਾਅ ’ਤੇ ਵਿਰੋਧ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਇਹ ਬਿੱਲ ਸੰਵਿਧਾਨ ਦੀਆਂ ਕਈ ਮੱਦਾਂ ਤੇ ਵੱਖ ਵੱਖ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਬੁਨਿਆਦੀ ਅਧਿਕਾਰਾਂ ਦੇ ਸਿਧਾਂਤ ਦੀ ਉਲੰਘਣਾ ਕਰਦਾ ਹੈ ਅਤੇ ਸਰਕਾਰ ਤਜਵੀਜ਼ ਕੀਤੇ ਕਾਨੂੰਨ ਦੀਆਂ ਮੱਦਾਂ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਦਾਖਲੇ ਤੋਂ ਵਾਂਝਾ ਕਰਨ ਲਈ ਕਰ ਸਕਦੀ ਹੈ ਜੋ ਮੌਜੂਦਾ ਸਮੇਂ ਹਾਕਮ ਧਿਰ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ। ਟੀਐੱਮਸੀ ਆਗੂ ਸੌਗਾਤਾ ਰਾਏ ਨੇ ਕਿਹਾ ਸੀ ਕਿ ਇਹ ਬਿੱਲ ਵੱਖ ਵੱਖ ਖੇਤਰਾਂ ਵਿੱਚ ਬਾਹਰ ਦੇ ਹੁਨਰਮੰਦ ਲੋਕਾਂ ਦੀ ਆਮਦ ਨੂੰ ਰੋਕ ਸਕਦਾ ਹੈ। -ਪੀਟੀਆਈ