ਜ਼ਮੀਨੀ ਵਿਵਾਦ: ਕੁੱਟਮਾਰ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਰਤੀਆ, 5 ਅਪਰੈਲ
ਪਿੰਡ ਅਲਾਵਲਵਾਸ ਵਿੱਚ ਟਿਊਬਵੈੱਲ ਦੇ ਬੋਰ ਨੂੰ ਲੈ ਕੇ ਭਰਾਵਾਂ ਵਿਚ ਹੋਏ ਵਿਵਾਦ ਕਾਰਨ ਕੁੱਟਮਾਰ ਕਰਨ ਅਤੇ ਪਿਸਤੌਲ ਦਿਖਾ ਕੇ ਧਮਕੀ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਨਾਮਜ਼ਦ ਨੌਜਵਾਨ ਸਣੇ 5 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਉਕਤ ਮਾਮਲਾ ਜ਼ਖ਼ਮੀ ਹੋਏ ਪਿੰਡ ਦੇ ਨਿਹਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਭਤੀਜੇ ਰਵੀ ਕੁਮਾਰ ਤੋਂ ਇਲਾਵਾ 4 ਹੋਰ ਅਣਪਛਾਤਿਆਂ ਖਿਲਾਫ਼ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਿੰਡ ਵਿਚ ਭਰਾਵਾਂ ਨਾਲ ਸਾਂਝੀ ਜ਼ਮੀਨ ਹੈ ਅਤੇ ਸਾਰੇ ਭਰਾ ਆਪਣੇ ਆਪਣੇ ਹਿੱਸੇ ਵਿਚ ਆਈ ਜ਼ਮੀਨ ’ਤੇ ਖੇਤੀ ਕਰਦੇ ਹਨ। ਉਸ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਆਪਣੀ ਜ਼ਮੀਨ ’ਤੇ ਟਿਊਬਵੈੱਲ ਲਗਾ ਰਿਹਾ ਸੀ ਤਾਂ ਉਸੇ ਦਿਨ ਹੀ ਉਸ ਦੇ ਭਰਾ ਸੁਭਾਸ਼ ਨੇ ਟਿਊਬਵੈੱਲ ਲਗਾਉਣ ’ਤੇ ਇਤਰਾਜ਼ ਕੀਤਾ ਤੇ ਉਸ ਨਾਲ ਝਗੜਾ ਕਰਨ ਲੱਗਾ। ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲੀਸ ਨੇ ਉਸ ਨੂੰ ਸਮਝਾ ਕੇ ਭੇਜ ਦਿੱਤਾ।
ਉਸ ਨੇ ਦੱਸਿਆ ਕਿ ਉਸੇ ਦਿਨ ਉਹ ਆਪਣੇ ਲੜਕੇ ਵਿਨੋਦ ਨਾਲ ਗੱਡੀ ’ਚ ਜਾ ਰਿਹਾ ਸੀ ਤਾਂ ਉਸ ਦੇ ਭਰਾ ਦੇ ਲੜਕੇ ਰਵੀ ਨੇ ਅੱਗੇ ਗੱਡੀ ਨਾਲ ਕੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਰਵੀ ਨਾਲ 4 ਲੜਕੇ ਹੋਰ ਵੀ ਸਨ, ਜਿਨ੍ਹਾਂ ਨੇ ਡੰਡਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਭੱਜ ਗਏ। ਪੁਲੀਸ ਨੇ ਨਾਮਜ਼ਦ ਅਤੇ ਅਣਪਛਾਤੇ ਨੌਜਵਾਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।