ਵਿਕਾਸ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਸੈਕਟਰ-71 ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਂਦੇ ਹੋਏ ਆਪ ਵਾਲੰਟੀਅਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੇ ਵਾਰਡ ਵਿੱਚ 49.3 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕਾਰਗਿੱਲ ਪਾਰਕ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ। ਪਾਰਕ ਵਿੱਚ ਫੁੱਟਪਾਥ ਦੀ ਮੁਰੰਮਤ, ਕੱਚੇ ਟਰੈਕ ਨੂੰ ਪੱਕਾ ਕਰਨਾ, ਟਾਈਲਾਂ ਦੀ ਮੁਰੰਮਤ ਅਤੇ ਪਾਰਕ ਵਿੱਚ ਯੋਗਾ ਸ਼ੈੱਡ ਬਣਾਇਆ ਜਾਵੇਗਾ। ਉਦਘਾਟਨ ਮੌਕੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੱਲੋਂ ਲੱਡੂ ਵੀ ਵੰਡੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਾਰੇ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕੀਤੇ ਜਾਣਗੇ ਅਤੇ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰਗਿੱਲ ਪਾਰਕ ਵਿੱਚ ਬੰਦ ਪਏ ਫੁਹਾਰਿਆਂ ਦੀ ਰਿਪੇਅਰ ਕਰ ਕੇ ਜਲਦੀ ਚਲਾਇਆ ਜਾਵੇਗਾ ਅਤੇ ਘਾਹ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਾਰਕ ਵਿਚਲੀ ਲਾਇਬਰੇਰੀ ਵਿੱਚ 14.88 ਲੱਖ ਰੁਪਏ ਦਾ ਨਵਾਂ ਫ਼ਰਨੀਚਰ ਖ਼ਰੀਦਿਆਂ ਗਿਆ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਤੌਰ ਮੇਅਰ ਕਾਰਜਕਾਲ ਦੌਰਾਨ ਸ਼ਹੀਦ ਆਰਮੀ ਫੌਜੀ ਜਵਾਨਾਂ ਦੀ ਯਾਦ ਵਿੱਚ ਕਾਰਗਿੱਲ ਪਾਰਕ ਵਿੱਚ ਲਾਇਬਰੇਰੀ ਮਨਜ਼ੂਰ ਕੀਤੀ ਗਈ ਸੀ, ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਇਹ ਕੰਮ ਠੰਢੇ ਬਸਤੇ ਵਿੱਚ ਪਿਆ ਸੀ। ਜਿਸ ਨੂੰ ਅੱਜ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ‘ਆਪ’ ਦੇ ਯੂਥ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਕੌਂਸਲਰ ਗੁਰਮੀਤ ਕੌਰ, ਹਰਬਿੰਦਰ ਸਿੰਘ ਸੈਣੀ, ਹਰਮੇਸ਼ ਸਿੰਘ ਕੁੰਭੜਾ, ਬਚਨ ਸਿੰਘ ਬੋਪਾਰਾਏ ਮੌਜੂਦ ਸਨ।